ਗੁਰੂ ਗ੍ਰੰਥ ਸਾਹਿਬ ਬਾਗ ਤੇ ਗੁਰੂ ਨਾਨਕ ਜੰਗਲ ਬਣਿਆ ਖਿੱਚ ਦਾ ਕੇਂਦਰ

ਗੁਰੂ ਗ੍ਰੰਥ ਸਾਹਿਬ ਬਾਗ ਤੇ ਗੁਰੂ ਨਾਨਕ ਜੰਗਲ ਬਣਿਆ ਖਿੱਚ ਦਾ ਕੇਂਦਰ

ਨਿਹਾਲ ਸਿੰਘ ਵਾਲਾ- ਈਕੋ ਸਿੱਖ ਸੰਸਥਾ ਦੇ ਸਹਿਯੋਗ ਨਾਲ ਪਿੰਡ ਪੱਤੋ ਹੀਰਾ ਸਿੰਘ ਸਥਿਤ ਚਾਰ ਗੁਰੂ ਸਹਿਬਾਨ ਗੁਰੂ ਨਾਨਕ ਦੇਵ ਜੀ, ਗੁਰੂ ਹਰਗੋਬਿੰਦ ਸਾਹਿਬ ਜੀ, ਗੁਰੂ ਹਰ ਕ੍ਰਿਸ਼ਨ ਜੀ ਅਤੇ ਗੁਰੂ ਗਬਿੰੰਦ ਸਿੰਘ ਜੀ ਦੀ ਚਰਨ ਛੋਹ ਧਰਤੀ ਗੁਰਦਵਾਰਾ ਗੁਰੂਸਰ ਸਾਹਿਬ ਦੇ ਨਾਲ ਲਗਦੀ ਜ਼ਮੀਨ ਵਿੱਚ ਪਿੰਡ ਵਾਸੀਆਂ ਵੱਲੋਂ ਸੁਖਚੈਨ ਸਿੰਘ ,ਅਜਮੇਰ ਸਿੰਘ ਆਦਿ ਦੀ ਅਗਵਾਈ ਹੇਠ ਗੁਰੂ ਗਰੰਥ ਸਾਹਿਬ ਬਾਗ ਤੇ ਗੁਰੂ ਨਾਨਕ ਜੰਗਲ ਦੀ ਸਥਾਪਨਾ ਕਰਕੇ ਇਕ ਨਿਵੇਕਲਾ ਕਾਰਜ ਕੀਤਾ ਹੈ। ਸੱਤ ਏਕੜ ਜ਼ਮੀਨ ਵਿੱਚ ਬਣੇ ਗੁਰੂ ਗ੍ਰੰਥ ਸਾਹਿਬ ਬਾਗ ਤੇ ਗੁਰੂ ਨਾਨਕ ਜੰਗਲ ਨੂੰ ਵੇਖਣ ਲਈ ਪੰਜਾਬ ਤੋਂ ਇਲਾਵਾ ਗੁਆਂਢੀ ਰਾਜਾਂ ਤੇ ਵਿਦੇਸ਼ਾਂ ਤੋਂ ਵੀ ਸੰਗਤ ਪੁੱਜ ਰਹੀ ਹੈ। ਇਸ ਵਿਲੱਖਣ ਤੇ ਰੁਹ ਨੂੰ ਸਕੂਨ ਦੇਣ ਵਾਲੇ ਇਸ ਅਸਥਾਨ ’ਚ ਗੁਰੂ ਗ੍ਰੰਥ ਸਾਹਿਬ ’ਚ ਦਰਜ 57 ਰੁੱਖਾਂ ਪੌਦਿਆਂ ਦੀ ਪਛਾਣ ਬਾਰੇ ਬਕਾਇਦਾ ਪੰਜਾਬੀ, ਅੰਗਰੇਜ਼ੀ ਵਿੱਚ ਲਿਖ ਕੇ ਲਗਾਏ ਗਏ ਪੌਦਿਆਂ ’ਤੇ ਤਖਤੀਆਂ ਲਗਾਈਆਂ ਹੋਈਆਂ ਹਨ।

ਪੰਜ ਸੌ ਤੋਂ ਵੱਧ ਹੋਰ ਵੀ ਫ਼ਲਦਾਰ, ਛਾਂਦਾਰ ਜੜੀ ਬੂਟੀਆਂ ਤੇ ਦਵਾਈਆਂ ਆਦਿ ਦੇ ਦਰਖਤ, ਪੌਦੇ, ਝਾੜੀਆਂ ਲਗਾ ਕੇ ਸੰਘਣੇ ਜੰਗਲ ਵੀ ਬਣਾਏ ਗਏ ਹਨ। ਜਿੱਥੇ ਵਿਭਿੰਨ ਤਰ੍ਹਾਂ ਦੇ ਪੰਛੀ ਆਪਣੀਆਂ ਅਵਾਜ਼ਾਂ ਨਾਲ, ਵੱਖਰੇ ਰਾਗ ਛੇੜ ਕੇ ਧਾਰਮਿਕ ਸੈਲਾਨੀਆਂ ਨੂੰ ਮੰਤਰ ਮੁਗਧ ਕਰਦੇ ਹਨ। ਅਧੁਨਿਕ ਤਰੀਕੇ ਨਾਲ ਰੁੱਖ ਲਗਾਉਣ ਦੇ ਮਾਹਿਰ ਬਲਵਿੰਦਰ ਸਿੰਘ ਲੱਖੇਵਾਲੀ ਦੀ ਦੇਖ-ਰੇਖ ਤੇ ਈਕੋ ਸਿੱਖ ਸੰਸਥਾ ਦੇ ਵਿਸ਼ੇਸ਼ ਯੋਗਦਾਨ ਨਾਲ ਬਣਿਆ ਇਹ ਬਾਗ, ਜੰਗਲ ਦੇਸ਼ ਵਿਦੇਸ਼ ਦੇ ਵਾਤਾਵਰਣ ਤੇ ਧਾਰਮਿਕ ਯਾਤਰਾ ਵਾਲੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।

ਕੋਟਕਪੂਰਾ ਤੋਂ ਆਏ ਸਮਾਜ ਸੇਵੀ ਗੁਰਿੰਦਰ ਸਿੰਘ ਮਹਿੰਦੀਰੱਤਾ, ਰਜਿੰਦਰ ਸਿੰਘ ਸਰਾਂ, ਗੁਰਦੀਪ ਸਿੰਘ ਮੈਨੇਜਰ ਨੇ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਬਾਗ ਤੇ ਗੁਰੂ ਨਾਨਕ ਜੰਗਲ ਨੂੰ ਦੇਖ ਕੇ ਆਤਮਿਕ ਸਕੂਨ ਵੀ ਮਿਲਦਾ ਹੈ। ਉਨ੍ਹਾਂ ਪੱਤੋ ਹੀਰਾ ਸਿੰਘ ਵਾਸੀਆਂ ਤੇ ਈਕੋ ਸਿੱਖ ਸੰਸਥਾ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਦਰੱਖਤ ਸਾਨੂੰ ਕੁਦਰਤ ਨਾਲ ਜੁੜਨ ਦੀ ਪ੍ਰੇਰਨਾ ਦਿੰਦੇ ਹਨ। ਬੀਬੀ ਜਸਵੀਰ ਕੌਰ, ਪ੍ਰਵੀਨ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਜ਼ਿੰਦਗੀ ’ਚ ਇਹ ਪਹਿਲੀ ਤੇ ਨਿਵੇਕਲੀ ਚੀਜ਼ ਦੇਖਣ ਨੂੰ ਮਿਲੀ ਹੈ ਕਿ ਜੰਗਲ ਤੇ ਬਾਗ ਦੀ ਸੈਰ ਕਰਨ ਮੌਕੇ ਗੁਰਬਾਣੀ ਦੀਆਂ ਪੰਗਤੀਆਂ ਵੀ ਪੜ੍ਹਨ ਦਾ ਸਬੱਬ ਬਣਿਆ ਹੋਵੇ।