ਜੈਤੋ: ਪੁਨਰ ਨਿਰਮਾਣ ਨਾਲ ਨਹਿਰੂ ਯਾਦਗਾਰ ਦਾ ਮੂਲ ਰੂਪ ਬਹਾਲ

ਜੈਤੋ: ਪੁਨਰ ਨਿਰਮਾਣ ਨਾਲ ਨਹਿਰੂ ਯਾਦਗਾਰ ਦਾ ਮੂਲ ਰੂਪ ਬਹਾਲ

ਜੈਤੋ – ਤਿੰਨ ਸਾਲ ਪਹਿਲਾਂ ਮੌਸਮੀ ਕਰੋਪੀ ਦਾ ਸ਼ਿਕਾਰ ਹੋਈ ਸਥਾਨਕ ਨਹਿਰੂ ਯਾਦਗਾਰ ਮੁੜ ਪਹਿਲੀ ਦਿੱਖ ਵਿਚ ਆਉਣ ਲੱਗੀ ਹੈ। ਭਵਨ ਉਸਾਰੀ ਦੀ ਪੁਰਾਤਨ ਕਲਾ ਅਤੇ ਨਾਨਕਸ਼ਾਹੀ ਇੱਟਾਂ ਨਾਲ ਉਸਾਰੀ ਜਾ ਰਹੀ ਇਹ ਇਮਾਰਤ ਪੁੁਰਾਣੀਆਂ ਯਾਦਾਂ ਦੀ ਤਰੰਗ ਛੇੜਦੀ ਹੈ। ਕਾਬਿਲੇਗੌਰ ਹੈ ਕਿ 17 ਜੁਲਾਈ 2019 ਨੂੰ ਮੀਂਹ ਕਾਰਨ ਇਮਾਰਤ ਦਾ ਵੱਡਾ ਹਿੱਸਾ ਢਹਿ-ਢੇਰੀ ਹੋ ਗਿਆ ਸੀ। ਇਸ ਤੋਂ ਪਹਿਲਾਂ ਤਤਕਾਲੀ ਸੈਰ ਸਪਾਟਾ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਜੈਤੋ ਫੇਰੀ ਸਮੇਂ ਇਸ ਦੀ ਖਸਤਾ ਹਾਲਤ ਵੇਖਦਿਆਂ 50 ਲੱਖ ਰੁਪਏ ਸੁੰਦਰੀਕਰਨ ਲਈ ਜਾਰੀ ਕਰਨ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਸ੍ਰੀ ਸਿੱਧੂ ਬਹੁਤਾ ਸਮਾਂ ਵਜ਼ਾਰਤ ਵਿੱਚ ਨਾ ਰਹਿ ਸਕੇ ਅਤੇ ਇਹ ਐਲਾਨ ਅਮਲ ਵਿਚ ਨਹੀਂ ਆਇਆ। ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਐਲਾਨੀ ਰਕਮ ਜਾਰੀ ਕਰਨ ਤੋਂ ਟਾਲਾ ਵੱਟ ਲਿਆ। ਇਸ ਇਤਿਹਾਸਕ ਇਮਾਰਤ ਦੇ ਪੁਨਰ ਨਿਰਮਾਣ ਲਈ ਲੋਕਾਂ ਵੱਲੋਂ ਸਮੇਂ-ਸਮੇਂ ’ਤੇ ਆਵਾਜ਼ ਉਠਾਈ ਗਈ ਪਰ ਇਸ ਦੇ ਭਾਗ ਉਦੋਂ ਖੁੱਲ੍ਹੇ ਜਦੋਂ ਜੈਤੋ ਦੇ ਬਾਸ਼ਿੰਦੇ ਤੇ ਪੰਜਾਬ ਕਾਂਗਰਸ ਦੇ ਉਪ ਪ੍ਰਧਾਨ ਪਵਨ ਗੋਇਲ ਦੇ ਸੱਦੇ ’ਤੇ ਉਪ ਮੁੱਖ ਮੰਤਰੀ ਓਪੀ ਸੋਨੀ 14 ਨਵੰਬਰ 2021 ਨੂੰ ਜੈਤੋ ਆਏ। ਉਸ ਦਿਨ ਪੰਡਿਤ ਜਵਾਹਰ ਲਾਲ ਨਹਿਰੂ ਦਾ ਜਨਮ ਦਿਨ ਸੀ ਅਤੇ ਉਨ੍ਹਾਂ ਯਾਦਗਾਰ ਦਾ ਨਿਰਮਾਣਾ ਕਰਵਾ ਕੇ ਪੁਰਾਣੀ ਦਿੱਖ ਬਹਾਲ ਕਰਨ ਲਈ ਫੰਡ ਜਾਰੀ ਕਰਨ ਦਾ ਐਲਾਨ ਕਰ ਦਿੱਤਾ। ਇਸ ਤੋਂ ਬਾਅਦ ਪੁਨਰ ਨਿਰਮਾਣ ਦਾ ਕੰਮ ਸ਼ੁਰੂ ਹੋਇਆ ਜੋ ਹੁਣ ਸਿਰਫ 20 ਕੁ ਫੀਸਦੀ ਹੀ ਬਾਕੀ ਰਹਿ ਗਿਆ ਹੈ।

ਗੌਰਤਲਬ ਹੈ ਕਿ 1923 ਵਿੱਚ ਨਾਭਾ ਰਿਆਸਤ ਦੇ ਮਹਾਰਾਜਾ ਰਿਪੁਦਮਨ ਸਿੰਘ ਨੂੰ ਅੰਗਰੇਜ਼ੀ ਹਕੂਮਤ ਨੇ ਝੂਠੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਸੀ। ਇਸ ਧੱਕੇਸ਼ਾਹੀ ਵਿਰੁੱਧ ਰੋਸ ਵਜੋਂ ਸਾਰੀ ਰਿਆਸਤ ਵਿੱਚ ਅੰਦੋਲਨ ਸ਼ੁਰੂ ਹੋਇਆ ਸੀ। ਉਸ ਵੇਲੇ ਜੈਤੋ ਵੀ ਨਾਭਾ ਰਿਆਸਤ ’ਚ ਸੀ। ਜਾਣਕਾਰਾਂ ਅਨੁਸਾਰ ਜੈਤੋ ਸਥਿਤ ਗੁਰਦੁਆਰਾ ਗੰਗਸਰ ਸਾਹਿਬ ਵਿੱਚ ਰਿਆਸਤ ਦੇ ਕਰਮਚਾਰੀਆਂ ਦੇ ਗ਼ਲਤ ਵਤੀਰੇ ਕਾਰਨ ਇਹ ਅੰਦੋਲਨ ਸਾਰੇ ਪੰਜਾਬ ਵਿਚ ਫੈਲ ਗਿਆ। ਇਸ ਤੋਂ ਬਾਅਦ ਅਕਾਲੀ ਦਲ ਨੇ ਅੰਮ੍ਰਿਤਸਰ ਤੋਂ ਜਥੇ ਭੇਜਣੇ ਆਰੰਭ ਕੀਤੇ। ਉਸ ਵੇਲੇ 500 ਸਿੰਘਾਂ ਦਾ ਜੱਥਾ ਅੰਮ੍ਰਿਤਸਰ ਤੋਂ ਜੈਤੋ ਪਹੁੰਚਿਆ, ਉਸ ਜਥੇ ’ਤੇ ਅੰਗਰੇਜ਼ ਰੈਜ਼ੀਡੈਂਟ ਦੇ ਹੁਕਮ ਨਾਲ ਰਿਆਸਤ ਦੀ ਪੁਲੀਸ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਸੈਂਕੜੇ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ।

ਇਸ ਮੋਰਚੇ ਦਾ ਹਾਲ ਜਾਨਣ ਲਈ ਪੰਡਿਤ ਜਵਾਹਰ ਲਾਲ ਨਹਿਰੂ ਆਪਣੇ ਸਾਥੀਆਂ ਸਮੇਤ ਇੱਥੇ ਆਏ ਸਨ ਪਰ ਉਨ੍ਹਾਂ ਨੂੰ ਜੈਤੋ ਮੰਡੀ ਵਿੱਚ ਦਾਖ਼ਲ ਹੋਣ ਸਮੇਂ ਹੀ ਗ੍ਰਿਫ਼ਤਾਰ ਕਰ ਲਿਆ ਤੇ ਜੈਤੋ ਸਥਿਤ ਕਿਲ੍ਹੇ ਵਿਚਲੀ ਹਵਾਲਾਤ ਵਿੱਚ ਰੱਖਣ ਤੋਂ ਬਾਅਦ ਨਾਭੇ ਦੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਇਸ ਯਾਦਗਾਰੀ ਹਵਾਲਾਤ ਨੂੰ ਵੇਖਣ ਲਈ ਰਾਹੁਲ ਗਾਂਧੀ ਅਤੇ ਉਨ੍ਹਾਂ ਤੋਂ ਪਹਿਲਾਂ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਵੀ ਜੈਤੋ ਆਏ ਸਨ।