ਮੂਸੇਵਾਲਾ ਦੇ ਮਾਪਿਆਂ ਨੂੰ ਮਿਲ ਕੇ ਭਾਵੁਕ ਹੋਇਆ ਬਰਨਾ ਬੁਆਏ

ਮੂਸੇਵਾਲਾ ਦੇ ਮਾਪਿਆਂ ਨੂੰ ਮਿਲ ਕੇ ਭਾਵੁਕ ਹੋਇਆ ਬਰਨਾ ਬੁਆਏ

ਮਾਨਸਾ- ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਲਈ ਨਾਈਜੀਰੀਆ ਦੇ ਗਾਇਕ ਬਰਨਾ ਬੁਆਏ ਨੇ ਵੀ ਇਨਸਾਫ ਮੰਗਿਆ ਹੈ। ਸਿੱਧੂ ਮੂਸੇਵਾਲਾ ਦੇ ਮਾਪੇ ਇਸ ਵੇਲੇ ਬਰਤਾਨੀਆ ਵਿੱਚ ਹਨ ਅਤੇ ਉਹ ਪੁੱਤ ਦੇ ਕਾਤਲਾਂ ਖ਼ਿਲਾਫ਼ ਕਾਰਵਾਈ ਨਾ ਹੋਣ ਤੋਂ ਨਾਰਾਜ਼ ਹਨ। ਉੱਥੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਦੀ ਅੱਜ ਨਾਈਜੀਰੀਅਨ ਰੈਪ ਗਾਇਕ ਬਰਨਾ ਬੁਆਏ ਨਾਲ ਮੁਲਾਕਾਤ ਹੋਈ। ਇਸ ਦੌਰਾਨ ਉਸ ਨੇ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਦੁੱਖ ਸਾਂਝਾ ਕੀਤਾ। ਸਿੱਧੂ ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਤੋਂ ਮਿਲੀ ਜਾਣਕਾਰੀ ਮੁਤਾਬਕ ਬਰਨਾ ਬੁਆਏ ਬਲਕੌਰ ਸਿੰਘ ਸਿੱਧੂ ਨਾਲ ਪਹਿਲੀ ਮੁਲਾਕਾਤ ਦੌਰਾਨ ਬਹੁਤ ਭਾਵੁਕ ਹੋਇਆ ਅਤੇ ਉਸ ਨੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀਆਂ ਬਹੁਤ ਸਾਰੀਆਂ ਗੱਲਾਂ ਮਾਪਿਆਂ ਨਾਲ ਸਾਂਝੀਆਂ ਕੀਤੀਆਂ। ਦੱਸਣਯੋਗ ਹੈ ਕਿ ਇੱਕ ਲਾਈਵ ਸ਼ੋਅ ਦੌਰਾਨ ਬਰਨਾ ਬੁਆਏ ਸਿੱਧੂ ਮੂਸੇਵਾਲਾ ਦਾ ਨਾਂ ਲੈਂਦਿਆਂ ਬਹੁਤ ਭਾਵੁਕ ਹੋ ਗਿਆ ਸੀ ਅਤੇ ਉਸ ਨੇ ਮੂਸੇਵਾਲਾ ਦੇ ਚਰਚਿਤ ਅੰਦਾਜ਼ ਵਿੱਚ ਉਸ ਨੂੰ ਸ਼ਰਧਾਂਜਲੀ ਦਿੱਤੀ ਸੀ। ਉਸ ਨੇ ਆਪਣੇ ਪੱਟ ’ਤੇ ਥਾਪੀ ਮਾਰ ਕੇ ਹਵਾ ਵਿੱਚ ਹੱਥ ਲਹਿਰਾਇਆ ਸੀ। ਇਸ ਸ਼ੋਅ ਦੌਰਾਨ ਦਰਸ਼ਕ ਵੀ ਭਾਵੁਕ ਹੋ ਗਏ ਸਨ। ਜ਼ਿਕਰਯੋਗ ਹੈ ਕਿ ਬਰਨਾ ਬੁਆਏ ਅਤੇ ਸਿੱਧੂ ਮੂਸੇਵਾਲਾ ਮਿਕਸਟੇਪ ’ਤੇ ਕੰਮ ਕਰ ਰਹੇ ਸਨ। ਉੱਧਰ, ਪਰਿਵਾਰ ਤੋਂ ਪਤਾ ਲੱਗਿਆ ਹੈ ਕਿ ਬਰਤਾਨੀਆ ਵਿੱਚ ਰਹਿੰਦੇ ਪੰਜਾਬੀ ਗਾਇਕ ਦੇ ਪ੍ਰਸ਼ੰਸਕਾਂ ਨੇ ਮੂਸੇਵਾਲਾ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸੇ ਕੜੀ ਤਹਿਤ ਉਨ੍ਹਾਂ ਵੱਲੋਂ 24 ਨਵੰਬਰ ਨੂੰ ਇੰਗਲੈਂਡ ਦੀ ਪਾਰਲੀਮੈਂਟ ਦੇ ਬਾਹਰ ਇੱਕ ਸਾਈਕਲ ਰੈਲੀ ਕੀਤੀ ਜਾ ਰਹੀ ਹੈ, ਜਿਸ ਵਿੱਚ ਮਰਹੂਮ ਗਾਇਕ ਦੇ ਮਾਪੇ ਸ਼ਾਮਲ ਹੋਣਗੇ।