ਦਿੱਲੀ ਨਿਗਮ ਚੋਣਾਂ: ਭਾਜਪਾ ਨੇ ‘ਆਪ’ ਵੱਲੋਂ ਟਿਕਟਾਂ ਵੇਚਣ ਦਾ ਸਟਿੰਗ ਜਾਰੀ ਕੀਤਾ

ਦਿੱਲੀ ਨਿਗਮ ਚੋਣਾਂ: ਭਾਜਪਾ ਨੇ ‘ਆਪ’ ਵੱਲੋਂ ਟਿਕਟਾਂ ਵੇਚਣ ਦਾ ਸਟਿੰਗ ਜਾਰੀ ਕੀਤਾ

ਦਿੱਲੀ ਨਿਗਮ ਚੋਣਾਂ: ਭਾਜਪਾ ਨੇ ‘ਆਪ’ ਵੱਲੋਂ ਟਿਕਟਾਂ ਵੇਚਣ ਦਾ ਸਟਿੰਗ ਜਾਰੀ ਕੀਤਾ
ਨਵੀਂ ਦਿੱਲੀ- ਭਾਜਪਾ ਨੇ ਅੱਜ ਇਕ ਸਟਿੰਗ ਵੀਡੀਓ ਜਾਰੀ ਕਰਕੇ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਨਗਰ ਨਿਗਮ ਚੋਣਾਂ ਵਿੱਚ ਕਥਿਤ ਟਿਕਟਾਂ ਵੇਚਣ ਦਾ ਦਾਅਵਾ ਕੀਤਾ ਹੈ। ਇਹ ਵੀਡੀਓ ਉੱਤਰ-ਪੱਛਮੀ ਦਿੱਲੀ ਦੇ ਰੋਹਿਣੀ ਤੋਂ ਸਾਬਕਾ ‘ਆਪ’ ਵਾਲੰਟੀਅਰ ਵੱਲੋਂ ਬਣਾਇਆ ਗਿਆ ਹੈ।

ਭਾਜਪਾ ਦੇ ਕੌਮੀ ਤਰਜਮਾਨ ਸੰਬਿਤ ਪਾਤਰਾ ਨੇ ਅੱਜ ਇਥੇ ਸਟਿੰਗ ਅਪਰੇਸ਼ਨ ਦੀ ਵੀਡੀਓ ਦਿਖਾਉਂਦਿਆਂ ਕਿਹਾ ਕਿ ‘ਆਪ’ ਤੇ ਇਸ ਦੇ ਮੁਖੀ ਅਰਵਿੰਦ ਕੇਜਰੀਵਾਲ ਭ੍ਰਿਸ਼ਟਾਚਾਰ ਵਿਚ ਧੁਰ ਅੰਦਰ ਤੱਕ ਸ਼ਾਮਲ ਹਨ। ਸਾਬਕਾ ‘ਆਪ’ ਵਾਲੰਟੀਅਰ ਬਿੰਦੂ ਵੱਲੋਂ ਬਣਾਏ ਇਸ ਵੀਡੀਓ ਵਿੱਚ ਦਿੱਲੀ ਨਗਰ ਨਿਗਮ ਚੋਣਾਂ ਵਿੱਚ ਰੋਹਿਨੀ ‘ਡੀ’ ਵਾਰਡ ਤੋਂ ‘ਆਪ’ ਟਿਕਟ ਲਈ ਕਥਿਤ 80 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ। ਪਾਤਰਾ ਨੇ ਦਾਅਵਾ ਕੀਤਾ ਕਿ ਵੀਡੀਓ ’ਚ ਬਿੰਦੂ ਉੱਤਰ-ਪੱਛਮੀ ਦਿੱਲੀ ਲੋਕ ਸਭਾ ਹਲਕੇ ਦੇ ਇੰਚਾਰਜ ਆਰ. ਆਰ. ਪਠਾਨੀਆ ਤੇ ਰੋਹਿਨੀ ਅਸੈਂਬਲੀ ਹਲਕੇ ਦੇ ਇੰਚਾਰਜ ਕੋਆਰਡੀਨੇਟਰ ਪੁਨੀਤ ਗੋਇਲ ਸਣੇ ਕੁਝ ‘ਆਪ’ ਆਗੂਆਂ ਨਾਲ ਪੈਸਿਆਂ ਦੇ ਲੈਣ ਦੇਣ ਬਾਰੇ ਵਿਚਾਰ ਚਰਚਾ ਕਰਦੀ ਨਜ਼ਰ ਆ ਰਹੀ ਹੈ। ਪਾਤਰਾ ਨੇ ਦਾਅਵਾ ਕੀਤਾ, ‘‘ਪਠਾਨੀਆ ਤੇ ਗੋਇਲ ਸਮੇਤ ਇਨ੍ਹਾਂ ਆਗੂਆਂ ਦੀ, ਟਿਕਟਾਂ ਦੀ ਵੰਡ ਦਾ ਕੰਮ ਵੇਖਦੀ ‘ਆਪ’ ਦੀ ਪੰਜ ਮੈਂਬਰੀ ਕਮੇਟੀ ਨਾਲ ਨੇੜਤਾ ਹੈ। ਕਮੇਟੀ ਮੈਂਬਰਾਂ ਵਿੱਚ ਗੋਪਾਲ ਰਾਏ, ਦੁਰਗੇਸ਼ ਪਾਠਕ, ਸੌਰਭ ਭਾਰਦਵਾਜ , ਆਤਿਸ਼ੀ ਤੇ ਆਦਿਲ ਖ਼ਾਨ ਸ਼ਾਮਲ ਹਨ।’’ ਪਾਤਰਾ ਨੇ ਕਿਹਾ ਕਿ ਸਟਿੰਗ ਤੋਂ ਸਾਫ਼ ਹੋ ਗਿਆ ਹੈ ਕਿ ‘ਆਪ’ ਦੀਆਂ 110 ਟਿਕਟਾਂ ਭੁਗਤਾਨ ਅਧਾਰ ’ਤੇ ਵੰਡ ਲਈ ਰਾਖਵੀਆਂ ਰੱਖੀਆਂ ਗਈਆਂ ਸਨ। ਸਾਬਕਾ ਸੂਬਾ ਪ੍ਰਧਾਨ ਵਿਜੇਂਦਰ ਗੁਪਤਾ ਨੇ ਕਿਹਾ ਕਿ ਕੱਟੜ ਇਮਾਨਦਾਰ ਹੋਣ ਦਾ ਦਾਅਵਾ ਕਰਨ ਵਾਲੇ ਲੋਕ ਅੱਜ ਭ੍ਰਿਸ਼ਟ ਹੋ ਚੁੱਕੇ ਹਨ, ਇਹ ਇਸ ਦਾ ਸਬੂਤ ਹੈ।

ਉਧਰ ਇਹ ਸਟਿੰਗ ਅਪਰੇਸ਼ਨ ਕਰਨ ਵਾਲੀ ਸਾਬਕਾ ‘ਆਪ’ ਵਲੰਟੀਅਰ ਬਿੰਦੂ ਨੇ ਕਿਹਾ ‘‘ਇਹ ਕੁਝ ਆਗੂਆਂ ਦਾ ਕੰਮ ਨਹੀਂ। ਇਸ ਵਿਚ ਉਪਰ ਤੋਂ ਲੈ ਕੇ ਹੇਠਾਂ ਤੱਕ ਸਾਰੇ ਸ਼ਾਮਲ ਹਨ। ਮੈਂ ਦੁਰਗੇਸ਼ ਪਾਠਕ ਨੂੰ ਇਸ ਬਾਰੇ ਸ਼ਿਕਾਇਤ ਕੀਤੀ ਸੀ, ਪਰ ਕੁਝ ਨਹੀਂ ਹੋਇਆ।’’