ਮਹਿਰੌਲੀ ਕਤਲ: ਸ਼ਰਧਾ ਵਾਲਕਰ ਦੀ ਖੋਪੜੀ ਦੇ ਟੁਕੜੇ ਤੇ ਹੱਡੀਆਂ ਮਿਲੀਆਂ

ਮਹਿਰੌਲੀ ਕਤਲ: ਸ਼ਰਧਾ ਵਾਲਕਰ ਦੀ ਖੋਪੜੀ ਦੇ ਟੁਕੜੇ ਤੇ ਹੱਡੀਆਂ ਮਿਲੀਆਂ

ਪੁਲੀਸ ਨੇ ਛਤਰਪੁਰ ਤੇ ਗੁੜਗਾਉਂ ਦੇ ਜੰਗਲਾਂ ਅਤੇ ਪੂਨਾਵਾਲਾ ਦੇ ਫਲੈਟ ਦੀ ਲਈ ਤਲਾਸ਼ੀ
ਨਵੀਂ ਦਿੱਲੀ/ਮੁੰਬਈ- ਮਹਿਰੌਲੀ ਕਤਲ ਕੇਸ ਦੀ ਜਾਂਚ ਤਹਿਤ ਦਿੱਲੀ ਪੁਲੀਸ ਨੇ ਸ਼ਰਧਾ ਵਾਲਕਰ ਦੀ ਲਾਸ਼ ਦੇ ਬਾਕੀ ਹਿੱਸੇ ਬਰਾਮਦ ਕਰਨ ਲਈ ਮੁਹਿੰਮ ਤੇਜ਼ ਕਰਦਿਆਂ ਖੋਪੜੀ ਦੇ ਹਿੱਸੇ ਅਤੇ ਕੁਝ ਹੱਡੀਆਂ ਬਰਾਮਦ ਕੀਤੀਆਂ ਹਨ। ਪੁਲੀਸ ਨੇ ਲਾਸ਼ ਦੇ ਹੋਰ ਹਿੱਸਿਆਂ ਦੀ ਭਾਲ ਲਈ ਦੱਖਣੀ ਦਿੱਲੀ ਵਿੱਚ ਇੱਕ ਛੱਪੜ ’ਚੋਂ ਪਾਣੀ ਕੱਢਣ ਲਈ ਇੱਕ ਟੀਮ ਵੀ ਤਾਇਨਾਤ ਕੀਤੀ ਹੈ। ਸ਼ਰਧਾ ਵਾਲਕਰ ਦੇ ਦੋਸਤ ਆਫ਼ਤਾਬ ਨੇ ਛੇ ਮਹੀਨੇ ਪਹਿਲਾਂ ਕਥਿਤ ਤੌਰ ’ਤੇ ਉਸ ਦਾ ਕਤਲ ਕਰਨ ਮਗਰੋਂ ਲਾਸ਼ ਦੇ ਟੁਕੜੇ ਵੱਖ-ਵੱਖ ਥਾਈਂ ਸੁੱਟ ਦਿੱਤੇ ਸਨ।

ਪੁਲੀਸ ਸਬੂਤ ਜੁਟਾਉਣ ਲਈ ਅੱਜ ਮੁਲਜ਼ਮ ਆਫ਼ਤਾਬ ਨੂੰ ਉਸ ਫਲੈਟ ਵਿੱਚ ਲੈ ਕੇ ਗਈ ਜਿੱਥੇ ਉਹ ਦੋਵੇਂ ਇਕੱਠੇ ਰਹਿੰਦੇ ਸਨ। ਇਸੇ ਦੌਰਾਨ ਦਿੱਲੀ ਪੁਲੀਸ ਅਤੇ ਰੋਹਿਣੀ ਦਾ ਫੌਰੈਂਸਿਕ ਸਾਇੰਸ ਲੈਬਾਰਟਰੀ ਅਧਿਕਾਰੀਆਂ ਨੇ ਆਫਤਾਬ ਦੇ ਨਾਰਕੋ ਟੈਸਟ ਦੀ ਤਿਆਰੀ ਸਬੰਧੀ ਮੀਟਿੰਗ ਵੀ ਕੀਤੀ ਤਾਂ ਜੋ ਮੁਲਜ਼ਮ ਤੋਂ ਹੋਰ ਸੁਰਾਗ ਮਿਲ ਸਕਣ।

ਅਧਿਕਾਰੀਆਂ ਨੇ ਦੱਸਿਆ ਕਿ ਪੁਲੀਸ ਨੇ ਛਤਰਪੁਰ ਵਿੱਚ ਜੰਗਲੀ ਇਲਾਕਿਆਂ ਅਤੇ ਜਿੱਥੇ ਆਫਤਾਬ ਪੂੁਨਾਵਾਲਾ ਅਤੇ ਸ਼ਰਧਾ ਵਾਲਕਰ ਰਹਿੰਦੇ ਸਨ, ਸਣੇ ਕਈ ਥਾਵਾਂ ਤਲਾਸ਼ੀ ਲਈ। ਆਫ਼ਤਾਬ ਦਾ ਪੁਲੀਸ ਰਿਮਾਂਡ ਮੰਗਲਵਾਰ ਨੂੰ ਖਤਮ ਹੋ ਰਿਹਾ ਹੈ ਜਿਸ ਦੇ ਚੱਲਦਿਆਂ ਪੁਲੀਸ ਨੇ ਸ਼ਰਧਾ ਵਾਲਕਰ ਦੇ ਸਰੀਰ ਦੇ ਬਾਕੀ ਟੁਕੜੇ ਅਤੇ ਕਤਲ ਲਈ ਵਰਤਿਆ ਗਿਆ ਹਥਿਆਰ ਬਰਾਮਦ ਕਰਨ ਲਈ ਮਹਿਰੌਲੀ ਇਲਾਕੇ ਅਤੇ ਆਫ਼ਤਾਬ ਦੇ ਫਲੈਟ ਵਿੱਚ ਤਲਾਸ਼ੀ ਤੇਜ਼ ਕੀਤੀ ਹੈ। ਸੂਤਰਾਂ ਮੁਤਾਬਕ ਪੁਲੀਸ ਨੇ ਤੀਜੇ ਦਿਨ ਦਿੱਲੀ-ਐੱਨਸੀਆਰ ਇਲਾਕੇ ਵਿੱਚ ਮਹਿਰੌਲੀ ਅਤੇ ਗੁੜਗਾਉਂ ਦੇ ਜੰਗਲਾਂ ਵਿੱਚ ਤਲਾਸ਼ੀ ਮੁਹਿੰਮ ਤੇਜ਼ ਕਰਦਿਆਂ ਖੋਪੜੀ ਦੇ ਟੁਕੜੇ ਅਤੇ ਸਰੀਰ ਦੇ ਹੋਰ ਹਿੱਸੇ ਬਰਾਮਦ ਕੀਤੇ ਹਨ, ਜਿਨ੍ਹਾਂ ਵਿੱਚ ਜ਼ਿਆਦਾਤਰ ਹੱਡੀਆਂ ਹਨ। ਇਨ੍ਹਾਂ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਜਾਵੇਗਾ। ਇਸੇ ਦੌਰਾਨ ਦਿੱਲੀ ਪੁਲੀਸ ਵੱਲੋਂ ਲਾਸ਼ ਦੇ ਹੋਰ ਹਿੱਸਿਆਂ ਦੀ ਬਰਾਮਦਗੀ ਲਈ ਐੱਮਸੀਡੀ ਟੀਮਾਂ ਨਾਲ ਮਹਿਰੌਲੀ ਨੇੜੇ ਇੱਕ ਛੱਪੜ ਵਿੱਚੋਂ ਪਾਣੀ ਕੱਢਵਾਇਆ ਜਾ ਰਿਹਾ ਹੈ। ਮੁਲਜ਼ਮ ਆਫ਼ਤਾਬ ਪੂਨਾਵਾਲਾ ਨੇ ਪੁਲੀਸ ਕੋਲ ਦਾਅਵਾ ਕੀਤਾ ਸੀ ਕਿ ਉਸ ਨੇ ਲਾਸ਼ ਦੇ ਕੁਝ ਹਿੱਸੇ ਇਸ ਛੱਪੜ ਵਿੱਚ ਸੁੱਟੇ ਸਨ। ਇਸੇ ਦੌਰਾਨ ਆਫ਼ਤਾਬ ਪੂਨਾਵਾਲਾ ਦੇ ਨਾਰਕੋ ਟੈਸਟ ਦੀ ਇਜ਼ਾਜਤ ਵੀ ਮਿਲ ਗਈ ਹੈ। ਇਹ ਜਾਂਚ ਇੱਥੇ ਰੋਹਿਣੀ ਵਿੱਚ ਡਾ. ਬਾਬਾ ਸਾਹੇਬ ਅੰਬੇਡਕਰ ਹਸਪਤਾਲ ਵਿੱਚ ਹੋਵੇਗੀ। ਇਹ ਪੂਨਾਵਾਲਾ ਦੀ ਪੁਲੀਸ ਹਿਰਾਸਤ ਖਤਮ ਹੋਣ ਤੋਂ ਇੱਕ ਦਿਨ ਪਹਿਲਾਂ ਸੋਮਵਾਰ ਨੂੰ ਹੋਣ ਦੀ ਸੰਭਾਵਨਾ ਹੈ। ਦੂਜੇ ਪਾਸੇ ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਵਿੱਚ ਦਿੱਲੀ ਪੁਲੀਸ ਦੀ ਟੀਮ ਨੇ ਸ਼ਰਧਾ ਦੇ ਤਿੰਨ ਜਾਣਕਾਰਾਂ ਨੂੰ ਬਿਆਨ ਦਰਜ ਕਰਨ ਲਈ ਤਲਬ ਕੀਤਾ ਹੈ। ਦਿੱਲੀ ਪੁਲੀਸ ਟੀਮ ਇਸ ਸਮੇਂ ਪਾਲਘਰ ਦੇ ਵਸਾਈ ਅਧੀਨ ਮਾਨਿਕਪੁਰ ਵਿੱਚ ਹੈ। ਸ਼ਰਧਾ ਵਾਲਕਰ ਇੱਥੋਂ ਦੀ ਰਹਿਣ ਵਾਲੀ ਸੀ ਅਤੇ ਦਿੱਲੀ ਤਬਦੀਲ ਹੋਣ ਤੋਂ ਪਹਿਲਾਂ ਦੋਵੇਂ ਜਣੇ ਇੱਥੇ ਠਹਿਰੇ ਸਨ। ਟੀਮ ਨੇ ਸ਼ਨਿਚਰਵਾਰ ਨੂੰ ਵੀ ਪਾਲਘਰ ’ਚ ਜਣਿਆਂ ਦੇ ਬਿਆਨ ਦਰਜ ਕੀਤੇ ਸਨ।