ਅਮਰੀਕਾ: ਏਅਰਸ਼ੋਅ ਦੌਰਾਨ ਜਹਾਜ਼ਾਂ ਦੀ ਟੱਕਰ, ਛੇ ਮੌਤਾਂ

ਅਮਰੀਕਾ: ਏਅਰਸ਼ੋਅ ਦੌਰਾਨ ਜਹਾਜ਼ਾਂ ਦੀ ਟੱਕਰ, ਛੇ ਮੌਤਾਂ

ਦੂਜੀ ਸੰਸਾਰ ਜੰਗ ਵਿਚ ਵਰਤੇ ਗਏ ਜਹਾਜ਼ਾਂ ਨੂੰ ਕੀਤਾ ਜਾ ਰਿਹਾ ਸੀ ਪ੍ਰਦਰਸ਼ਿਤ
ਟੈਕਸਸ- ਅਮਰੀਕਾ ਦੇ ਟੈਕਸਸ ਸੂਬੇ ਦੇ ਡੱਲਾਸ ਵਿਚ ਇਕ ਏਅਰਸ਼ੋਅ ਦੌਰਾਨ ਦੋ ਜਹਾਜ਼ਾਂ ਦੀ ਹਵਾ ਵਿਚ ਟੱਕਰ ਹੋਣ ਕਾਰਨ ਛੇ ਵਿਅਕਤੀ ਮਾਰੇ ਗਏ ਹਨ। ਵੇਰਵਿਆਂ ਮੁਤਾਬਕ ਉਡਾਣ ਦੌਰਾਨ ਬੀ-17 ਬੰਬਾਰ ਜਹਾਜ਼ਾਂ ਦੀ ਟੱਕਰ ਹੋ ਗਈ। ਟੱਕਰ ਤੋਂ ਬਾਅਦ ਜਹਾਜ਼ਾਂ ਦਾ ਮਲਬਾ ਜ਼ਮੀਨ ਉਤੇ ਦੂਰ ਤੱਕ ਖਿੱਲਰ ਗਿਆ। ਇਹ ਘਟਨਾ ‘ਅਮੈਰੀਕਾਜ਼ ਪ੍ਰੀਮੀਅਰ ਵਰਲਡ ਵਾਰ-2 ਏਅਰਸ਼ੋਅ’ ਦੌਰਾਨ ਵਾਪਰੀ। ਏਅਰਸ਼ੋਅ ‘ਵੈਟਰਨਜ਼ ਡੇਅ ਵੀਕੈਂਡ’ ਮੌਕੇ ਕਰਵਾਇਆ ਗਿਆ ਸੀ। ਇੱਥੇ ਲੋਕ ਦੂਜੀ ਸੰਸਾਰ ਜੰਗ ਦੌਰਾਨ ਵਰਤੇ ਗਏ 40 ਜਹਾਜ਼ਾਂ ਨੂੰ ਦੇਖਣ ਲਈ ਜੁੜੇ ਸਨ। ਏਅਰ ਫੋਰਸ ਦੇ ਬੁਲਾਰੇ ਨੇ ਦੱਸਿਆ ਕਿ ਬੀ-17 ਵਿਚ ਪੰਜ ਤੇ ਪੀ-63 ਜਹਾਜ਼ ਵਿਚ ਇਕ ਜਣਾ ਸਵਾਰ ਸੀ। ਜਹਾਜ਼ਾਂ ਦੀ ਹਵਾ ਵਿਚ ਟੱਕਰ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹਨ। ਅਮਰੀਕਾ ਦੀਆਂ ਸਰਕਾਰੀ ਏਜੰਸੀਆਂ ਨੇ ਹਾਦਸੇ ਦੀ ਜਾਂਚ ਆਰੰਭ ਦਿੱਤੀ ਹੈ। ‘ਐੱਨਟੀਐੱਸਬੀ’ ਵੱਲੋਂ ਬੋਇੰਗ ਬੀ-17ਜੀ ਤੇ ਬੈੱਲ ਪੀ-63 ਐਫ ਵਿਚਾਲੇ ਹੋਈ ਟੱਕਰ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਬੀ-17 ਚਾਰ ਇੰਜਣਾਂ ਵਾਲਾ ਬੰਬਾਰ ਜਹਾਜ਼ ਹੈ ਤੇ ਇਹ ਦੂਜੀ ਸੰਸਾਰ ਜੰਗ ਦੌਰਾਨ ਅਮਰੀਕਾ ਲਈ ਕਾਫ਼ੀ ਫਾਇਦੇਮੰਦ ਸਾਬਿਤ ਹੋਇਆ ਸੀ। ਜ਼ਿਆਦਾਤਰ ਬੀ-17 ਜਹਾਜ਼ਾਂ ਨੂੰ ਦੂਜੀ ਸੰਸਾਰ ਜੰਗ ਤੋਂ ਬਾਅਦ ਨਹੀਂ ਵਰਤਿਆ ਗਿਆ ਹੈ, ਥੋੜ੍ਹੀ ਗਿਣਤੀ ਵਿਚ ਇਹ ਹਾਲੇ ਵੀ ਏਅਰ ਫੋਰਸ ਕੋਲ ਮੌਜੂਦ ਹਨ।