ਸੂਰੀ ਕਤਲ ਕਾਂਡ: ਸੰਦੀਪ ਸਿੰਘ ਸੰਨੀ ਨੂੰ ਮੁੜ ਪੁਲੀਸ ਰਿਮਾਂਡ ’ਤੇ ਭੇਜਿਆ

ਸੂਰੀ ਕਤਲ ਕਾਂਡ: ਸੰਦੀਪ ਸਿੰਘ ਸੰਨੀ ਨੂੰ ਮੁੜ ਪੁਲੀਸ ਰਿਮਾਂਡ ’ਤੇ ਭੇਜਿਆ

ਅੰਮ੍ਰਿਤਸਰ – ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਵਾਲੇ ਸੰਦੀਪ ਸਿੰਘ ਸੰਨੀ ਨੂੰ ਸੱਤ ਦਿਨ ਦਾ ਪੁਲੀਸ ਰਿਮਾਂਡ ਖ਼ਤਮ ਹੋਣ ਮਗਰੋਂ ਪੁਲੀਸ ਨੇ ਅੱਜ ਮੁੜ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਤਿੰਨ ਦਿਨ ਦੇ ਹੋਰ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਇਸੇ ਦੌਰਾਨ ਸਿੱਖ ਜਥੇਬੰਦੀਆਂ ਦੇ ਕਾਰਕੁਨਾਂ ਨੇ ਅਦਾਲਤ ਕੈਂਪਸ ਵਿੱਚ ਨਾਅਰੇਬਾਜ਼ੀ ਕੀਤੀ। ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਅਦਾਲਤ ਵਿੱਚ ਦਾਖ਼ਲ ਹੋਣ ਤੋਂ ਰੋਕਣ ਲਈ ਸਖ਼ਤ ਪ੍ਰਬੰਧ ਕੀਤੇ ਹੋਏ ਸਨ। ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਦੀ ਅਗਵਾਈ ਹੇਠ ਬਾਅਦ ਦੁਪਹਿਰ ਸੰਦੀਪ ਸਿੰਘ ਸੰਨੀ ਨੂੰ ਸੁਰੱਖਿਆ ਹੇਠ ਵਧੀਕ ਸੀਜੇਐਮ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਸੰਨੀ ਦੇ ਕੇਸ ਦੀ ਪੈਰਵੀ ਕਰ ਰਹੇ ਹਾਈ ਕੋਰਟ ਦੇ ਵਕੀਲ ਨਵਕਿਰਨ ਸਿੰਘ ਚੰਡੀਗੜ੍ਹ, ਵੀਪੀਐਸ ਭਾਟੀਆ, ਭਗਵੰਤ ਸਿੰਘ ਸਿਆਲਕਾ, ਮਨਦੀਪ ਸਿੰਘ ਸਿੱਧੂ, ਜਸਬੀਰ ਸਿੰਘ ਤੇ ਸਤਨਾਮ ਸਿੰਘ ਅਦਾਲਤ ਵਿੱਚ ਪੇਸ਼ ਹੋਏ। ਪ੍ਰਾਪਤ ਵੇਰਵਿਆਂ ਮੁਤਾਬਕ ਪੁਲੀਸ ਨੇ ਅਦਾਲਤ ਨੂੰ ਦੱਸਿਆ ਕਿ ਸੰਨੀ ਦਾ ਮੋਬਾਈਲ ਫੋਰੈਂਸਿਕ ਜਾਂਚ ਲਈ ਭੇਜਿਆ ਹੋਇਆ ਹੈ, ਜਿਸ ਦੀ ਰਿਪੋਰਟ ਮਿਲਣੀ ਬਾਕੀ ਹੈ ਅਤੇ ਰਿਪੋਰਟ ਦੇ ਆਧਾਰ ’ਤੇ ਉਸ ਤੋਂ ਪੁੱਛ ਪੜਤਾਲ ਲਈ ਸਮਾਂ ਦਿੱਤਾ ਜਾਵੇ। ਅਦਾਲਤ ਨੇ ਸਰਕਾਰੀ ਵਕੀਲ ਦੇ ਪੱਖ ਨੂੰ ਸੁਣਨ ਮਗਰੋਂ ਪੁੱਛ ਪੜਤਾਲ ਵਾਸਤੇ ਤਿੰਨ ਦਿਨ ਦਾ ਹੋਰ ਪੁਲੀਸ ਰਿਮਾਂਡ ਦਿੱਤਾ ਹੈ। ਅਦਾਲਤ ਨੇ ਮੁਲਜ਼ਮ ਨੂੰ ਆਪਣੇ ਪੱਖ ਵਿੱਚ ਬੋਲਣ ਦਾ ਸਮਾਂ ਦਿੱਤਾ ਪਰ ਸੰਨੀ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਇਸ ਮੌਕੇ ਸੰਨੀ ਦੇ ਭਰਾ ਅਤੇ ਹੋਰ ਪਰਿਵਾਰਕ ਮੈਂਬਰ ਅਦਾਲਤ ਵਿੱਚ ਪੁੱਜੇ ਹੋਏ ਸਨ, ਉਨ੍ਹਾਂ ਕੁਝ ਮਿੰਟਾਂ ਲਈ ਉਸ ਨਾਲ ਗੱਲਬਾਤ ਵੀ ਕੀਤੀ। ਮੌਕੇ ’ਤੇ ਮੌਜੂਦ ਦਲ ਖ਼ਾਲਸਾ ਦੇ ਕੰਵਰਪਾਲ ਸਿੰਘ ਨੇ ਵੀ ਸੰਨੀ ਨਾਲ ਗੱਲਬਾਤ ਕੀਤੀ। ਸੰਨੀ ਦੇ ਪਰਿਵਾਰ ਵੱਲੋਂ ਮੰਗ ਪੱਤਰ ਰਾਹੀਂ ਉਨ੍ਹਾਂ ਦੀ ਦੁਕਾਨ ਦੀ ਭੰਨਤੋੜ ਕਰਨ, ਦੁਕਾਨ ਨੂੰ ਅੱਗ ਲਾਉਣ ਤੇ ਕਰਮਚਾਰੀਆਂ ਦੀ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਸ਼ਿਵ ਸੈਨਾ ਆਗੂ ਦੇ ਭਰਾ ਬ੍ਰਿਜ ਮੋਹਨ ਸੂਰੀ ਨੇ ਦੋਸ਼ ਲਾਇਆ ਸੀ ਕਿ ਪਰਿਵਾਰ ਨੂੰ ਵਿਦੇਸ਼ੀ ਨੰਬਰਾਂ ਤੋਂ ਧਮਕੀਆਂ ਮਿਲ ਰਹੀਆਂ ਹਨ।