ਬੁਨਿਆਦੀ ਫਰਜ਼ਾਂ ਦੀ ਪਾਲਣਾ ਪਹਿਲੀ ਤਰਜੀਹ ਹੋਵੇ: ਮੋਦੀ

ਬੁਨਿਆਦੀ ਫਰਜ਼ਾਂ ਦੀ ਪਾਲਣਾ ਪਹਿਲੀ ਤਰਜੀਹ ਹੋਵੇ: ਮੋਦੀ

ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਉਚਾਈ ’ਤੇ ਲਿਜਾਣ ਲਈ ਸਾਂਝੇ ਯਤਨਾਂ ਦੀ ਲੋੜ ’ਤੇ ਦਿੱਤਾ ਜ਼ੋਰ
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਜਦੋਂ ਦੇਸ਼ ਆਪਣੀ ਆਜ਼ਾਦੀ ਦੀ ਸ਼ਤਾਬਦੀ ਵੱਲ ਵਧ ਰਿਹਾ ਹੈ ਤਾਂ ਇਸ ਨੂੰ ਹੋੋਰ ਉਚਾਈ ਵੱਲ ਲਿਜਾਣ ਲਈ ਬੁਨਿਆਦੀ ਫਰਜ਼ਾਂ ਦਾ ਪਾਲਣ ਕਰਨਾ ਨਾਗਰਿਕਾਂ ਦੀ ਤਰਜੀਹ ਹੋਣੀ ਚਾਹੀਦੀ ਹੈ। ਸੁਪਰੀਮ ਕੋਰਟ ’ਚ ਸੰਵਿਧਾਨ ਦਿਵਸ ਸਬੰਧੀ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਰੀ ਦੁਨੀਆ ਭਾਰਤ ਵੱਲ ਦੇਖ ਰਹੀ ਹੈ ਜੋ ਤੇਜ਼ੀ ਨਾਲ ਵਿਕਾਸ ਤੇ ਆਰਥਿਕ ਤਰੱਕੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਅਗਲੇ ਹਫ਼ਤੇ ਜੀ-20 ਦੀ ਪ੍ਰਧਾਨਗੀ ਹਾਸਲ ਕਰਨ ਵਾਲਾ ਹੈ ਅਤੇ ਇਹ ਭਾਰਤ ਲਈ ਦੁਨੀਆ ਸਾਹਮਣੇ ਆਪਣਾ ਯੋਗਦਾਨ ਪੇਸ਼ ਕਰਨ ਦਾ ਵੱਡਾ ਮੌਕਾ ਹੈ।
ਮੋਦੀ ਨੇ ਕਿਹਾ, ‘ਟੀਮ ਇੰਡੀਆ ਦੇ ਰੂਪ ’ਚ ਸਾਨੂੰ ਆਲਮੀ ਮੰਚ ’ਤੇ ਭਾਰਤ ਦਾ ਮਾਣ ਵਧਾਉਣ ਦੀ ਦਿਸ਼ਾ ਵੱਲ ਕੰਮ ਕਰਨਾ ਚਾਹੀਦਾ ਹੈ ਅਤੇ ਦੁਨੀਆ ਸਾਹਮਣੇ ਦੇਸ਼ ਦੇ ਯੋਗਦਾਨ ਨੂੰ ਉਭਾਰਨਾ ਚਾਹੀਦਾ ਹੈ। ਇਹ ਸਾਡੀ ਸਾਂਝੀ ਜ਼ਿੰਮੇਵਾਰੀ ਹੈ।’ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਲੋਕਤੰਤਰ ਦੀ ਮਾਂ ਦੇ ਰੂਪ ’ਚ ਦੇਸ਼ ਆਪਣੇ ਪ੍ਰਾਚੀਨ ਆਦਰਸ਼ਾਂ ਤੇ ਸੰਵਿਧਾਨ ਦੀ ਭਾਵਨਾ ਨੂੰ ਮਜ਼ਬੂਤ ਕਰ ਰਿਹਾ ਹੈ ਤੇ ਲੋਕ ਭਲਾਈ ਦੀਆਂ ਨੀਤੀਆਂ ਦੇਸ਼ ਦੇ ਗਰੀਬਾਂ ਤੇ ਮਹਿਲਾਵਾਂ ਨੂੰ ਮਜ਼ਬੂਤ ਬਣਾ ਰਹੀਆਂ ਹਨ। ਮੋਦੀ ਨੇ ਕਿਹਾ, ‘ਸੰਵਿਧਾਨ ਦੀ ਪ੍ਰਸਤਾਵਨਾ ਦੇ ਪਹਿਲੇ ਤਿੰਨ ਸ਼ਬਦ ‘ਵੀ ਦਿ ਪੀਪਲ’, ਇੱਕ ਸੱਦਾ, ਵਿਸ਼ਵਾਸ ਤੇ ਸਹੁੰ ਹਨ। ਸੰਵਿਧਾਨ ਦੀ ਇਹ ਭਾਵਨਾ ਭਾਰਤ ਦੀ ਆਤਮਾ ਹੈ ਜੋ ਦੁਨੀਆ ’ਚ ਲੋਕਤੰਤਰ ਦੀ ਮਾਂ ਹੈ। ਆਧੁਨਿਕ ਸਮੇਂ ’ਚ ਸੰਵਿਧਾਨ ਨੇ ਦੇਸ਼ ਦੀਆਂ ਸਾਰੀਆਂ ਸੱਭਿਆਚਾਰਕ ਤੇ ਨੈਤਿਕ ਭਾਵਨਾਵਾਂ ਨੂੰ ਪ੍ਰਣਾਇਆ ਹੋਇਆ ਹੈ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਆਪਣੀ ਸਥਿਰਤਾ ਨੂੰ ਲੈ ਕੇ ਸ਼ੁਰੂਆਤੀ ਖਦਸ਼ਿਆਂ ਨੂੰ ਦਰਕਿਨਾਰ ਕਰਦਿਆਂ ਪੂਰੀ ਤਾਕਤ ਨਾਲ ਅੱਗੇ ਵਧ ਰਿਹਾ ਹੈ ਅਤੇ ਆਪਣੀ ਵੰਨ-ਸੁਵੰਨਤਾ ’ਤੇ ਮਾਣ ਕਰ ਰਿਹਾ ਹੈ। ਮੋਦੀ ਨੇ ਮਹਾਤਮਾ ਗਾਂਧੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਬੁਨਿਆਦੀ ਹੱਕ ਉਹ ਜ਼ਿੰਮੇਵਾਰੀਆਂ ਹਨ ਜਿਨ੍ਹਾਂ ਨੂੰ ਨਾਗਰਿਕਾਂ ਨੂੰ ਬਹੁਤ ਹੀ ਸਮਰਪਣ ਤੇ ਸੱਚੀ ਇਮਾਨਦਾਰੀ ਨਾਲ ਪੂਰਾ ਕਰਨਾ ਚਾਹੀਦਾ ਹੈ। ਉਨ੍ਹਾਂ ਅੰਮ੍ਰਿਤ ਕਾਲ ਮਤਲਬ ਇੱਕ ਵਿਕਸਤ ਮੁਲਕ ਵਜੋਂ ਉੱਭਰਨ ਲਈ ਅਗਲੇ 25 ਸਾਲਾਂ ਦੀ ਯਾਤਰਾ ਨੂੰ ‘ਕਰਤੱਵ ਕਾਲ’ ਤੇ ਬੁਨਿਆਦੀ ਫਰਜ਼ਾਂ ਨੂੰ ਪੂਰਾ ਕਰਨ ਦਾ ਯੁਗ ਕਰਾਰ ਦਿੱਤਾ। ਉਨ੍ਹਾਂ ਬਰਾਬਰੀ ਤੇ ਸ਼ਕਤੀਕਰਨ ਜਿਹੇ ਵਿਸ਼ਿਆਂ ਦੀ ਬਿਹਤਰ ਸਮਝ ਲਈ ਨੌਜਵਾਨਾਂ ’ਚ ਸੰਵਿਧਾਨ ਬਾਰੇ ਜਾਗਰੂਕਤਾ ਵਧਾਉਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ 2008 ’ਚ ਹੋਏ 26/11 ਦੇ ਮੁੰਬਈ ਅਤਿਵਾਦੀ ਹਮਲੇ ’ਚ ਮਾਰੇ ਗਏ ਲੋਕਾਂ ਨੂੰ ਵੀ ਯਾਦ ਕੀਤਾ।