ਵਿਦਿਆਰਥੀ ਜਥੇਬੰਦੀ ਤੇ ਭਾਰਤ ਨੌਜਵਾਨ ਸਭਾ ਵੱਲੋਂ ਸੰਸਦ ਤੱਕ ਮਾਰਚ

ਵਿਦਿਆਰਥੀ ਜਥੇਬੰਦੀ ਤੇ ਭਾਰਤ ਨੌਜਵਾਨ ਸਭਾ ਵੱਲੋਂ ਸੰਸਦ ਤੱਕ ਮਾਰਚ

ਨਵੀਂ ਦਿੱਲੀ- ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ (ਏਆਈਐੱਸਐੱਫ) ਅਤੇ ਸਰਬ ਭਾਰਤ ਨੌਜਵਾਨ ਸਭਾ (ਏਆਈਵਾਈਐੱਫ) ਵੱਲੋਂ ਅੱਜ ਭਗਤ ਸਿੰਘ ਨੈਸ਼ਨਲ ਐਂਪਲਾਇਮੈਂਟ ਗਾਰੰਟੀ ਐਕਟ ਨੂੰ ਸੰਸਦ ਵਿੱਚ ਪਾਸ ਕਰਵਾਉਣ ਅਤੇ ਸਿੱਖਿਆ ਲਾਜ਼ਮੀ ਤੇ ਮੁਫ਼ਤ ਕਰਨ ਦੀ ਮੰਗ ਲਈ ਸੰਸਦ ਵੱਲ ਮਾਰਚ ਕੀਤਾ ਗਿਆ। ਇਸ ਮਾਰਚ ਦੀ ਅਗਵਾਈ ਦੋਵਾਂ ਜਥੇਬੰਦੀਆਂ ਦੇ ਕੌਮੀ ਆਗੂਆਂ ਵਿੱਕੀ ਮਹੇਸ਼ਰੀ, ਸ਼ੁਭਮ ਬੈਨਰਜੀ, ਆਰ ਥਿਰਮਲਾਈ ਤੇ ਸੁਖਜਿੰਦਰ ਮਹੇਸ਼ਰੀ ਵੱਲੋਂ ਕੀਤੀ ਗਈ। ਸੰਸਦ ਮਾਰਚ ਤੋਂ ਬਾਅਦ ਜੰਤਰ-ਮੰਤਰ ਵਿੱਚ ਕੀਤੀ ਗਈ ਸਭਾ ਨੂੰ ਸੀਪੀਆਈ ਦੇ ਜਨਰਲ ਸਕੱਤਰ ਕਾਮਰੇਡ ਡੀ ਰਾਜਾ ਅਤੇ ਸੀਪੀਆਈ ਦੇ ਰਾਜ ਸਭਾ ਮੈਂਬਰ ਕਾਮਰੇਡ ਬਿਨੋਏ ਵਿਸ਼ਵਮ ਨੇ ਵੀ ਸੰਬੋਧਨ ਕੀਤਾ। ਆਗੂਆਂ ਨੇ ਦੱਸਿਆ ਕਿ ਪਹਿਲਾਂ ਦਿੱਲੀ ਪੁਲੀਸ ਵੱਲੋਂ ਸੰਸਦ ਮਾਰਚ ਕਰਨ ਲਈ ਰਾਤ ਤੱਕ ਮਨਜ਼ੂਰੀ ਨਹੀਂ ਦਿੱਤੀ ਗਈ ਸੀ ਪਰ ਜਦੋਂ ਉਨ੍ਹਾਂ ਵੱਲੋਂ ਮਿੱਥੇ ਪ੍ਰੋਗਰਾਮ ਨੂੰ ਹਰ ਹਾਲ ਵਿੱਚ ਕਰਨ ਦੀ ਗੱਲ ਕੀਤੀ ਗਈ ਤਾਂ ਅੱਜ ਸਵੇਰੇ ਸੰਸਦ ਮਾਰਚ ਕਰਨ ਦੀ ਮਨਜ਼ੂਰੀ ਦਿੱਤੀ ਗਈ। ਇਸ ਦੇ ਬਾਵਜੂਦ ਪੁਲੀਸ ਵੱਲੋਂ ਕਈ ਰੋਕਾਂ ਲਗਾਈਆਂ ਗਈਆਂ ਪਰ ਦੇਸ਼ ਭਰ ਤੋਂ ਪੁੱਜੇ ਵਿਦਿਆਰਥੀਆਂ ਅਤੇ ਨੌਜਵਾਨਾਂ ਨੇ ਸ਼ਾਤੀਪੂਰਵਕ ਮਾਰਚ ਕਰ ਕੇ ਹੀ ਦਮ ਲਿਆ।