ਡੱਲੇਵਾਲ ਵੱਲੋਂ ਕਿਸਾਨੀ ਮੰਗਾਂ ਲਾਗੂ ਕਰਵਾਉਣ ਲਈ ਮਰਨ ਵਰਤ ਸ਼ੁਰੂ

ਡੱਲੇਵਾਲ ਵੱਲੋਂ ਕਿਸਾਨੀ ਮੰਗਾਂ ਲਾਗੂ ਕਰਵਾਉਣ ਲਈ ਮਰਨ ਵਰਤ ਸ਼ੁਰੂ

ਸਰਕਾਰ ’ਤੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਖ਼ਿਲਾਫ਼ ਦੁਰਪ੍ਰਚਾਰ ਕਰਨ ਦੇ ਦੋਸ਼
ਫ਼ਰੀਦਕੋਟ- ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਅੱਜ ਕਿਸਾਨਾਂ ਦੀਆਂ ਮੰਗਾਂ ਮੰਨਵਾਉਣ ਲਈ ਇੱਥੇ ਮਰਨ ਵਰਤ ’ਤੇ ਬੈਠ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨ ਜਥੇਬੰਦੀ ਨੇ ਪਿਛਲੇ ਇੱਕ ਹਫ਼ਤੇ ਤੋਂ ਸ੍ਰੀਨਗਰ ਤੋਂ ਰਾਜਸਥਾਨ ਤੱਕ ਜਾਣ ਵਾਲੇ ਹਾਈਵੇਅ ਨੰਬਰ-54 ’ਤੇ ਫ਼ਰੀਦਕੋਟ ਵਿੱਚ ਆਵਾਜਾਈ ਰੋਕੀ ਹੋਈ ਸੀ।

ਅੱਜ ਦੁਪਹਿਰ 12 ਵਜੇ ਜਗਜੀਤ ਡੱਲੇਵਾਲ ਦੀ ਅਗਵਾਈ ਹੇਠ ਬਣੇ ਸੰਯੁਕਤ ਕਿਸਾਨ ਮੋਰਚੇ ਦੀ ਇੱਥੇ ਮੀਟਿੰਗ ਹੋਈ, ਜਿਸ ਵਿੱਚ ਪੰਜਾਬ ਦੀਆਂ ਅੱਧੀ ਦਰਜਨ ਤੋਂ ਵੱਧ ਕਿਸਾਨ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਡੱਲੇਵਾਲ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਹਾਲੇ ਤੱਕ ਲਾਗੂ ਨਹੀਂ ਕੀਤੀਆਂ ਹਨ, ਜਿਨ੍ਹਾਂ ਨੂੰ ਮੰਨਵਾਉਣ ਲਈ ਉਹ ਮਰਨ ਵਰਤ ’ਤੇ ਬੈਠ ਰਹੇ ਹਨ। ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਨੇ ਪਰਾਲੀ ਸਾੜਨ ਵਾਲੇ ਕਿਸਾਨਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਨਾ ਕਰਨ, ਖੰਡ ਮਿੱਲਾਂ ਦੀ ਸ਼ੁਰੂਆਤ 5 ਨਵੰਬਰ ਤੋਂ ਕਰਨ ਅਤੇ ਲੰਬੇ ਸਮੇਂ ਤੋਂ ਕਿਸਾਨਾਂ ਦੇ ਕਬਜ਼ੇ ਹੇਠ ਚੱਲ ਰਹੀ ਜ਼ਮੀਨ ਦੀ ਮਾਲਕੀ ਕਿਸਾਨਾਂ ਨੂੰ ਦੇਣ ਦੀ ਹਾਮੀ ਭਰੀ ਸੀ, ਪਰ ਹਾਲੇ ਤੱਕ ਇਨ੍ਹਾਂ ਮੰਗਾਂ ’ਤੇ ਅਮਲ ਨਹੀਂ ਕੀਤਾ ਗਿਆ ਹੈ। ਇਸ ਮੌਕੇ ਕਿਸਾਨ ਆਗੂ ਚਰਨਜੀਤ ਸਿੰਘ ਸੁੱਖਣਵਾਲਾ, ਹਰਜਿੰਦਰ ਸਿੰਘ, ਸਾਧੂ ਸਿੰਘ, ਬਲਦੇਵ ਸਿੰਘ ਸਿਰਸਾ ਤੇ ਅੰਗਰੇਜ਼ ਸਿੰਘ ਗੋਲੇਵਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀਆਂ ਜਾਇਜ਼ ਮੰਗਾਂ ਮੰਨਣ ਦੀ ਥਾਂ ਉਨ੍ਹਾਂ ਖ਼ਿਲਾਫ਼ ਦੁਰਪ੍ਰਚਾਰ ਕਰ ਰਹੀ ਹੈ। ਇਸੇ ਦੌਰਾਨ ਕਿਸਾਨਾਂ ਵੱਲੋਂ ਹਾਈਵੇਅ ਜਾਮ ਕੀਤੇ ਜਾਣ ਦੇ ਵਿਰੋਧ ਵਿੱਚ ਵੀ ਆਵਾਜ਼ਾਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ। ਕੌਮੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਬਿੰਦਰ ਸਿੰਘ ਗੋਲੇਵਾਲਾ ਨੇ ਮੁੱਖ ਮੰਤਰੀ ਦੇ ਬਿਆਨ ਨਾਲ ਸਹਿਮਤੀ ਜਤਾਉਂਦਿਆਂ ਕਿਹਾ ਕਿ ਸੜਕਾਂ ਰੋਕਣ ਨਾਲ ਆਮ ਲੋਕਾਂ ਦੀਆਂ ਸਮੱਸਿਆਵਾਂ ਵਧ ਰਹੀਆਂ ਹਨ, ਇਸ ਲਈ ਕਿਸਾਨਾਂ ਨੂੰ ਹਾਈਵੇਅ ਜਾਮ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਸੇ ਤਰ੍ਹਾਂ ਜੰਮੂ ਤੋਂ ਬੀਕਾਨੇਰ ਜਾ ਰਹੇ ਟਰੱਕ ਡਰਾਈਵਰਾਂ ਨੇ ਦੇਰ ਰਾਤ ਕਿਸਾਨਾਂ ਖ਼ਿਲਾਫ਼ ਨਾਅਰੇਬਾਜ਼ੀ ਕਰ ਕੇ ਦੋਸ਼ ਲਾਇਆ ਕਿ ਉਹ ਰਸਤੇ ਰੋਕ ਕੇ ਮੁਸਾਫ਼ਰਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ। ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਉਹ ਲੋਕਾਂ ਦੀ ਸਮੱਸਿਆਵਾਂ ਨੂੰ ਸਮਝਦੇ ਹਨ ਤੇ ਹਾਈਵੇਅ ਜਾਮ ਕਰਨ ਦੇ ਫ਼ੈਸਲੇ ਬਾਰੇ ਸੰਯੁਕਤ ਮੋਰਚਾ ਬਹੁਤ ਜਲਦੀ ਪੁਨਰ-ਵਿਚਾਰ ਕਰੇਗਾ।