ਨਿਹੰਗ ਖਾਨ ਦੀ ਹਵੇਲੀ ਦੀ ਕਾਰ ਸੇਵਾ ਜਲਦੀ ਹੋਵੇਗੀ ਸ਼ੁਰੂ: ਬਾਬਾ ਬਲਬੀਰ ਸਿੰਘ

ਨਿਹੰਗ ਖਾਨ ਦੀ ਹਵੇਲੀ ਦੀ ਕਾਰ ਸੇਵਾ ਜਲਦੀ ਹੋਵੇਗੀ ਸ਼ੁਰੂ: ਬਾਬਾ ਬਲਬੀਰ ਸਿੰਘ

ਰੂਪਨਗਰ- ਜ਼ਿਲ੍ਹਾ ਰੂਪਨਗਰ ਦੀ ਸੰਗਤ ਵੱਲੋਂ ਕੋਟਲਾ ਨਿਹੰਗ ਵਿੱਚ ਬੁੱਢਾ ਦਲ ਨੂੰ ਸੌਂਪੀ ਗਈ ਨਿਹੰਗ ਖਾਨ ਦੀ ਹਵੇਲੀ ਦੀ ਕਾਰ ਸੇਵਾ ਦਾ ਕੰਮ ਜਲਦੀ ਹੀ ਸ਼ੁਰੂ ਕਰਵਾਇਆ ਜਾ ਰਿਹਾ ਹੈ। ਅੱਜ ਪਿੰਡ ਬੜੀ ਵਿੱਚ ਬੀਬੀ ਮੁਮਤਾਜ਼ ਦੇ ਤਪ ਅਸਥਾਨ ’ਤੇ ਕਰਵਾਏ ਸਾਲਾਨਾ ਸਮਾਗਮ ਦੌਰਾਨ ਇਹ ਜਾਣਕਾਰੀ ਸਾਂਝੀ ਕਰਦਿਆਂ ਨਿਹੰਗ ਮੁਖੀ 96 ਕਰੋੜੀ ਪੰਥ ਰਤਨ ਬਾਬਾ ਬਲਬੀਰ ਸਿੰਘ ਬੁੱਢਾ ਦਲ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਦਸੰਬਰ ਮਹੀਨੇ ਮਨਾਏ ਜਾਂਦੇ ਸ਼ਹੀਦੀ ਪੰਦਰਵਾੜੇ ਦੌਰਾਨ ਸਮਾਗਮ ਬਾਰੇ ਸੰਗਤ ਨਾਲ ਵਿਚਾਰ-ਚਰਚਾ ਕਰ ਕੇ ਰੂਪ-ਰੇਖਾ ਉਲੀਕੀ ਜਾਵੇਗੀ। ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ ਨਿਹੰਗ ਖਾਨ ਦੇ ਕਿਲ੍ਹੇ ਦੀ ਕਾਰ ਸੇਵਾ ਕਰਵਾਈ ਜਾਵੇਗੀ ਤੇ ਇੱਥੇ ਮੁੜ ਤੋਂ ਸੁੰਦਰ ਹਵੇਲੀ ਉਸਾਰੀ ਜਾਵੇਗੀ। ਇਸ ਮੌਕੇ ਬਾਬਾ ਗੁਰਪ੍ਰੀਤ ਸਿੰਘ, ਬਾਬਾ ਮਲੂਕ ਸਿੰਘ ਲਾਡੀ ਤੇ ਘਾੜ ਕਲੱਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਗਿੱਲ ਵੀ ਹਾਜ਼ਰ ਸਨ।