ਮਹਾਤਮਾ ਗਾਂਧੀ ਦੇ ਵਿਚਾਰਾਂ ’ਚ ਆਧੁਨਿਕ ਚੁਣੌਤੀਆਂ ਦੇ ਜਵਾਬ: ਮੋਦੀ

ਮਹਾਤਮਾ ਗਾਂਧੀ ਦੇ ਵਿਚਾਰਾਂ ’ਚ ਆਧੁਨਿਕ ਚੁਣੌਤੀਆਂ ਦੇ ਜਵਾਬ: ਮੋਦੀ

ਕੇਂਦਰ ਸਰਕਾਰ ਨੂੰ ਗਾਂਧੀਵਾਦੀ ਵਿਚਾਰਧਾਰਾ ਤੋਂ ਪ੍ਰੇਰਿਤ ਦੱਸਿਆ
ਡਿੰਡੀਗੁਲ (ਤਾਮਿਲ ਨਾਡੂ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਮਹਾਤਮਾ ਗਾਂਧੀ ਦੇ ਵਿਚਾਰਾਂ ’ਚ ਜਲਵਾਯੂ ਸੰਕਟ ਸਮੇਤ ਆਧੁਨਿਕ ਸਮੇਂ ਦੀਆਂ ਚੁਣੌਤੀਆਂ ਦਾ ਜਵਾਬ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ‘ਆਤਮ ਨਿਰਭਰ ਭਾਰਤ’ ਦੇ ਟੀਚੇ ਦੀ ਦਿਸ਼ਾ ਵੱਲ ਕੰਮ ਕਰਨ ਲਈ ਮਹਾਤਮਾ ਗਾਂਧੀ ਤੋਂ ਪ੍ਰੇਰਿਤ ਹੈ।

ਇੱਥੇ ਗਾਂਧੀਗ੍ਰਾਮ ਦਿਹਾਤੀ ਸੰਸਥਾ ਦੀ 36ਵੀਂ ਕਾਨਵੋਕੇਸ਼ਨ ਦੇ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ‘ਗਾਂਧੀਵਾਦੀ ਕਦਰਾਂ-ਕੀਮਤਾਂ ਅੱਜ ਵੀ ਪ੍ਰਸੰਗਕ ਹਨ।’ ਉਨ੍ਹਾਂ ਕਿਹਾ, ‘ਭਾਵੇਂ ਸੰਘਰਸ਼ ਖਤਮ ਕਰਨ ਦੀ ਗੱਲ ਹੋਵੇ ਜਾਂ ਜਲਵਾਯੂ ਸੰਕਟ, ਮਹਾਤਮਾ ਗਾਂਧੀ ਦੇ ਵਿਚਾਰਾਂ ’ਚ ਅੱਜ ਵੀ ਕਈ ਚੁਣੌਤੀਆਂ ਦਾ ਜਵਾਬ ਹੈ। ਗਾਂਧੀਵਾਦੀ ਜੀਵਨ ਸ਼ੈਲੀ ਦੇ ਵਿਦਿਆਰਥੀ ਦੇ ਰੂਪ ’ਚ ਤੁਹਾਡੇ ਕੋਲ ਇੱਕ ਛਾਪ ਛੱਡਣ ਦਾ ਵੱਡਾ ਮੌਕਾ ਹੈ।’ ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਨੂੰ ਸਭ ਤੋਂ ਚੰਗੀ ਸ਼ਰਧਾਂਜਲੀ ਉਨ੍ਹਾਂ ਦੇ ਦਿਲ ਦੇ ਕਰੀਬੀ ਵਿਚਾਰਾਂ ’ਤੇ ਕੰਮ ਕਰਨਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਮਹਾਤਮਾ ਗਾਂਧੀ ਨੇ ਖਾਦੀ ਨੂੰ ਪਿੰਡਾਂ ਦੇ ‘ਸਵੈਸ਼ਾਸਨ ਦੇ ਔਜ਼ਾਰ’ ਵਜੋਂ ਦੇਖਿਆ ਅਤੇ ਉਸੇ ਤੋਂ ਪ੍ਰੇਰਿਤ ਹੋ ਕੇ ਕੇਂਦਰ ਦੇਸ਼ ਨੂੰ ਆਤਮ-ਨਿਰਭਰ ਬਣਾਉਣ ਲਈ ਕੰਮ ਕਰ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ ਅੱਠ ਸਾਲਾਂ ਦੌਰਾਨ ਦੇਸ਼ ’ਚ ਖਾਦੀ ਦੀ ਵਿਕਰੀ 300 ਫੀਸਦ ਵਧ ਗਈ ਹੈ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਚਾਹੁੰਦੇ ਸੀ ਕਿ ਪਿੰਡਾਂ ਦਾ ਵਿਕਾਸ ਹੋਵੇ ਤੇ ਨਾਲ ਹੀ ਦਿਹਾਤੀ ਜੀਵਨ ਦੀਆਂ ਕਦਰਾਂ-ਕੀਮਤਾਂ ਦੀ ਰਾਖੀ ਕੀਤੀ ਜਾਵੇ। ਇਸ ਮੌਕੇ ਤਾਮਿਲ ਨਾਡੂ ਦੇ ਰਾਜਪਾਲ ਆਰਐੱਨ ਰਵੀ ਤੇ ਮੁੱਖ ਮੰਤਰੀ ਐੱਮਕੇ ਸਟਾਲਿਨ ਵੀ ਹਾਜ਼ਰ ਸਨ।