ਬਾਬਾ ਸ੍ਰੀ ਚੰਦ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ

ਬਾਬਾ ਸ੍ਰੀ ਚੰਦ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ

ਸ਼ਾਹਬਾਦ ਮਾਰਕੰਡਾ- ਰਾਜਪਾਲ ਬੰਡਾਰੂ ਦੱਤਾਤਰੇਅ ਨੇ ਕਿਹਾ ਹੈ ਕਿ ਬਾਬਾ ਸ੍ਰੀ ਚੰਦ ਨੇ ਹਮੇਸ਼ਾ ਗਰੀਬ ਤੇ ਬੇਸਹਾਰ ਦੀ ਸੇਵਾ ਕਰਨ ਦਾ ਸੰਦੇਸ਼ ਸਮਾਜ ਨੂੰ ਦਿੱਤਾ। ਅਜੇਹੇ ਮਹਾਪੁਰਸ਼ਾਂ ਦੇ ਦਿਖਾਏ ਰਾਹ ’ਤੇ ਚੱਲ ਕੇ ਹਰ ਨਾਗਰਿਕ ਨੂੰ ਸਮਾਜ ਸੇਵਾ ਦੇ ਕਾਰਜਾਂ ਲਈ ਅੱਗੇ ਆਉਣਾ ਚਾਹੀਦਾ ਹੈ ਤੇ ਹਰ ਇਕ ਵਿਅਕਤੀ ਨੂੰ ਉਨ੍ਹਾਂ ਦੇ ਆਦਰਸ਼ਾਂ ਨੂੰ ਆਪਣੇ ਜੀਵਨ ਵਿੱਚ ਢਾਲਣਾ ਚਾਹੀਦਾ ਹੈ।

ਰਾਜਪਾਲ ਬੰਡਾਰੂ ਦੱਤਾਤਰੇਅ ਬੀਤੀ ਦੇਰ ਸ਼ਾਮ ਪਿੰਡ ਮਾਂਡੀ ਦੇ ਉਦਾਸੀਨ ਬ੍ਰਹਮ ਅਖਾੜਾ ਸਾਹਿਬ ਵਲੋਂ ਗੁਰੂ ਨਾਨਕ ਦੇਵ ਦੇ ਵਡੇ ਸਪੁੱਤਰ ਬਾਬਾ ਸ੍ਰੀ ਚੰਦ ਦੇ 528ਵੇਂ ਪ੍ਰਕਾਸ਼ ਉਤਸਵ ਮੌਕੇ ਕਰਵਾਏ ਧਾਰਮਿਕ ਸਮਾਗਮ ਵਿੱਚ ਬੋਲ ਰਹੇ ਸਨ। ਇਸ ਤੋਂ ਪਹਿਲਾਂ ਉਨ੍ਹਾਂ ਤੇ ਖੇਡ ਯੁਵਾ ਮਾਮਲਿਆਂ ਦੇ ਮੰਤਰੀ ਸੰਦੀਪ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਿਆ ਤੇ ਸੰਤਾਂ ਤੋਂ ਅਸ਼ੀਰਵਾਦ ਲਿਆ। ਉਦਾਸੀਨ ਬ੍ਰਹਮ ਅਖਾੜਾ ਸਾਹਿਬ ਦੇ ਬਾਬਾ ਗੁਰਵਿੰਦਰ ਸਿੰਘ ਤੇ ਹੋਰ ਸੰਤਾਂ ਨੇ ਰਾਜਪਾਲ ਤੇ ਖੇਡ ਮੰਤਰੀ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਰਾਜਪਾਲ ਨੇ ਕਿਹਾ ਕਿ ਬਾਬਾ ਸ੍ਰੀ ਚੰਦ ਪਹਿਲੇ ਗੁਰੂ ਨਾਨਕ ਦੇਵ ਦੇ ਵੱਡੇ ਸਪੁੱਤਰ ਸਨ। ਉਨ੍ਹਾਂ ਨੇ ਉਦਾਸੀਨ ਸੰਪਰਦਾਇ ਦੀ ਸਥਾਪਨਾ ਕਰ ਸਨਾਤਨੀ ਸੰਸਕ੍ਰਿਤੀ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਚਾਰਾਂ ਨੂੰ ਅੱਗੇ ਵਧਾਇਆ।

ਪੰਜ ਤੱਤਾਂ ਪਾਣੀ, ਅੱਗ, ਧਰਤੀ , ਹਵਾ ਤੇ ਅਕਾਸ਼ ਵਿਚ ਵਿਸ਼ਵਾਸ਼ ਰੱਖਣ ਵਾਲੇ ਸਾਰੇ ਸ਼ਰਧਾਲੂ ਸਨਾਤਨ ਧਰਮ ਵਿੱਚ ਵੀ ਵਿਸ਼ਵਾਸ਼ ਰਖਦੇ ਹੋਏ ਸਮਾਜ ਭਲਾਈ ਦੇ ਕਾਰਜਾਂ ਵਿੱਚ ਲਗੇ ਹੋਏ ਹਨ। ਬਾਬਾ ਸ੍ਰੀ ਚੰਦ ਜੀ ਨੇ ਵੀ ਗਰੀਬ ਬੇਸਹਾਰਾ ਦੀ ਸੇਵਾ ਤੇ ਸਰਵ ਕਲਿਆਣ ਦੀ ਭਾਵਨਾ ਨੂੰ ਸਮਾਜ ਵਿੱਚ ਪ੍ਰਚਾਰਿਤ ਕੀਤਾ ਜਿਸ ਦੀ ਅਨੁਪਾਲਣਾ ਅੱਜ ਵੀ ਉਨ੍ਹਾਂ ਦੇ ਚੇਲਿਆਂ ਵਲੋਂ ਬਦਸਤੂਰ ਜਾਰੀ ਹੈ। ਉਨ੍ਹਾਂ ਕਿਹਾ ਕਿ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪੂਰਨ ਵਿਸ਼ਵਾਸ਼ ਰੱਖਦੇ ਹਨ। ਖੇਡ ਮੰਤਰੀ ਸੰਦੀਪ ਸਿੰਘ ਨੇ ਕਿਹਾ ਕਿ ਮਹਾਪੁਰਸ਼ਾਂ ਦੇ ਜਨਮ ਦਿਹਾੜੇ ਮਨਾਉਣ ਨਾਲ ਭਾਰਤੀ ਸੰਸਕ੍ਰਿਤੀ ਦੇ ਵਿਕਾਸ ਤੇ ਅਧਿਆਤਮ ਦੇ ਪ੍ਰਚਾਰ ਪ੍ਰਸਾਰ ਲਈ ਕੀਤੇ ਗਏ ਯਤਨਾਂ ਦੇ ਆਯੋਜਨਾਂ ਨਾਲ ਸਮਾਜ ਵਿਚ ਆਸਥਾ ਤੇ ਦ੍ਰਿੜਤਾ ਦਾ ਵਿਕਾਸ ਹੁੰਦਾ ਹੈ।

ਅਜੇਹੇ ਆਯੋਜਨਾਂ ਨਾਲ ਮਨ ਨੂੰ ਸ਼ਾਂਤੀ ਤੇ ਸੰਤੁਸ਼ਟੀ ਮਿਲਦੀ ਹੈ ਜੋ ਵਿਅਕਤੀ ਦੇ ਜੀਵਨ ਲਈ ਬੇਹਦ ਜ਼ਰੂਰੀ ਹੈ। ਇਸ ਮੌਕੇ ਬਾਬਾ ਗੁਰਵਿੰਦਰ ਸਿੰਘ ਜੀ, ਬਾਬਾ ਕੁਲਦੀਪ ਸਿੰਘ, ਬਾਬਾ ਕੰਵਲ ਸਿੰਘ, ਬਾਬਾ ਗੁਰਪ੍ਰੀਤ ਸਿੰਘ ਲਾਂਡਰਾ , ਬਾਬਾ ਅਮੀਰ ਸਿੰਘ, ਬਾਬਾ ਪ੍ਰਤਾਪ ਸਿੰਘ ਬਾਬਾ ਲਖਬੀਰ ਸਿੰਘ ,ਲਵਜੋਤ ਸਿੰਘ ਆਦਿ ਤੋਂ ਇਲਾਵਾ ਵਡੀ ਗਿਣਤੀ ਵਿਚ ਸੰਗਤਾਂ ਮੌਜੂਦ ਸਨ।