ਜਲੇਬੀਆਂ ਵਾਲਾ ਦੁੱਧ

ਜਲੇਬੀਆਂ ਵਾਲਾ ਦੁੱਧ

ਪ੍ਰਿੰ. ਗੁਰਦੀਪ ਸਿੰਘ ਢੁੱਡੀ

ਮੇਰੇ ਪਿੰਡ ਢੁੱਡੀ ਦੇ ਨਾਮਕਰਨ ਪਿੱਛੇ ਇਕ ਨਿਤਾਣੇ ਜਾਨਵਰ ਦੁਆਰਾ ਆਪਣੇ ਬੱਚਿਆਂ ਦੀ ਰਾਖੀ ਕਰਦੇ ਸਮੇਂ ਜ਼ਾਲਮ ਜਾਨਵਰ ਦਾ ਮੁਕਾਬਲਾ ਕਰਦਿਆਂ ਜਿੱਤ ਹਾਸਲ ਕਰਨ ਦੀ ਦੰਤ-ਕਥਾ ਪ੍ਰਚੱਲਤ ਹੈ। ਫ਼ਰੀਦਕੋਟ ਦੇ ਉੱਤਰ-ਪੂਰਬ ਦੀ ਦਿਸ਼ਾ ਵਿਚ ਬਠਿੰਡਾ- ਸ੍ਰੀ ਅੰਮ੍ਰਿਤਸਰ ਕੌਮੀ ਸ਼ਾਹ ਰਾਹ ਵਾਲੀ ਸੜਕ ’ਤੇ ਸਥਿੱਤ ਪਿੰਡ ਕਲੇਰ ਤੋਂ ਲਿੰਕ ਰੋਡ ਨਾਲ ਜੁੜਿਆ ਹੋਇਆ ਇਹ ਪਿੰਡ ਫ਼ਰੀਦਕੋਟ ਸ਼ਹਿਰ ਤੋਂ ਮਹਿਜ਼ ਪੰਜ ਕੋਹ ਦੀ ਵਿੱਥ ’ਤੇ ਵੱਸਿਆ ਹੋਇਆ ਹੈ। ਪਿੰਡ ਤੋਂ ਫ਼ਰੀਦਕੋਟ ਆਉਣ ਜਾਣ ਵਾਸਤੇ ਕਦੇ ਤਿੰਨ ਰਾਹ ਹੋਇਆ ਕਰਦੇ ਸਨ। ਫ਼ਰੀਦਕੋਟ ਤੋਂ ਸ੍ਰੀ ਅੰਮ੍ਰਿਤਸਰ ਨੂੰ ਜਾਂਦਿਆਂ ਮੁੱਖ ਸੜਕ ’ਤੇ ਪਿੰਡ ਕਲੇਰ ਆਉਂਦਾ ਹੈ। ਕਲੇਰ ਪਿੰਡ ਤੋਂ ਢੁੱਡੀ ਜਾਣ ਵਾਸਤੇ ਡੇਢ ਕੁ ਕੋਹ ਦਾ ਕੱਚਾ ਰਾਹ ਸੀ ਜਿਹੜਾ ਹੁਣ ਲਿੰਕ ਸੜਕ ਵਿਚ ਤਬਦੀਲ ਚੁੱਕਿਆ ਹੈ ਅਤੇ ਅੱਗੇ ਇਹ ਸੜਕ ਕੋਟ ਸੁਖੀਆ (ਗੁਰਨਾਮ ਸਿੰਘ ਤੀਰ ਉਰਫ਼ ਚਾਚਾ ਚੰਡੀਗੜ੍ਹੀਆ ਦਾ ਪਿੰਡ) ਅਤੇ ਬੱਗੇਆਣਾ ਨੂੰ ਜਾਂਦੀ ਹੈ। ਜੇ ਕਿਸੇ ਨੇ ਬੱਸ ਜਾਂ ਇਸ ਤਰ੍ਹਾਂ ਦੇ ਸਾਧਨ ’ਤੇ ਫ਼ਰੀਦਕੋਟ ਜਾਂ ਫਿਰ ਤਲਵੰਡੀ ਭਾਈ ਵਾਲੇ ਪਾਸੇ ਜਾਣਾ ਹੁੰਦਾ ਸੀ ਤਾਂ ਉਹ ਪਿੰਡੋਂ ਪੈਦਲ ਚੱਲ ਕੇ ਪਹਿਲਾਂ ਕਲੇਰ ਆਉਂਦਾ ਸੀ ਅਤੇ ਇੱਥੋਂ ਫ਼ਰੀਦਕੋਟ ਜਾਂ ਫਿਰ ਤਲਵੰਡੀ ਭਾਈ ਜਾਣ ਵਾਸਤੇ ਬੱਸ ਫੜੀ ਜਾਂਦੀ ਸੀ। ਦੂਸਰਾ ਰਸਤਾ ਚਹਿਲ ਅਤੇ ਭਾਣੇ ਵੱਲ ਦੀ ਜਾਂਦਾ ਸੀ। ਇਹ ਰਸਤਾ ਪਹਿਲੇ ਰਸਤੇ ਨਾਲੋਂ ਮਿਣਤੀ ਵਿਚ ਕੁਝ ਘੱਟ ਬਣਦਾ ਹੈ। ਇਹ ਸਾਰਾ ਰਾਹ ਕੱਚਾ ਹੋਇਆ ਕਰਦਾ ਸੀ ਜੋ ਹੁਣ ਪੱਕੀ ਸੜਕ ਵਿਚ ਤਬਦੀਲ ਹੋ ਚੁੱਕਿਆ ਹੈ। ਇਧਰ ਦੀ ਸਾਰਾ ਰਾਹ ਪੈਦਲ ਹੀ ਆਉਣਾ ਜਾਣਾ ਪੈਂਦਾ ਸੀ। ਸਾਡੇ ਸਕੂਲ ਆਉਣ ਵਾਲੇ ਅਧਿਆਪਕ ਸਾਈਕਲਾਂ ਉਤੇ ਪਿੰਡ ਪੱਕਾ ਦੇ ਕੱਚੇ ਅੱਡੇ ਤੋਂ ਕੱਸੀ ਦੀ ਪਟੜੀ ’ਤੇ ਸਾਈਕਲਾਂ ਰਾਹੀਂ ਆਇਆ ਜਾਇਆ ਕਰਦੇ ਸਨ। ਇਧਰ ਦੀ ਰਾਹ ਕੁਝ ਘੱਟ ਹੋ ਜਾਂਦਾ ਸੀ। ਪੈਦਲ ਆਉਣ ਜਾਣ ਵਾਲੇ ਆਮ ਤੌਰ ’ਤੇ ਭਾਣਾ-ਚਹਿਲ ਵਾਲੇ ਪਾਸੇ ਦੀ ਹੀ ਆਇਆ ਜਾਇਆ ਕਰਦੇ ਸਨ। ਇਧਰ ਦੀ ਪਤਾ ਹੀ ਨਹੀਂ ਲੱਗਦਾ ਸੀ ਕਿ ਕਦੋਂ ਪੈਂਡਾ ਖ਼ਤਮ ਹੋ ਗਿਆ ਹੈ। ‘ਕੋਹ ਨਾ ਚੱਲੀ ਬਾਬਾ ਤਿਹਾਈ’ ਵਾਲਾ ਮੁਹਾਵਰਾ ਬੋਲਣ ਦੀ ਕਦੇ ਨੌਬਤ ਹੀ ਨਹੀਂ ਆਉਂਦੀ ਸੀ।

ਗੱਲ 1970 ਦੇ ਕਰੀਬ ਕੁ ਦੀ ਹੈ। ਫ਼ਰੀਦਕੋਟ ਦੇ ਦੁਸਹਿਰਾ ਗਰਾਊਂਡ (ਇਸ ਥਾਂ ’ਤੇ ਹੁਣ ਨਹਿਰੂ ਸਟੇਡੀਅਮ, ਬੱਸ ਅੱਡਾ ਅਤੇ ਲੜਕੀਆਂ ਦਾ ਸਕੂਲ ਬਣੇ ਹੋਏ ਹਨ) ਵਾਲੇ ਸਥਾਨ ’ਤੇ ਪਸ਼ੂਆਂ ਦੀ ਮੰਡੀ ਲੱਗਿਆ ਕਰਦੀ ਸੀ। ਇਸ ਮੰਡੀ ’ਤੇ ਪਸ਼ੂਆਂ ਨੂੰ ਵੇਚਣ ਜਾਂ ਖਰੀਦਣ ਵਾਲੇ ਆਮ ਤੌਰ ’ਤੇ ਭਾਣੇ ਚਹਿਲ ਵੱਲ ਦੀ ਹੀ ਆਇਆ ਜਾਇਆ ਕਰਦੇ ਸਨ। ਅਸੀਂ ਵੀ ਆਪਣੀ ਸੱਜਰ ਸੂਈ ਹੋਈ ਮੱਝ ਵੇਚਣੀ ਸੀ ਅਤੇ ਭਾਣੇ ਚਹਿਲਾਂ ਵੱਲ ਦੀ ਪਸ਼ੂ ਮੰਡੀ ਵਿਚ ਆ ਗਏ। ਸੱਜਰ ਸੂਈ ਹੋਈ ਮੱਝ ਨੂੰ ਵੇਚਣ ਵਾਸਤੇ ਇਕ ਦਿਨ ਪਹਿਲਾਂ (ਕਦੇ ਇਕ ਡੰਗ ਅਤੇ ਕਦੇ ਦੋਵੇਂ ਡੰਗ) ਚੋਇਆ ਨਹੀਂ ਜਾਂਦਾ ਸੀ। ਇਸ ਨਾਲ ਮੱਝ ਦਾ ਹਵਾਨਾ ਵੱਡਾ ਲੱਗਿਆ ਕਰਦਾ ਸੀ ਅਤੇ ਥਣ ਵੀ ਵੇਖਣ ਵਿਚ ਲੰਮੇ ਦਿਸਦੇ ਹੁੰਦੇ ਹਨ। ਬੇਸ਼ੱਕ ਇਸ ਨਾਲ ਮੱਝ ਔਖੀ ਹੋਇਆ ਕਰਦੀ ਹੈ ਅਤੇ ਕਈ ਵਾਰੀ ਤਾਂ ਉਸ ਦੇ ਬਿਮਾਰ ਹੋਣ ਵਾਲੀ ਹਾਲਤ ਵੀ ਬਣ ਜਾਂਦੀ ਹੈ। ਪ੍ਰੰਤੂ ਮਨੁੱਖ ਦਾ ਲਾਲਚ ਵਿਚਾਰੇ ਪਸ਼ੂ ‘ਤੇ ਇਹ ਜ਼ੁਲਮ ਕਰਿਆ ਕਰਦਾ ਹੈ। ਮੈਂ ਅਤੇ ਬਾਪੂ ਆਪਣੀ ਸੱਜਰ ਸੂਈ ਮੱਝ ਨੂੰ ਵੇਚਣ ਲਈ ਮੰਡੀ ਲੈ ਕੇ ਆਏ। ਵਾਹਵਾ ਚਿਰ ਉਡੀਕਿਆ ਪਰ ਮੱਝ ਦਾ ਉਹ ਮੁੱਲ ਨਾ ਲੱਗਿਆ ਜਿੰਨੇ ਦੀ ਅਸੀਂ ਵੇਚਣ ਵਾਸਤੇ ਸੋਚ ਕੇ ਆਏ ਸਾਂ। ਇਸ ਲਈ ਵਾਪਸ ਜਾਣ ਦੀ ਸੋਚਿਆ। ਸਾਨੂੰ ਵੀ ਭੁੱਖ ਲੱਗੀ ਹੋਈ ਸੀ ਅਤੇ ਕੱਟੜੂ ਵੀ ਭੁੱਖਾ ਸੀ। ਮੱਝ ਵੀ ਬਹੁਤ ਤੰਗ ਹੋ ਰਹੀ ਸੀ। ਕੱਟੜੂ ਨੂੰ ਦੁੱਧ ਚੰਘਾਉਣ ਨਾਲ ਉਹ ਤਕੜਾ ਹੋ ਗਿਆ, ਮੱਝ ਚੋਣ ਨਾਲ ਉਹ ਸੌਖੀ ਮਹਿਸੂਸ ਕਰਨ ਲੱਗੀ। ਦੁੱਧ ਵਾਧੂ ਸੀ। ਹੁਣ ਬਾਪੂ ਨੇ ਸਾਡੀ ਭੁੱਖ ਮਿਟਾਉਣ ਵਾਲਾ ਰਸਤਾ ਚੁਣਿਆ। ਕੁਝ ਦੁੱਧ ਤਾਂ ਇੱਥੇ ਮੰਡੀ ਵਿਚ ਹੀ ਦੇ ਦਿੱਤਾ ਅਤੇ ਲੋੜ ਮੁਤਾਬਿਕ ਦੁੱਧ ਤੱਤਾ ਕਰਵਾਇਆ। ਫਿਰ ਜਲੇਬੀਆਂ ਲੈ ਕੇ ਇਹ ਤੱਤੇ ਤੱਤੇ ਦੁੱਧ ਵਿਚ ਸੁੱਟ ਲਈਆਂ। ਬਾਪੂ ਨੇ ਦੱਸਿਆ ‘ਇਸ ਤਰ੍ਹਾਂ ਇਹ ਦਵਾਈਨੁਮਾ ਦੁੱਧ ਬਣ ਜਾਂਦਾ ਹੈ’। ਇਹ ਤਾਕਤ ਵੀ ਦਿੰਦਾ ਹੈ ਅਤੇ ਸੁਆਦ ਵੀ ਬਹੁਤ ਲੱਗਦਾ ਹੈ। ਇਸੇ ਕਰਕੇ ਇਸ ਜਲੇਬੀਆਂ ਵਾਲੇ ਦੁੱਧ ਦਾ ਸੁਆਦ ਅਜੇ ਵੀ ਮੇਰੀ ਜੀਭ ਤੇ ਵੱਸਿਆ ਹੋਇਆ ਹੈ। ਜਦੋਂ ਮੈਂ ਆਪਣੇ ਘਰੇ ਆਪਣੀ ਪਤਨੀ ਅਤੇ ਬੱਚਿਆਂ ਨੂੰ ਇਸ ਤਰ੍ਹਾਂ ਦੇ ਦੁੱਧ ਪੀਣ ਬਾਰੇ ਦੱਸਦਾ ਹਾਂ ਤਾਂ ਉਹ ਨੱਕ ਮੂੰਹ ਚੜ੍ਹਾਉਂਦੇ ਹੋਏ ਮੇਰਾ ਮਖ਼ੌਲ ਉਡਾਉਂਦੇ ਹਨ। ਜਦੋਂ ਕਦੇ ਕਿਸੇ ਦਿਨ ਦਿਹਾਰ ’ਤੇ ਘਰ ਵਿਚ ਜਲੇਬੀਆਂ ਆਈਆਂ ਹੋਣ ਤਾਂ ਮੈਂ ਦੁੱਧ ਗਰਮ ਕਰਕੇ ਚੋਰੀਓਂ ਹੀ ਇਸ ਵਿਚ ਜਲੇਬੀਆਂ ਪਾ ਕੇ ਲੈਂਦਾ ਹਾਂ ਅਤੇ ਪਰਿਵਾਰਕ ਮੈਂਬਰਾਂ ਤੋਂ ਲੁਕੋ ਕੇ ਇਹ ਦੁੱਧ ਪੀਂਦਾ ਹਾਂ। ਮੈਨੂੰ ਲੱਗਦਾ ਹੈ ਜਿਵੇਂ ਮੈਂ ਦੁਨੀਆਂ ਦੀ ਕੋਈ ਸੱਭ ਤੋਂ ਲਜ਼ੀਜ਼ ਨਿਆਮਤ ਖਾਂਦਾ ਹੋਵਾਂ ਅਤੇ ਆਪਣੇ ਲੜਕਪਣ ਵਾਲੀ ਅਵਸਥਾ ਵਿਚ ਪਹੁੰਚ ਗਿਆ ਹੋਵਾਂ।

ਉਂਜ ਮੈਂ ਸੋਚਿਆ ਕਰਦਾ ਹਾਂ ਕਿ ਹੁਣ ਕਿੰਨਾ ਕੁਝ ਬਦਲ ਗਿਆ ਹੈ। ਜਿੱਥੇ ਹੁਣ ਵਿਖਾਵਾ ਜ਼ਿਆਦਾ ਹੈ ਉੱਥੇ ਉਨ੍ਹਾਂ ਸਮਿਆਂ ਵਿਚ ਸਾਰਾ ਕੁਝ ਮਨੁੱਖੀ ਭਾਵਨਾਵਾਂ ਦਾ ਹੀ ਅਨੁਸਾਰੀ ਹੁੰਦਾ ਸੀ। ਖਾਣ-ਪੀਣ, ਪਹਿਨਣ-ਪੱਚਰਨ, ਤੁਰਨ ਫਿਰਨ, ਬੋਲਣਾ-ਚੱਲਣਾ ਅਤੇ ਕਿਤੇ ਜਾਣ ਆਉਣ ਵਿਚ ਸੁਭਾਵਿਕਤਾ ਤਾਂ ਸੀ ਹੀ, ਨਾਲ ਹੀ ਇਹ ਸਾਡੇ ਵਾਸਤੇ ਚੰਗਾ ਚੰਗਾ ਵੀ ਹੋਇਆ ਕਰਦਾ ਸੀ। ਪਰ ਹੁਣ ਜ਼ਿੰਦਗੀ ਦੇ ਇਹ ਸਿਰਨਾਵੇਂ ਬਦਲ ਚੁੱਕੇ ਹਨ। ਪਤਾ ਨਹੀਂ ‘ਸਾਡੀ ਪੀੜ੍ਹੀ’ ਇਨ੍ਹਾਂ ਬਦਲੇ ਹੋਏ ਸਿਰਨਾਵਿਆਂ ਦੇ ਹਾਣ ਦੀ ਕਦੋਂ ਹੋਵੇਗੀ !