ਪੱਤਰਕਾਰ ਖਸ਼ੋਗੀ ਦੀ ਹੱਤਿਆ ਦਾ ਮਾਮਲਾ- ਅਮਰੀਕਾ ਨੇ ਸਾਊਦੀ ਅਰਬ ਦੇ ਸ਼ਹਿਜ਼ਾਦੇ ਨੂੰ ਰਾਹਤ ਦੇਣ ਲਈ ਮੋਦੀ ਦੇ ਮਾਮਲੇ ਦਾ ਹਵਾਲਾ ਿਦੱਤਾ

ਪੱਤਰਕਾਰ ਖਸ਼ੋਗੀ ਦੀ ਹੱਤਿਆ ਦਾ ਮਾਮਲਾ- ਅਮਰੀਕਾ ਨੇ ਸਾਊਦੀ ਅਰਬ ਦੇ ਸ਼ਹਿਜ਼ਾਦੇ ਨੂੰ ਰਾਹਤ ਦੇਣ ਲਈ ਮੋਦੀ ਦੇ ਮਾਮਲੇ ਦਾ ਹਵਾਲਾ ਿਦੱਤਾ

ਨਵੀਂ ਦਿੱਲੀ-ਪੱਤਰਕਾਰ ਜਮਾਲ ਖਸ਼ੋਗੀ ਦੀ ਹੱਤਿਆ ਦੇ ਮਾਮਲੇ ’ਚ ਫਸੇ ਸਾਊਦੀ ਅਰਬ ਦੇ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ’ਤੇ ਅਮਰੀਕਾ ’ਚ ਕੇਸ ਚਲਾਉਣ ਤੋਂ ਰਾਹਤ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਾਮਲੇ ਦਾ ਜ਼ਿਕਰ ਕੀਤਾ ਗਿਆ ਹੈ। ਅਮਰੀਕਾ ਵੱਲੋਂ ਇੱਕ ਪਾਸੇ ਜਿੱਥੇ ਮੋਦੀ ’ਤੇ ਗੁਜਰਾਤ ਦੰਗਿਆਂ ਮਗਰੋਂ ਅਮਰੀਕਾ ’ਚ ਆਉਣ ’ਤੇ ਲਾਈ ਗਈ ਪਾਬੰਦੀ ਦੇ ਮਾਮਲੇ ਦਾ ਜ਼ਿਕਰ ਕੀਤਾ ਗਿਆ ਹੈ ਤਾਂ ਦੂਜੇ ਪਾਸੇ ਵ੍ਹਾਈਟ ਹਾਊਸ ਨੇ ਜੀ-20 ਸਿਖ਼ਰ ਸੰਮੇਲਨ ਦੌਰਾਨ ਰੂਸ-ਯੂਕਰੇਨ ਜੰਗ ਦੇ ਸਬੰਧ ’ਚ ਮੋਦੀ ਦੇ ਸੁਨੇਹੇ ਦੀ ਸ਼ਲਾਘਾ ਕੀਤੀ ਹੈ ਉਥੇ ਭਾਰਤ ਵੱਲੋਂ ਸੰਮੇਲਨ ਦੇ ਐਲਾਨਨਾਮੇ ’ਚ ਨਿਭਾਈ ਗਈ  ਭਾਰਤ ਦੀ ਅਹਿਮ ਭੂਮਿਕਾ ਨੂੰ ਵੀ ਰੇਖਾਂਕਿਤ ਕੀਤਾ ਹੈ।  ਅਮਰੀਕੀ ਵਿਦੇਸ਼ ਵਿਭਾਗ ਦੇ ਪ੍ਰਿੰਸੀਪਲ ਉਪ ਤਰਜਮਾਨ ਵੇਦਾਂਤ ਪਟੇਲ ਨੇ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਅਮਰੀਕਾ ’ਚ ਇਸੇ ਤਰ੍ਹਾਂ ਦੀ ਰਾਹਤ ਦਿੱਤੀ ਗਈ ਸੀ ਜੋ ਹੁਣੇ ਜਿਹੇ ਸਾਊਦੀ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਨੂੰ ਦਿੱਤੀ ਗਈ ਹੈ। ਉਨ੍ਹਾਂ ਕਿਹਾ,‘‘ਇਹ ਪਹਿਲੀ ਵਾਰ ਨਹੀਂ ਹੈ ਕਿ ਅਮਰੀਕਾ ਨੇ ਇੰਜ ਕਿਸੇ ਮੁਲਕ ਦੇ ਸਿਖਰਲੇ ਆਗੂ ਨੂੰ ਰਾਹਤ ਦਿੱਤੀ ਹੈ। ਇਹ ਲੰਬੇ ਸਮੇਂ ਤੋਂ ਚਲੀ ਆ ਰਹੀ ਰਵਾਇਤ ਹੈ। ਪਹਿਲਾਂ ਵੀ ਕਈ ਮੁਲਕਾਂ ਦੇ ਮੁਖੀਆਂ ਨੂੰ ਅਜਿਹੀ ਰਾਹਤ ਦਿੱਤੀ ਗਈ ਹੈ।’’ ਉਨ੍ਹਾਂ ਮਿਸਾਲਾਂ ਦਿੰਦਿਆਂ ਦੱਸਿਆ ਕਿ ਹੈਤੀ ਦੇ ਰਾਸ਼ਟਰਪਤੀ ਅਰਿਸਟਾਈਡ ਨੂੰ 1993, ਜ਼ਿੰਬਾਬਵੇ ਦੇ ਰਾਸ਼ਟਰਪਤੀ ਮੁਗਾਬੇ ਨੂੰ 2001, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 2014 ਅਤੇ ਡੀਆਰਸੀ ਦੇ ਰਾਸ਼ਟਰਪਤੀ ਕਾਬੀਲਾ ਨੂੰ 2018 ’ਚ ਰਾਹਤ ਦਿੱਤੀ ਗਈ ਸੀ। ਉਂਜ ਭਾਰਤ ਸਰਕਾਰ ਨੇ ਅਜੇ ਇਸ ਬਿਆਨ ਬਾਰੇ ਕੋਈ ਪ੍ਰਤੀਕਰਮ ਨਹੀਂ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸ੍ਰੀ ਮੋਦੀ ਦੇ ਮੁੱਖ ਮੰਤਰੀ ਰਹਿੰਦਿਆਂ ਗੁਜਰਾਤ ’ਚ 2002 ’ਚ ਦੰਗੇ ਹੋਏ ਸਨ ਅਤੇ ਉਨ੍ਹਾਂ ’ਤੇ ਕਾਰਵਾਈ ਨਾ ਕਰਨ ਦੇ ਦੋਸ਼ ਹੇਠ ਅਮਰੀਕਾ ਨੇ ਮੁਲਕ ’ਚ ਦਾਖ਼ਲੇ ’ਤੇ ਪਾਬੰਦੀ ਲਗਾਈ ਸੀ। ਇੰਗਲੈਂਡ ਅਤੇ ਯੂਰੋਪੀਅਨ ਯੂਨੀਅਨ ਨੇ ਉਨ੍ਹਾਂ ਦੇ ਬਾਈਕਾਟ ਨੂੰ ਪਹਿਲਾਂ ਹੀ ਖ਼ਤਮ ਕਰ ਦਿੱਤਾ ਸੀ ਪਰ ਅਮਰੀਕਾ ਨੇ ਸ੍ਰੀ ਮੋਦੀ ਦੇ 2014 ’ਚ ਪ੍ਰਧਾਨ ਮੰਤਰੀ ਬਣਨ ਮਗਰੋਂ ਇਹ ਪਾਬੰਦੀ ਹਟਾਈ ਸੀ।    

ਜੀ-20 ਐਲਾਨਨਾਮੇ ’ਚ ਭਾਰਤ ਨੇ ਅਹਿਮ ਭੂਮਿਕਾ ਨਿਭਾਈ: ਵ੍ਹਾਈਟ ਹਾਊਸ

ਵਾਸ਼ਿੰਗਟਨ: ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਇੰਡੋਨੇਸ਼ੀਆ ਦੇ ਬਾਲੀ ’ਚ ਹੋਏ ਜੀ-20 ਸਿਖਰ ਸੰਮੇਲਨ ਦੇ ਐਲਾਨਨਾਮੇ ਸਬੰਧੀ ਗੱਲਬਾਤ ’ਚ ਭਾਰਤ ਨੇ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰੂਸ-ਯੂਕਰੇਨ ਜੰਗ ਬਾਰੇ ਦਿੱਤੇ ਸੁਨੇਹੇ ਦੀ ਸ਼ਲਾਘਾ ਕੀਤੀ ਜਿਸ ’ਚ ਉਨ੍ਹਾਂ ਕਿਹਾ ਸੀ ਕਿ ਅੱਜ ਦਾ ਯੁੱਗ ਜੰਗ ਦਾ ਨਹੀਂ ਹੋਣਾ ਚਾਹੀਦਾ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੀਨ ਜਿਆਂ ਪਿਯਰੇ ਨੇ ਨਿਊਜ਼ ਕਾਨਫਰੰਸ ਦੌਰਾਨ ਕਿਹਾ,‘‘ਭਾਰਤ ਨੇ ਸਿਖਰ ਸੰਮੇਲਨ ਦੇ ਐਲਾਨਨਾਮੇ ਸਬੰਧੀ ਗੱਲਬਾਤ ’ਚ ਅਹਿਮ ਭੂਮਿਕਾ ਨਿਭਾਈ। ਪ੍ਰਧਾਨ ਮੰਤਰੀ ਮੋਦੀ ਨੇ ਸਪੱਸ਼ਟ ਕੀਤਾ ਕਿ ਅੱਜ ਦਾ ਯੁੱਗ ਜੰਗ ਦਾ ਨਹੀਂ ਹੋਣਾ ਚਾਹੀਦਾ ਹੈ।’’ ਉਨ੍ਹਾਂ ਕਿਹਾ ਕਿ ਹੋਰ ਪਹਿਲਕਦਮੀਆਂ ਦਰਮਿਆਨ ਲਚਕੀਲਾ ਆਲਮੀ ਅਰਥਚਾਰਾ ਬਣਾਉਣ ਦੀਆਂ ਕੋਸ਼ਿਸਾਂ ਨੂੰ ਜਾਰੀ ਰੱਖਦਿਆਂ ਮੌਜੂਦਾ ਖੁਰਾਕ ਅਤੇ ਊਰਜਾ ਸੁਰੱਖਿਆ ਚੁਣੌਤੀਆਂ ਨੂੰ ਦੂਰ ਕਰਨ ਦਾ ਵੀ ਇਕ ਰਾਹ ਲੱਭਿਆ ਗਿਆ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਸਿਖਰ ਸੰਮੇਲਨ ’ਚ ਹਿੱਸਾ ਲੈਣ ਤੋਂ ਬਾਅਦ ਵੀਰਵਾਰ ਨੂੰ ਮੁਲਕ ਪਰਤ ਆਏ ਹਨ। ਭਾਰਤ ਦਸੰਬਰ ’ਚ ਜੀ-20 ਦੀ ਪ੍ਰਧਾਨਗੀ ਸੰਭਾਲੇਗਾ। ਗਰੁੱਪ ਦੇ ਸਾਰੇ ਮੈਂਬਰਾਂ ਅਤੇ ਕੌਮਾਂਤਰੀ ਭਾਈਚਾਰੇ ਦਾ ਕਹਿਣਾ ਹੈ ਕਿ ਭਾਰਤ ਦੀ ਚੇਅਰਮੈਨੀ ਜੀ-20 ਦੇ ਇਤਿਹਾਸ ’ਚ ਅਹਿਮ ਸਾਬਿਤ ਹੋਵੇਗੀ। ਪਿਯਰੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਸਬੰਧ ਇਸ ਨਤੀਜੇ ਲਈ ਅਹਿਮ ਸਨ ਅਤੇ ਸਾਰੇ ਮੁਲਕ ਭਾਰਤ ਦੀ ਅਗਲੇ ਸਾਲ ਪ੍ਰਧਾਨਗੀ ਦੌਰਾਨ ਸਹਿਯੋਗ ਕਰਨ ਲਈ ਤਿਆਰ ਹਨ। ਉਨ੍ਹਾਂ ਇਹ ਵੀ ਕਿਹਾ ਕਿ ਬਾਇਡਨ ਨੇ ਇੰਡੋਨੇਸ਼ੀਆ ’ਚ ਮੋਦੀ ਨਾਲ ਗੱਲਬਾਤ ਵੀ ਕੀਤੀ।