ਠੰਢ ਦੇ ਨਾਲ ਹੀ ਵਧਣ ਲੱਗੀ ਜ਼ੀਰੋ ਬਿੱਲਾਂ ਦੀ ਗਿਣਤੀ

ਠੰਢ ਦੇ ਨਾਲ ਹੀ ਵਧਣ ਲੱਗੀ ਜ਼ੀਰੋ ਬਿੱਲਾਂ ਦੀ ਗਿਣਤੀ

ਘਰੇਲੂ ਖਪਤਕਾਰਾਂ ਨੂੰ ਮਿਲ ਰਿਹੈ ਲਾਹਾ; ਸਬਸਿਡੀ ਬਿੱਲ ਦੀ ਪੰਡ ਹੋਣ ਲੱਗੀ ਭਾਰੀ
ਚੰਡੀਗੜ੍ਹ- ਪੰਜਾਬ ਵਿਚ ਸਰਦੀ ਦਾ ਮੌਸਮ ਸ਼ੁਰੂ ਹੋਣ ਦੇ ਨਾਲ ਹੀ ਘਰੇਲੂ ਬਿਜਲੀ ਦੇ ‘ਜ਼ੀਰੋ ਬਿੱਲਾਂ’ ਦਾ ਅੰਕੜਾ ਸਿਖ਼ਰ ਵੱਲ ਜਾਣ ਲੱਗ ਪਿਆ ਹੈ। ਘਰੇਲੂ ਖਪਤਕਾਰਾਂ ਨੂੰ ਸਰਦ ਰੁੱਤ ਦਾ ਲਾਹਾ ਮਿਲਣਾ ਸੁਭਾਵਿਕ ਹੈ ਜਦਕਿ ਦੂਸਰੇ ਬੰਨ੍ਹੇ ਸਰਕਾਰ ਦੀ ਸਬਸਿਡੀ ਬਿੱਲ ਦੀ ਪੰਡ ਭਾਰੀ ਹੋਣ ਲੱਗ ਪਈ ਹੈ। ਬਿਜਲੀ ਸਬਸਿਡੀ ਦਾ ਲਾਹਾ ਲੈਣ ’ਚ ਸਿਰਫ਼ ਸਵਾ ਤਿੰਨ ਫੀਸਦੀ ਖਪਤਕਾਰ ਹੀ ਬਾਕੀ ਬਚੇ ਹਨ।

ਵੇਰਵਿਆਂ ਅਨੁਸਾਰ ਅਕਤੂਬਰ ਵਿਚ 97.17 ਫੀਸਦੀ ਘਰੇਲੂ ਖਪਤਕਾਰਾਂ ਨੂੰ ਬਿਜਲੀ ਸਬਸਿਡੀ ਮਿਲੀ ਹੈ ਜਦਕਿ ਸਿਰਫ਼ ਪੌਣੇ ਤਿੰਨ ਫੀਸਦੀ ਖਪਤਕਾਰਾਂ ਨੂੰ ਹੀ ਬਿਜਲੀ ਦਾ ਪੂਰਾ ਮੁੱਲ ਤਾਰਨਾ ਪਿਆ ਹੈ। ਪੰਜਾਬ ਸਰਕਾਰ ਨੇ ਪਹਿਲੀ ਜੁਲਾਈ ਤੋਂ 600 ਯੂਨਿਟ ਬਿਜਲੀ ਮੁਆਫ ਕਰਨ ਦਾ ਫ਼ੈਸਲਾ ਲਾਗੂ ਕੀਤਾ ਸੀ। ਜੁਲਾਈ ਵਿਚ 62.36 ਫੀਸਦੀ, ਅਗਸਤ ਵਿਚ 67.53 ਫੀਸਦੀ ਅਤੇ ਸਤੰਬਰ ਵਿਚ 70.74 ਫੀਸਦੀ ਘਰੇਲੂ ਖਪਤਕਾਰਾਂ ਨੂੰ ਬਿਜਲੀ ਦੇ ਜ਼ੀਰੋ ਬਿੱਲ ਮਿਲੇ ਹਨ। ਜਿਵੇਂ ਜਿਵੇਂ ਮੌਸਮ ਠੰਢਾ ਹੋਣ ਲੱਗ ਪਿਆ ਹੈ, ਜ਼ੀਰੋ ਬਿੱਲਾਂ ਦੀ ਗਿਣਤੀ ਵੀ ਵਧਣ ਲੱਗ ਪਈ ਹੈ। ਅਕਤੂਬਰ ਵਿਚ 76.07 ਫੀਸਦੀ ਖਪਤਕਾਰਾਂ ਨੂੰ ਬਿਜਲੀ ਦੇ ਜ਼ੀਰੋ ਬਿੱਲ ਪ੍ਰਾਪਤ ਹੋਏ ਹਨ। ਸਰਦੀ ਸ਼ੁਰੂ ਹੋੋਣ ਨਾਲ ਹੀ 84.58 ਫੀਸਦੀ ਘਰੇਲੂ ਖਪਤਕਾਰਾਂ ਨੂੰ 15 ਨਵਬੰਰ ਤੱਕ ਜ਼ੀਰੋ ਬਿੱਲ ਮਿਲੇ ਹਨ। ਮਾਹਿਰਾਂ ਮੁਤਾਬਕ ਜਿਵੇਂ ਹੀ ਠੰਢ ਹੋਰ ਵਧੇਗੀ, ਜ਼ੀਰੋ ਬਿੱਲਾਂ ਦਾ ਲਾਹਾ ਲੈਣ ਵਾਲੇ ਖਪਤਕਾਰਾਂ ਦੇ ਅੰਕੜੇ ਵਿਚ ਹੋਰ ਵਾਧਾ ਹੋਵੇਗਾ। 13 ਨਵੰਬਰ ਨੂੰ ਜਾਰੀ ਹੋਏ ਬਿੱਲਾਂ ’ਤੇ ਨਜ਼ਰ ਮਾਰੀਏ ਤਾਂ ਕਰੀਬ 87.87 ਫੀਸਦੀ ਖਪਤਕਾਰਾਂ ਨੂੰ ਜ਼ੀਰੋ ਬਿੱਲ ਭੇਜੇ ਗਏ ਹਨ। ਕਾਂਗਰਸ ਸਰਕਾਰ ਦੌਰਾਨ ਐੱਸਸੀ/ਬੀਸੀ/ਬੀਪੀਐੱਲ ਪਰਿਵਾਰਾਂ ਨੂੰ ਪ੍ਰਤੀ ਮਹੀਨਾ 200 ਯੂਨਿਟ ਬਿਜਲੀ ਮੁਆਫ ਸੀ। ਵਰ੍ਹਾ 2021-22 ਦੇ ਅਗਸਤ ਮਹੀਨੇ ਵਿਚ 26.72 ਫੀਸਦੀ ਘਰੇਲੂ ਖਪਤਕਾਰਾਂ ਨੂੰ ਸਬਸਿਡੀ ਦਾ ਲਾਹਾ ਮਿਲਿਆ ਸੀ ਜਦਕਿ ਮੌਜੂਦਾ ਵਰ੍ਹੇ ਅਗਸਤ ’ਚ 96.75 ਫੀਸਦੀ ਖਪਤਕਾਰਾਂ ਨੂੰ ਬਿਜਲੀ ਸਬਸਿਡੀ ਹਾਸਲ ਹੋਈ ਹੈ।

ਪਿਛਲੇ ਮਾਲੀ ਵਰ੍ਹੇ ’ਚ ਅਕਤੂਬਰ ਵਿਚ 28.11 ਫੀਸਦੀ ਘਰੇਲੂ ਖਪਤਕਾਰਾਂ ਨੂੰ ਬਿਜਲੀ ਸਬਸਿਡੀ ਦਾ ਫਾਇਦਾ ਮਿਲਿਆ ਸੀ ਜਦਕਿ ਚਾਲੂ ਵਰ੍ਹੇ ਦੇ ਅਕਤੂਬਰ ਮਹੀਨੇ ਵਿਚ ਬਿਜਲੀ ਸਬਸਿਡੀ ਦਾ ਲਾਹਾ ਲੈਣ ਵਾਲੇ ਖਪਤਕਾਰਾਂ ਦਾ ਅੰਕੜਾ 97.17 ਫੀਸਦੀ ਰਿਹਾ। ਜ਼ੀਰੋ ਬਿੱਲ ਵਾਲੇ ਖਪਤਕਾਰਾਂ ਦੀ ਗਿਣਤੀ ਵਧਣ ਨਾਲ ਸਰਕਾਰ ਦੇ ਖਜ਼ਾਨੇ ’ਤੇ ਵੀ ਬੋਝ ਵਧੇਗਾ।

ਲੰਘੇ ਤਿੰਨ ਮਹੀਨਿਆਂ ਦੌਰਾਨ ਇਕੱਲੇ ਘਰੇਲੂ ਖਪਤਕਾਰਾਂ ਨੂੰ ਦਿੱਤੀ ਜਾਣ ਵਾਲੀ ਸਬਸਿਡੀ ਦਾ ਬਿੱਲ 2070.91 ਕਰੋੜ ਰੁਪਏ ਬਣ ਗਿਆ ਹੈ ਜੋ ਪਿਛਲੇ ਮਾਲੀ ਵਰ੍ਹੇ ਦੇ ਇਨ੍ਹਾਂ ਤਿੰਨ ਮਹੀਨਿਆਂ ਵਿਚ ਸਿਰਫ 482 ਕਰੋੜ ਰੁਪਏ ਸੀ। ਮਤਲਬ ਕਿ 600 ਯੂਨਿਟ ਬਿਜਲੀ ਮੁਆਫ ਕਰਨ ਨਾਲ ਤਿੰਨ ਮਹੀਨਿਆਂ ਵਿਚ ਹੀ ਕੁੱਲ ਸਬਸਿਡੀ ਵਿਚ 1588 ਕਰੋੋੜ ਦਾ ਇਜ਼ਾਫਾ ਹੋ ਗਿਆ ਹੈ। ਘਰੇਲੂ ਖਪਤਕਾਰਾਂ ਨੂੰ ਦਿੱਤੀ ਜਾਣ ਵਾਲੀ ਬਿਜਲੀ ਸਬਸਿਡੀ ਵਿਚ ਤਿੰਨ ਰੁਪਏ ਪ੍ਰਤੀ ਯੂਨਿਟ ਦੀ ਛੋਟ ਵੀ ਸ਼ਾਮਲ ਹੈ।

ਐਤਕੀਂ ਅਪਰੈਲ ਤੋਂ ਅਕਤੂਬਰ ਤੱਕ ਘਰੇਲੂ ਬਿਜਲੀ ਦੀ ਕੁੱਲ ਸਬਸਿਡੀ 3060 ਕਰੋੋੜ ਰੁਪਏ ਬਣੀ ਹੈ ਜੋ ਪਿਛਲੇ ਵਰ੍ਹੇ ਇਸੇ ਸਮੇਂ ਦੌਰਾਨ 1071 ਕਰੋੜ ਰੁਪਏ ਸੀ। ਪਾਵਰਕੌਮ ਵੱਲੋਂ ਇਸ ਵੇਲੇ ਰੋਜ਼ਾਨਾ 50 ਕਰੋੜ ਦੀ ਬਿਜਲੀ ਇਸ ਸਬਸਿਡੀ ਤਹਿਤ ਦਿੱਤੀ ਜਾ ਰਹੀ ਹੈ।

ਬਿਜਲੀ ਸਬਸਿਡੀ ਦਾ ਬੋਝ 18 ਹਜ਼ਾਰ ਕਰੋੜ ਰੁਪਏ ਤੋਂ ਪਾਰ

ਪੰਜਾਬ ਸਰਕਾਰ ਦੇ ਸਿਰ ’ਤੇ ਹਰ ਤਰ੍ਹਾਂ ਦੀ ਬਿਜਲੀ ਸਬਸਿਡੀ ਦਾ ਬੋਝ 18 ਹਜ਼ਾਰ ਕਰੋੜ ਰੁਪਏ ਸਲਾਨਾ ਦਾ ਹੋ ਗਿਆ ਹੈ। ਵੇਰਵਿਆਂ ਅਨੁਸਾਰ ਸਰਕਾਰ ਨੇ ਚਾਲੂ ਵਰ੍ਹੇ ਦੌਰਾਨ ਹੁਣ ਤੱਕ ਕਰੀਬ 9700 ਕਰੋੜ ਰੁਪਏ ਸਬਸਿਡੀ ਵਜੋਂ ਪਾਵਰਕੌਮ ਨੂੰ ਤਾਰੇ ਹਨ ਜਦੋਂ ਕਿ ਪਿਛਲੇ ਵਰ੍ਹੇ ਇਸੇ ਸਮੇਂ ਦੌਰਾਨ 5960 ਕਰੋੜ ਰੁਪਏ ਦਿੱਤੇ ਗਏ ਸਨ। ਪਾਵਰਕੌਮ ਦੀ ਕੁੱਲ ਕਮਾਈ 36 ਹਜ਼ਾਰ ਕਰੋੜ ਰੁਪਏ ’ਚੋਂ ਹੁਣ ਪੰਜਾਹ ਫੀਸਦੀ ਸਬਸਿਡੀ ਜ਼ਰੀਏ ਹੋ ਰਹੀ ਹੈ। ਪਾਵਰਕੌਮ ਦੀ ਸਰਕਾਰ ’ਤੇ ਨਿਰਭਰਤਾ ਵਧ ਗਈ ਹੈ।

ਖੇਤੀ ’ਚ ਖਪਤ ਛੇ ਫੀਸਦੀ ਵਧੀ

ਪੰਜਾਬ ਸਰਕਾਰ ਵੱਲੋਂ ਝੋਨੇ ਦੇ ਸੀਜ਼ਨ ਦੌਰਾਨ ਜ਼ੋਨ ਬਣਾਏ ਜਾਣ ਅਤੇ ਬਾਰਸ਼ਾਂ ਪੈਣ ਕਰਕੇ ਬਿਜਲੀ ਦੀ ਖਪਤ ਵਿਚ ਜੂਨ ਮਹੀਨੇ ਵਿਚ 11.49 ਫੀਸਦੀ ਅਤੇ ਜੁਲਾਈ ਵਿਚ 15.18 ਫੀਸਦੀ ਦੀ ਕਮੀ ਆਈ ਹੈ। ਅਪਰੈਲ ਤੋਂ ਅਕਤੂਬਰ ਤੱਕ ਖੇਤੀ ਸੈਕਟਰ ਦੀ ਬਿਜਲੀ ਖਪਤ ਵਿਚ 6 ਫੀਸਦੀ ਦਾ ਵਾਧਾ ਹੋਇਆ ਹੈ। ਪਾਵਰਕੌਮ ਨੇ ਝੋਨੇ ਦੇ ਸੀਜ਼ਨ ਦੌਰਾਨ ਬਿਹਤਰ ਕਾਰਗੁਜ਼ਾਰੀ ਦਿਖਾਈ ਹੈ ਜਿਸ ਕਾਰਨ ਕਿਸਾਨਾਂ ਨੂੰ ਝੋਨਾ ਪਾਲਣ ਵਿਚ ਕੋਈ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਿਆ।