ਗੋਲਡੀ ਬਰਾੜ ਦੀ ਧਮਕੀ ਮਗਰੋਂ ਕਾਂਗਰਸੀ ਆਗੂ ਘਰ ’ਚ ਨਜ਼ਰਬੰਦ

ਗੋਲਡੀ ਬਰਾੜ ਦੀ ਧਮਕੀ ਮਗਰੋਂ ਕਾਂਗਰਸੀ ਆਗੂ ਘਰ ’ਚ ਨਜ਼ਰਬੰਦ

ਪੁਲੀਸ ਨੇ ਗਲੀ ਨੂੰ ਵੀ ਕੀਤਾ ਸੀਲ; ਘਰ ਦੇ ਬਾਹਰ ਬੰਕਰ ਬਣਾਏ
ਲੁਧਿਆਣਾ- ਵਿਵਾਦਿਤ ਬਿਆਨ ਕਰਕੇ ਚਰਚਾ ਵਿੱਚ ਰਹਿਣ ਵਾਲੇ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਨੂੰ ਗੈਂਗਸਟਰ ਗੋਲਡੀ ਬਰਾੜ ਵੱਲੋਂ ਧਮਕੀਆਂ ਦੇਣ ਤੋਂ ਬਾਅਦ ਲੁਧਿਆਣਾ ਪੁਲੀਸ ਵੱਲੋਂ ਮੰਡ ਨੂੰ ਘਰ ’ਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪਿੰਡ ਦਾਦ, ਸਰਾਭਾ ਨਗਰ ਐਕਸਟੈਂਸ਼ਨ ਮੰਡ ਦੇ ਘਰ ਦੀ ਗਲੀ ਨੂੰ ਪੂਰੀ ਤਰ੍ਹਾਂ ਨਾਲ ਸੀਲ ਕਰ ਦਿੱਤਾ ਗਿਆ ਹੈ ਅਤੇ ਗਲੀ ’ਚ ਬੈਰੀਕੇਡ ਤੇ ਮਿੱਟੀ ਦੀਆਂ ਬੋਰੀਆਂ ਲਾ ਕੇ ਬੰਕਰ ਬਣਾ ਦਿੱਤੇ ਗਏ ਹਨ। ਮੰਡ ਦੇ ਘਰ ਅੱਗੇ ਖਾਲੀ ਜਗ੍ਹਾ ’ਤੇ ਪਰਦਾ ਪਾ ਕੇ ਉਸ ਨੂੰ ਕਵਰ ਕਰ ਦਿੱਤਾ ਗਿਆ ਹੈ। ਪੁਲੀਸ ਨੇ ਮੰਡ ਦੇ ਗੁਆਂਢ ਵਿੱਚ ਰਹਿੰਦੇ ਲੋਕਾਂ ਬਾਰੇ ਪੂਰੀ ਜਾਣਕਾਰੀ ਹਾਸਲ ਕੀਤੀ ਹੈ। ਪੁਲੀਸ ਕਮਿਸ਼ਨਰ ਡਾ. ਕੌਸਤਬ ਸ਼ਰਮਾ ਨੇ ਅੱਜ ਖ਼ੁਦ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ।

ਲਗਾਤਾਰ ਧਮਕੀਆਂ ਮਿਲਣ ਮਗਰੋਂ ਗੁਰਸਿਮਰਨ ਸਿੰਘ ਮੰਡ ਨੇ ਇਸ ਦੀ ਸ਼ਿਕਾਇਤ ਪੁਲੀਸ ਦੇ ਉੱਚ ਅਧਿਕਾਰੀਆਂ ਨੂੰ ਕੀਤੀ, ਜਿਸ ਮਗਰੋਂ ਥਾਣਾ ਸਦਰ ਦੀ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਉਸ ਨੇ ਕਈ ਵਿਦੇਸ਼ੀ ਨੰਬਰਾਂ ਦਾ ਜ਼ਿਕਰ ਵੀ ਕੀਤਾ ਹੈ। ਬੀਤੇ ਦਿਨ ਗੈਂਗਸਟਰ ਗੋਲਡੀ ਬਰਾੜ ਨੇ ਗੁਰਸਿਮਰਨ ਸਿੰਘ ਮੰਡ ਨੂੰ ਧਮਕੀ ਦਿੱਤੀ ਸੀ ਕਿ ਉਸ ਦਾ ਹਾਲ ਵੀ ਡੇਰਾ ਪ੍ਰੇਮੀ ਪ੍ਰਦੀਪ ਕੁਮਾਰ ਵਰਗਾ ਹੀ ਕੀਤਾ ਜਾਵੇਗਾ। ਪੁਲੀਸ ਕਮਿਸ਼ਨਰ ਡਾ. ਕੌਸਤਭ ਸ਼ਰਮਾ ਨੇ ਕਿਹਾ ਕਿ ਮੰਡ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਸੁਰੱਖਿਆ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਪੁਲੀਸ ਨੇ ਮੰਡ ਨੂੰ ਸੋਸ਼ਲ ਮੀਡੀਆ ’ਤੇ ਕਿਸੇ ਵੀ ਤਰ੍ਹਾਂ ਦੀ ਵੀਡੀਓ ਅਪਲੋਡ ਕਰਨ ਤੋਂ ਰੋਕ ਦਿੱਤਾ ਹੈ ਅਤੇ ਕਿਹਾ ਹੈ ਕਿ ਉਹ ਕਿਸੇ ਵੀ ਚੈਨਲ ਨੂੰ ਇੰਟਰਵਿਊ ਨਾ ਦੇਣ।