ਜਗਤ ਗੁਰੂ ਗੁਰੂ ਬਾਬਾ ਨਾਨਕ ਦਾ ਪਵਿੱਤਰ ਪ੍ਰਕਾਸ਼ ਉਤਸਵ ਅਮਰੀਕਨ ਰਾਜਧਾਨੀ ਵਾਸ਼ਿੰਗਟਨ ਵਿਖੇ ਮਨਾਇਆ

ਜਗਤ ਗੁਰੂ ਗੁਰੂ ਬਾਬਾ ਨਾਨਕ ਦਾ ਪਵਿੱਤਰ ਪ੍ਰਕਾਸ਼ ਉਤਸਵ ਅਮਰੀਕਨ ਰਾਜਧਾਨੀ ਵਾਸ਼ਿੰਗਟਨ ਵਿਖੇ ਮਨਾਇਆ

ਅਮਰੀਕਨ ਸਿਆਸਤਦਾਨਾਂ ਅਤੇ ਅਮਰੀਕਾ ਦੇ ਉਘੇ ਸਿੱਖ ਆਗੂਆਂ ਨੇ ਲਿਆ ਹਿੱਸਾ

ਵਾਸ਼ਿੰਗਟਨ : ਸਿੱਖਾਂ ਦੇ ਪਹਿਲੇ ਗੁਰੂ, ਗੁਰੂ ਨਾਨਕ ਦੇਵ ਜੀ ਦਾ 553ਵਾਂ ਪ੍ਰਕਾਸ਼ ਪੁਰਬ ਅਮਰੀਕੀ ਕੈਪੀਟਲ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਗਿਆ। ਸਿੱਖ ਕਾਕਸ ਕਮੇਟੀ ਅਤੇ ਅਮਰੀਕਨ ਸਿੱਖ ਕਾਂਗਰੇਸ਼ਨਲ ਕਾਕਸ ਦੁਆਰਾ ਸਹਿ-ਆਯੋਜਿਤ, ਇਸ ਸਮਾਗਮ ਵਿਚ ਯੂ.ਐਸ. ਕਾਂਗਰਸ ਦੇ ਇੱਕ ਦਰਜਨ ਦੇ ਕਰੀਬ ਮੈਂਬਰਾਂ ਨੇ ਇਸ ਦੇ ਮਾਣਯੋਗ ਸਹਾਇਕ ਸਪੀਕਰ ਕੈਥਰੀਨ ਕਲਾਰਕ ਦੀ ਅਗਵਾਈ ਵਿਚ ਹਿੱਸਾ ਲਿਆ।
ਇਸ ਸਮਾਗਮ ਦੇ ਅਯੋਜਕ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਅਤੇ ਸਿੱਖ ਕਾਕਸ ਦੇ ਡਾਇਰੈਕਟਰ ਡਾ. ਪਿ੍ਰਤਪਾਲ ਸਿੰਘ, ਅਤੇ ਹੋਰ ਸਾਥੀਆਂ ਦੇ ਸਹਿਯੋਗ ਨਾਲ ਹੋਇਆ। ਇਕੱਠ ਨੂੰ ਸੰਬੋਧਨ ਕਰਦਿਆਂ ਮਿਸ ਕਲਾਰਕ ਨੇ ਸਿੱਖਾਂ ਦੀ ਸ਼ਾਂਤੀ ਪਸੰਦ ਭਾਈਚਾਰਾ ਹੋਣ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਅਮਰੀਕਾ ਵਿਚ ਵੱਖ-ਵੱਖ ਖੇਤਰਾਂ ਵਿਚ ਅਹਿਮ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ‘‘ਸਿੱਖ ਇੱਕ ਸ਼ਾਂਤੀਪਸੰਦ ਭਾਈਚਾਰਾ ਹਨ ਅਤੇ ਦੂਜਿਆਂ ਦੀ ਮਦਦ ਕਰਨ ਦੇ ਆਪਣੇ ਗੁਰੂ ਦੇ ਸਿਧਾਂਤ ਦੀ ਪਾਲਣਾ ਕਰਦੇ ਹਨ।’’ ਕਾਂਗਰਸਮੈਨ ਜੌਹਨ ਗੈਰਾਮੰਡੀ ਨੇ ਸਿੱਖ ਭਾਈਚਾਰੇ ਨਾਲ ਜੁੜਨ ਨੂੰ ਮਾਣ ਵਾਲੀ ਗੱਲ ਦੱਸਦਿਆਂ ਉਨ੍ਹਾਂ ਦੇ ‘ਸਰਬੱਤ ਦਾ ਭਲਾ’ (ਸਭਨਾਂ ਦੀ ਭਲਾਈ) ਵਿਚ ਵਿਸ਼ਵਾਸ ਰੱਖਣ ਅਤੇ ਸਾਰਿਆਂ ਲਈ ਅਰਦਾਸਾਂ ਲਈ ਸਿੱਖਾਂ ਦੀ ਸ਼ਲਾਘਾ ਕੀਤੀ। ਗੁਰੂ ਨਾਨਕ ਦੇਵ ਜੀ ਦੀਆਂ ਵੱਖ-ਵੱਖ ਧਰਮਾਂ ਦੇ ਕੇਂਦਰਾਂ ਦੀ ਯਾਤਰਾ ਨੂੰ ਸਿੱਖ ਧਰਮ ਦਾ ਧੁਰਾ ਕਰਾਰ ਦਿੰਦੇ ਹੋਏ ਜੌਹਨ ਗੈਰਾਮੰਡੀ ਨੇ ਅਮਰੀਕਾ ਵਿਚ ਅੰਤਰ-ਧਰਮ ਸੰਵਾਦ ਨੂੰ ਉਤਸ਼ਾਹਿਤ ਕਰਨ ਲਈ ਅਮਰੀਕੀ ਸਿੱਖਾਂ ਦੁਆਰਾ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਯਤਨ ਸਿੱਖ ਧਰਮ ਦੀ ਬਿਹਤਰ ਸਮਝ ਲਈ ਸਿੱਖ ਸਿਧਾਂਤਾਂ ਦੀ ਸਮਝ ਪ੍ਰਦਾਨ ਕਰਦੇ ਹਨ ਅਤੇ ਅੰਤਰ-ਧਰਮ ਭਾਈਚਾਰਾ ਨੂੰ ਉਤਸ਼ਾਹਿਤ ਕਰਨ ਲਈ ਇੱਕ ਸਵਾਗਤਯੋਗ ਕਦਮ ਹੈ।
ਸਿੱਖ ਕਾਕਸ ਦੇ ਇੱਕ ਹੋਰ ਸਹਿ-ਪ੍ਰਧਾਨ ਮਾਨਯੋਗ ਸ. ਡੇਵਿਡ ਵਲਾਡਾਓ ਨੇ ਗੁਰੂ ਨਾਨਕ ਦੇਵ ਜੀ ਦੀਆਂ ਮਾਨਵਤਾਵਾਂ ਦੀ ਸੇਵਾ ਕਰਨ ਦੀਆਂ ਸਿੱਖਿਆਵਾਂ ’ਤੇ ਚੱਲਣ ਵਾਲੇ ਸਿੱਖਾਂ ਦੀ ਸ਼ਲਾਘਾ ਕੀਤੀ। ਇਸਦੀ ਇੱਕ ਵੱਡੀ ਉਦਾਹਰਣ ਮਹਾਂਮਾਰੀ ਦੌਰਾਨ ਵਿਸ਼ਵ ਪੱਧਰ ’ਤੇ ਵੇਖਣ ਨੂੰ ਮਿਲੀ। ਸੰਯੁਕਤ ਰਾਸ਼ਟਰ ਗਲੋਬਲ ਸਟੀਅਰਿੰਗ ਕਮੇਟੀ ਦੇ ਮੈਂਬਰ ਡਾ: ਚੀਮਾ ਨੇ ਸ਼ਾਂਤੀ, ਸਦਭਾਵਨਾ ਅਤੇ ਸਹਿ-ਹੋਂਦ ਦਾ ਮਾਰਗ ਦਿਖਾਉਣ ਲਈ ਗੁਰੂ ਨਾਨਕ ਦੇਵ ਜੀ ਦੀ ਪ੍ਰਸ਼ੰਸਾ ਕੀਤੀ।
ਪਾਲ ਮੋਂਟੇਰੋ (ਡਾਇਰੈਕਟਰ ਡੀ.ਓ.ਜੇ. ਸੀ.ਆਰ.ਐਸ.) ਅਤੇ ਮਾਰਕਸ ਕੋਲਮੈਨ (ਡਾਇਰੈਕਟਰ ਡੀ.ਐਚ.ਐਸ. ਸੈਂਟਰ ਫਾਰ ਫੇਥ) ਆਧਾਰਿਤ ਅਤੇ ਗੁਆਂਢੀ ਭਾਈਵਾਲਾਂ ਨੇ ਵੀ ਭਾਗ ਲਿਆ।
ਅਮਰੀਕੀ ਕਾਂਗਰਸ ਦੇ ਹਿੱਸਾ ਲੈਣ ਵਾਲੇ ਮੈਂਬਰਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਅਮਰੀਕਾ ਦੀ ਤਾਕਤ ਇਸ ਦੀ ਵਿਭਿੰਨ ਵਿਰਾਸਤ ਤੋਂ ਆਉਂਦੀ ਹੈ, ਜਿਸ ਨੂੰ ਅਮਰੀਕਾ ਵਿਚ ਸਿੱਖ ਭਾਈਚਾਰਾ ਸ਼ਾਮਲ ਕਰਨ, ਆਜ਼ਾਦੀ ਅਤੇ ਅੰਤਰ-ਧਰਮ ਸਹਿਯੋਗ ਦੀਆਂ ਅਮਰੀਕੀ ਪ੍ਰੰਪਰਾਵਾਂ ਨੂੰ ਮੁੜ ਸੁਰਜੀਤ ਕਰਨ ਦੇ ਨਾਲ-ਨਾਲ ਸੁਰੱਖਿਅਤ ਰੱਖਣ ਵਿਚ ਮਦਦ ਕਰ ਰਿਹਾ ਹੈ। ਅਸਿਸਟੈਂਟ ਸੈਕਟਰੀ ਫਾਰ ਪਾਰਟਨਰਸ਼ਿਪ ਐਂਡ ਅੰਗੈਜਮੈਂਟ, ਓ.ਪੀ.ਈ./ਡੀ.ਐਚ.ਐਸ. ਬ੍ਰੈਂਡਾ ਐਫ. ਅਬਦੇਲਾਲ ਨੇ ਕਿਹਾ, ‘‘ਇਸ ਤਰ੍ਹਾਂ ਦਾ ਜਸ਼ਨ ਮਨਾਉਣਾ ਇੱਕ ਬਹੁਤ ਮਾਣ ਵਾਲੀ ਗੱਲ ਸੀ।’’
ਮਿਸ ਕਲਾਰਕ ਅਤੇ ਜੌਹਨ ਗੈਰਾਮੰਡੀ ਤੋਂ ਇਲਾਵਾ, ਇਸ ਸਮਾਗਮ ਵਿਚ ਜੂਡੀ ਚੂ, ਡੋਨਾਲਡ ਨੌਰਕਰੌਸ, ਜਿਮ ਕੋਸਟਾ, ਮੈਰੀ ਜੀ ਸਕੈਨਲੋਨ, ਡੱਗ ਲਾਮਾਲਫਾ, ਲੂ ਕੋਰਿਆ, ਜਿੰਮੀ ਪੈਨੇਟਾ, ਸ਼ੀਲਾ ਜੈਕਸਨ ਲੀ ਅਤੇ ਸਾਬਕਾ ਪ੍ਰਤੀਨਿਧੀ ਪੈਟਰਿਕ ਮੀਹਾਨ ਸਮੇਤ ਹੋਰ ਅਮਰੀਕੀ ਕਾਂਗਰਸ ਮੈਂਬਰ ਸਾਹਿਬਾਨ ਸ਼ਾਮਲ ਸਨ।
ਇਸ ਯਾਦਗਾਰੀ ਪ੍ਰੋਗਰਾਮ ਵਿਚ ਸਿੱਖ ਕਾਕਸ ਦੇ ਵੱਖ-ਵੱਖ ਸਟੇਟਾਂ ਤੋਂ ਡੈਲੀਗੇਟ ਪਹੁੰਚੇ ਹੋਏ ਸਨ। ਜਿਨ੍ਹਾਂ ਵਿਚ ਖਾਸ ਕਰਕੇ ਉਘੇ ਬਿਜਨਿਸਮੈਨ ਸ੍ਰ. ਅਜਮੇਰ ਸਿੰਘ ਬਿੱਟੂ ਨਿੱਝਰ ਪਹੁੰਚੇ ਹੋਏ ਸਨ।
ਵਾਸ਼ਿੰਗਟਨ ਤੋਂ ‘ਸਾਡੇ ਲੋਕ’ ਅਖਬਾਰ ਨਾਲ ਗੱਲਬਾਤ ਕਰਦਿਆਂ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਅਤੇ ਸਿੱਖ ਕਾਕਸ ਦੇ ਡਾਇਰੈਕਟਰ ਡਾ. ਪਿ੍ਰਤਪਾਲ ਸਿੰਘ ਨੇ ਕਿਹਾ ਕਿ ਸਮੂਹ ਅਮਰੀਕਾ ’ਚ ਵਸਦੇ ਸਿੱਖ ਭਾਈਚਾਰੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਜਗਤ ਗੁਰੂ ਗੁਰੂ ਬਾਬਾ ਨਾਨਕ ਦਾ ਪਵਿੱਤਰ ਪ੍ਰਕਾਸ਼ ਉਤਸਵ ਸਾਰੀ ਦੁਨੀਆ ਦੇ ਨਾਲ-ਨਾਲ ਅਮਰੀਕਨ ਰਾਜਧਾਨੀ ਵਾਸ਼ਿੰਗਟਨ ਵਿਖੇ ਮਨਾਇਆ ਗਿਆ ਹੈ। ਉਨ੍ਹਾਂ ਸਮੂਹ ਸੰਗਤਾ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ।