ਤਿਲੰਗਾਨਾ ’ਚ ਹਰ ਥਾਂ ਖਿੜੇਗਾ ਕਮਲ ਦਾ ਫੁੱਲ: ਮੋਦੀ

ਤਿਲੰਗਾਨਾ ’ਚ ਹਰ ਥਾਂ ਖਿੜੇਗਾ ਕਮਲ ਦਾ ਫੁੱਲ: ਮੋਦੀ

ਪ੍ਰਧਾਨ ਮੰਤਰੀ ਨੇ ਸੱਤਾਧਾਰੀ ਟੀਆਰਐੱਸ ਤੇ ਮੁੱਖ ਮੰਤਰੀ ਰਾਓ ’ਤੇ ਸੇਧਿਆ ਨਿਸ਼ਾਨਾ; ਸੂਬੇ ’ਚ ਕਈ ਪ੍ਰਾਜੈਕਟਾਂ ਦਾ ਉਦਘਾਟਨ
ਹੈਦਰਾਬਾਦ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਤਿਲੰਗਾਨਾ ਵਿਚ ਸੱਤਾਧਾਰੀ ਟੀਆਰਐੱਸ ਉਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਇਸ ਨੇ ‘ਲੋਕਾਂ ਨਾਲ ਧੋਖਾ ਕਮਾਇਆ ਹੈ’ ਤੇ ਸੂਬੇ ਵਿਚ ਹਰ ਥਾਂ ਹੁਣ ‘ਕਮਲ ਦਾ ਫੁੱਲ ਖਿੜੇਗਾ।’ ਜ਼ਿਕਰਯੋਗ ਹੈ ਕਿ ਤਿਲੰਗਾਨਾ ਵਿਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇੱਥੇ ਭਾਜਪਾ ਕੇ. ਚੰਦਰਸ਼ੇਖਰ ਰਾਓ ਦੀ ਅਗਵਾਈ ਵਾਲੀ ਟੀਆਰਐੱਸ ਨੂੰ ਚੁਣੌਤੀ ਦੇਣ ਦੀ ਪੂਰੀ ਤਿਆਰੀ ਕਰ ਰਹੀ ਹੈ। ਮੋਦੀ ਨੇ ਟੀਆਰਐੱਸ ਦਾ ਨਾਂ ਲਏ ਬਿਨਾਂ ਕਿਹਾ ਕਿ ਜਿਸ ਸਿਆਸੀ ਪਾਰਟੀ ਉਤੇ ਤਿਲੰਗਾਨਾ ਦੇ ਲੋਕਾਂ ਨੇ ਐਨਾ ਭਰੋਸਾ ਕੀਤਾ ਸੀ, ਉਸ ਨੇ ਹੀ ਲੋਕਾਂ ਨਾਲ ਧੋਖਾ ਕੀਤਾ। ਪ੍ਰਧਾਨ ਮੰਤਰੀ ਅੱਜ ਤਿਲੰਗਾਨਾ ਦੇ ਰਾਮਾਗੁੰਡਮ ਵਿਚ ਖਾਦ ਪਲਾਂਟ ਦਾ ਉਦਘਾਟਨ ਕਰਨ ਆਏ ਸਨ। ਉਨ੍ਹਾਂ ਹੋਰ ਵੀ ਕਈ ਵਿਕਾਸ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ ਤੇ ਉਦਘਾਟਨ ਕੀਤੇ। ਮੋਦੀ ਨੇ ਕਿਹਾ, ‘ਹਾਲ ਹੀ ਵਿਚ ਜਿੱਥੇ ਵੀ ਜ਼ਿਮਨੀ ਚੋਣਾਂ ਹੋਈਆਂ ਹਨ, ਸਪੱਸ਼ਟ ਸੁਨੇਹਾ ਗਿਆ ਹੈ। ਤਿਲੰਗਾਨਾ ਵਿਚ ਵੀ ਹਰ ਥਾਂ ਕਮਲ ਦਾ ਫੁੱਲ ਖਿੜੇਗਾ।’ ਜ਼ਿਕਰਯੋਗ ਹੈ ਕਿ ਕਮਲ ਦਾ ਫੁੱਲ ਭਾਜਪਾ ਦਾ ਚੋਣ ਨਿਸ਼ਾਨ ਹੈ। ਕੇ. ਚੰਦਰਸ਼ੇਖਰ ਰਾਓ ’ਤੇ ਅਸਿੱਧਾ ਨਿਸ਼ਾਨਾ ਸੇਧਦਿਆਂ ਮੋਦੀ ਨੇ ਕਿਹਾ, ‘ਹੁਣ ਤਿਲੰਗਾਨਾ ਦੇ ਲੋਕ ਅਜਿਹੀ ਸਰਕਾਰ ਚਾਹੁੰਦੇ ਹਨ ਜੋ ਸੂਬੇ ਦੇ ਸਾਰੇ ਪਰਿਵਾਰਾਂ ਲਈ ਕੰਮ ਕਰੇ ਨਾ ਕਿ ਇਕ ਪਰਿਵਾਰ ਲਈ ਕੰਮ ਕਰੇ।’ ਮੋਦੀ ਨੇ ਕਿਹਾ ਕਿ ਲੋਕ ਭਾਜਪਾ ਦੀ ਸਰਕਾਰ ਚਾਹੁੰਦੇ ਹਨ। ਹਾਲ ਹੀ ਵਿਚ ਹੋਈ ਮੁਨੁਗੋੜੇ ਜ਼ਿਮਨੀ ਚੋਣ ਦਾ ਹਵਾਲਾ ਦਿੰਦਿਆਂ ਮੋਦੀ ਨੇ ਕਿਹਾ ਕਿ ਭਾਜਪਾ ਦੇ ਵਰਕਰਾਂ ਨੇ ਪੂਰੇ ਸੂਬਾ ਪ੍ਰਸ਼ਾਸਨ ਨੂੰ ਇਕ ਸੀਟ ਉਤੇ ਧਿਆਨ ਕੇਂਦਰਤ ਕਰਨ ਲਈ ਮਜਬੂਰ ਕਰ ਦਿੱਤਾ। ਸੱਤਾਧਾਰੀ ਪਾਰਟੀ ਟੀਆਰਐੱਸ ਨੇ ਇਹ ਸੀਟ ਕਰੀਬ ਦਸ ਹਜ਼ਾਰ ਵੋਟਾਂ ਦੇ ਫ਼ਰਕ ਨਾਲ ਜਿੱਤੀ ਹੈ।