ਨਵੀਂ ਵੀਡੀਓ ’ਚ ਤਿਹਾੜ ਜੇਲ੍ਹ ਅੰਦਰ ਫ਼ਲ ਤੇ ਕੱਚੀ ਸਬਜ਼ੀਆਂ ਖਾਂਦੇ ਨਜ਼ਰ ਆ ਰਹੇ ਨੇ ਜੈਨ

ਨਵੀਂ ਵੀਡੀਓ ’ਚ ਤਿਹਾੜ ਜੇਲ੍ਹ ਅੰਦਰ ਫ਼ਲ ਤੇ ਕੱਚੀ ਸਬਜ਼ੀਆਂ ਖਾਂਦੇ ਨਜ਼ਰ ਆ ਰਹੇ ਨੇ ਜੈਨ

ਨਵੀਂ ਦਿੱਲੀ – ਤਿਹਾੜ ਜੇਲ੍ਹ ‘ਚ ਬੰਦ ਆਮ ਆਦਮੀ ਪਾਰਟੀ (ਆਪ) ਦੇ ਨੇਤਾ ਸਤੇਂਦਰ ਜੈਨ ਦਾ ਅੱਜ ਨਵਾਂ ਵੀਡੀਓ ਸਾਹਮਣੇ ਆਇਆ ਹੈ, ਜਿਸ ‘ਚ ਉਹ ਆਪਣੀ ਕੋਠੜੀ ‘ਚ ਫਲ ਅਤੇ ਕੱਚੀਆਂ ਸਬਜ਼ੀਆਂ ਖਾਂਦੇ ਦੇਖੇ ਜਾ ਸਕਦੇ ਹਨ। ਜੈਨ ਨੇ ਕੁਝ ਦਿਨ ਪਹਿਲਾਂ ਸ਼ਹਿਰ ਦੀ ਅਦਾਲਤ ਵਿਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ਵਿਚ ਬੇਨਤੀ ਕੀਤੀ ਗਈ ਸੀ ਕਿ ਤਿਹਾੜ ਜੇਲ੍ਹ ਦੇ ਅਧਿਕਾਰੀਆਂ ਨੂੰ ਉਨ੍ਹਾਂ ਦੇ ਧਾਰਮਿਕ ਵਿਸ਼ਵਾਸਾਂ ਅਨੁਸਾਰ ਫਲ, ਸੁੱਕੇ ਮੇਵੇ ਅਤੇ ਖਜੂਰ ਵਰਗੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਜਾਣ। ਹਾਲ ਹੀ ਵਿੱਚ ਸਾਹਮਣੇ ਆਏ ਵੀਡੀਓ 13 ਸਤੰਬਰ ਅਤੇ 1 ਅਕਤੂਬਰ ਦੇ ਹਨ। ਦਿੱਲੀ ਦੀ ਅਦਾਲਤ ਨੇ ਮੰਗਲਵਾਰ ਨੂੰ ਦਿੱਲੀ ਸਰਕਾਰ ਦੇ ਮੰਤਰੀ ਜੈਨ ਦੀ ਪਟੀਸ਼ਨ ‘ਤੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਤੋਂ ਜਵਾਬ ਮੰਗਿਆ ਹੈ। ਇਹ ਪਟੀਸ਼ਨ ਸੋਮਵਾਰ ਨੂੰ ਦਾਇਰ ਕੀਤੀ ਗਈ ਸੀ। ਇਸ ਵਿੱਚ ਜੇਲ੍ਹ ਪ੍ਰਸ਼ਾਸਨ ਨੂੰ ਮੰਤਰੀ ਦੀ ਤੁਰੰਤ ਮੈਡੀਕਲ ਜਾਂਚ ਕਰਵਾਉਣ ਦੇ ਨਿਰਦੇਸ਼ ਦੇਣ ਦੀ ਮੰਗ ਵੀ ਕੀਤੀ ਗਈ ਹੈ। ਕਿਹਾ ਗਿਆ ਹੈ ਕਿ ਮੰਤਰੀ ਜੈਨ ਧਰਮ ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਦੇ ਹਨ ਪਰ ਉਨ੍ਹਾਂ ਨੂੰ ਪਿਛਲੇ 12 ਦਿਨਾਂ ਤੋਂ ਜੇਲ੍ਹ ਵਿੱਚ ਉਨ੍ਹਾਂ ਦੀ ਧਾਰਮਿਕ ਆਸਥਾ ਅਨੁਸਾਰ ਖਾਣਾ ਨਹੀਂ ਦਿੱਤਾ ਜਾ ਰਿਹਾ ਹੈ। ਸੂਤਰਾਂ ਨੇ ਕਿਹਾ, ‘ਤਿਹਾੜ ਜੇਲ੍ਹ ਵਿੱਚ ਜੈਨ ਦੀ ਕੋਠੜੀ ਦੀ ਸੀਸੀਟੀਵੀ ਫੁਟੇਜ ਜੇਲ੍ਹ ਵਿੱਚ ਸਹੀ ਭੋਜਨ ਨਾ ਦਿੱਤੇ ਜਾਣ ਦੇ ਉਨ੍ਹਾਂ ਦੇ ਦਾਅਵਿਆਂ ਨੂੰ ਝੁਠਲਾਉਂਦੀ ਹੈ। ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਫਲ ਅਤੇ ਸੁੱਕੇ ਮੇਵੇ ਸਮੇਤ ਆਪਣੀ ਪਸੰਦ ਦਾ ਖਾਣਾ ਦਿੱਤਾ ਜਾ ਰਿਹਾ ਹੈ। ਜੈਨ ਦੇ ਵਕੀਲਾਂ ਨੇ ਦਾਅਵਾ ਕੀਤਾ ਹੈ ਕਿ ਜੇਲ੍ਹ ਵਿਚ ਉਨ੍ਹਾਂ ਦਾ 28 ਕਿਲੋ ਭਾਰ ਘੱਟ ਗਿਆ ਹੈ, ਜਦੋਂ ਕਿ ਉਨ੍ਹਾਂ ਦਾ ਅੱਠ ਕਿਲੋ ਭਾਰ ਵਧਿਆ ਹੈ।’