ਡੇਰਾ ਪ੍ਰੇਮੀ ਕਤਲ: ਤਿੰਨ ਮੁਲਜ਼ਮ ਪੰਜ ਦਿਨਾਂ ਪੁਲੀਸ ਰਿਮਾਂਡ ’ਤੇ ਭੇਜੇ

ਡੇਰਾ ਪ੍ਰੇਮੀ ਕਤਲ: ਤਿੰਨ ਮੁਲਜ਼ਮ ਪੰਜ ਦਿਨਾਂ ਪੁਲੀਸ ਰਿਮਾਂਡ ’ਤੇ ਭੇਜੇ

ਹੁਸ਼ਿਆਰਪੁਰ ਤੋਂ ਗ੍ਰਿਫ਼ਤਾਰ ਕੀਤੇ ਤਿੰਨੋਂ ਮੁਲਜ਼ਮਾਂ ਨੂੰ ਲਿਆਂਦਾ ਗਿਆ ਹੈ ਫਰੀਦਕੋਟ
ਫ਼ਰੀਦਕੋਟ/ਕੋਟਕਪੂਰਾ- ਡੇਰਾ ਪ੍ਰੇਮੀ ਦੇ ਕਤਲ ਦੇ ਮਾਮਲੇ ਵਿੱਚ ਇੱਕ ਦਿਨ ਪਹਿਲਾਂ ਹੁਸ਼ਿਆਰਪੁਰ ਤੋਂ ਗ੍ਰਿਫ਼ਤਾਰ ਕੀਤੇ ਗਏ ਤਿੰਨ ਮੁਲਜ਼ਮਾਂ ਨੂੰ ਅੱਜ ਇੱਥੋਂ ਦੀ ਇੱਕ ਮੈਜਿਸਟਰੇਟ ਅਦਾਲਤ ਨੇ ਪੰਜ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਇਨ੍ਹਾਂ ਤਿੰਨੋਂ ਮੁਲਜ਼ਮਾਂ ਨੂੰ ਵੀਰਵਾਰ ਨੂੰ ਫ਼ਰੀਦਕੋਟ, ਜਲੰਧਰ ਅਤੇ ਹੁਸ਼ਿਆਰਪੁਰ ਪੁਲੀਸ ਨੇ ਸਾਂਝੀ ਕਾਰਵਾਈ ਦੌਰਾਨ ਕਾਬੂ ਕੀਤਾ ਸੀ ਜਿਨ੍ਹਾਂ ਨੂੰ ਫ਼ਰੀਦਕੋਟ ਲਿਆਂਦਾ ਗਿਆ ਹੈ। ਇਸ ਤੋਂ ਪਹਿਲਾਂ ਡੀਐੱਸਪੀ ਕੋਟਕਪੂਰਾ ਸ਼ਮਸ਼ੇਰ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਤਿੰਨੋਂ ਮੁਲਜ਼ਮਾਂ ਮਨਪ੍ਰੀਤ ਸਿੰਘ ਮਨੀ, ਭੁਪਿੰਦਰ ਸਿੰਘ ਗੋਲਡੀ ਅਤੇ ਬਲਜੀਤ ਸਿੰਘ ਮੰਨਾ ਨੂੰ ਲੈ ਕੇ ਅਦਾਲਤ ਪੁੱਜੀ। ਪੁਲੀਸ ਨੇ ਅਦਾਲਤ ਨੂੰ ਦੱਸਿਆ ਕਿ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦੇ ਕਤਲ ਲਈ ਵਰਤੇ ਗਏ ਹਥਿਆਰ ਹਾਲੇ ਤੱਕ ਮੁਲਜ਼ਮਾਂ ਕੋਲੋਂ ਬਰਾਮਦ ਨਹੀਂ ਹੋ ਸਕੇ ਹਨ ਅਤੇ ਮੁਲਜ਼ਮਾਂ ਨੇ ਇਹ ਕਤਲ ਕਿਸ ਦੇ ਕਹਿਣ ’ਤੇ ਕੀਤਾ, ਇਸ ਬਾਰੇ ਵੀ ਪਤਾ ਕਰਨਾ ਬਾਕੀ ਹੈ। ਇਸ ਤੋਂ ਇਲਾਵਾ ਮੁਲਜ਼ਮਾਂ ਨੇ ਕਤਲ ਕਰਨ ਲਈ ਸੂਬੇ ਤੋਂ ਬਾਹਰਲੇ ਗੈਂਗਸਟਰਾਂ ਦੀ ਮਦਦ ਵੀ ਲਈ ਹੈ, ਜਿਸ ਸਬੰਧੀ ਲੰਬੀ ਪੁੱਛ-ਪੜਤਾਲ ਦੀ ਲੋੜ ਹੈ। ਦਲੀਲਾਂ ਸੁਣਨ ਮਗਰੋਂ ਅਦਾਲਤ ਨੇ ਮਨਪ੍ਰੀਤ ਸਿੰਘ ਮਨੀ, ਭੁਪਿੰਦਰ ਸਿੰਘ ਗੋਲਡੀ ਅਤੇ ਬਲਜੀਤ ਸਿੰਘ ਮੰਨਾ ਨੂੰ ਪੁੱਛ-ਪੜਤਾਲ ਲਈ ਪੰਜ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜਣ ਦਾ ਹੁਕਮ ਦਿੱਤਾ।

ਦੱਸਣਯੋਗ ਹੈ ਕਿ ਬਲਜੀਤ ਸਿੰਘ ਮੰਨਾ ’ਤੇ ਮੁਲਜ਼ਮਾਂ ਨੂੰ ਨਾਭਾ ਤੋਂ ਹੁਸ਼ਿਆਰਪੁਰ ਲੈ ਕੇ ਜਾਣ ਦਾ ਦੋਸ਼ ਹੈ ਜਦੋਂਕਿ ਮਨਪ੍ਰੀਤ ਸਿੰਘ ਮਨੀ ਅਤੇ ਭੁਪਿੰਦਰ ਗੋਲਡੀ ਵਾਰਦਾਤ ਸਮੇਂ ਮੌਕੇ ’ਤੇ ਮੌਜੂਦ ਸਨ ਅਤੇ ਉਨ੍ਹਾਂ ਨੇ ਕਥਿਤ ਤੌਰ ’ਤੇ ਪ੍ਰਦੀਪ ਸਿੰਘ ਨੂੰ ਗੋਲੀਆਂ ਮਾਰੀਆਂ ਸਨ। ਪੁਲੀਸ ਇਸ ਮਾਮਲੇ ਵਿੱਚ ਹੁਣ ਤੱਕ ਕੁੱਲ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ ਜਿਨ੍ਹਾਂ ਵਿੱਚ ਹਰਿਆਣਾ ਦੇ ਦੋ ਨਾਬਾਲਗ ਵੀ ਸ਼ਾਮਲ ਹਨ। ਪੁਲੀਸ ਰਿਮਾਂਡ ਦੌਰਾਨ ਕਤਲ ਕਾਂਡ ਦੇ ਮੁਲਜ਼ਮਾਂ ਦੇ ਤਾਰ ਕਥਿਤ ਤੌਰ ’ਤੇ ਕੈਨੇਡਾ ਆਧਾਰਿਤ ਗੈਂਗਸਟਰ ਗੋਲਡੀ ਬਰਾੜ ਨਾਲ ਜੁੜੇ ਹੋਣ ਬਾਰੇ ਵੀ ਪਤਾ ਲਾਇਆ ਜਾਵੇਗਾ।