ਹਿਮਾਚਲ ਚੋਣਾਂ ’ਚ 70.07 ਫੀਸਦ ਮਤਦਾਨ

ਹਿਮਾਚਲ ਚੋਣਾਂ ’ਚ 70.07 ਫੀਸਦ ਮਤਦਾਨ

ਸਭ ਤੋਂ ਵੱਧ ਵੋਟਾਂ ਸੇਰਾਜ ਅਤੇ ਸਭ ਤੋਂ ਘੱਟ ਬੈਜਨਾਥ ਹਲਕੇ ਵਿੱਚ ਪਈਆਂ
ਸ਼ਿਮਲਾ-ਹਿਮਾਚਲ ਪ੍ਰਦੇਸ਼ ਵਿਧਾਨ ਚੋਣਾਂ ਦਾ ਅਮਲ ਅੱਜ ਅਮਨ ਅਮਾਨ ਨਾਲ ਨੇਪਰੇ ਚੜ੍ਹ ਗਿਆ ਹੈ ਅਤੇ ਦੇਰ ਰਾਤ ਤੱਕ ਮਿਲੇ ਅੰਕੜਿਆਂ ਮੁਤਾਬਕ 70.07 ਫੀਸਦ ਵੋਟਾਂ ਪਈਆਂ ਹਨ। ਚੋਣ ਕਮਿਸ਼ਨ ਨੇ ਵੋਟਾਂ ਸਬੰਧੀ ਅਸਥਾਈ ਅੰਕੜਿਆਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ। ਪਿਛਲੀਆਂ ਦੋ ਵਿਧਾਨ ਸਭਾਵਾਂ ਦੀਆਂ ਚੋਣਾਂ ਮੁਕਾਬਲੇ ਇਸ ਵਾਰ ਘੱਟ ਵੋਟਾਂ ਪਈਆਂ ਹਨ। ਸਾਲ 2017 ’ਚ 75.57 ਜਦਕਿ 2012 ’ਚ 73.5 ਫੀਸਦ ਵੋਟਾਂ ਪਈਆਂ ਸਨ। ਚੋਣ ਕਮਿਸ਼ਨ ਤੋਂ ਮਿਲੀ ਜਾਣਕਾਰੀ ਅਨੁਸਾਰ ਵੋਟਾਂ ਦਾ ਕੰਮ ਸਵੇਰੇ ਅੱਠ ਵਜੇ ਸ਼ੁਰੂ ਹੋਇਆ। ਇਸ ਦੀ ਸ਼ੁਰੂਆਤ ਮੱਠੀ ਰਹੀ ਤੇ ਹੌਲੀ-ਹੌਲੀ ਵੋਟਿੰਗ ’ਚ ਤੇਜ਼ੀ ਆਈ। ਹਿਮਾਚਲ ਵਿਧਾਨ ਸਭਾ ਚੋਣਾਂ ਭਾਜਪਾ ਲਈ ਅਹਿਮ ਪ੍ਰੀਖਿਆ ਹੈ ਅਤੇ ਉਹ ਲਗਾਤਾਰ ਦੂਜੀ ਵਾਰ ਸਰਕਾਰ ਬਣਾ ਕੇ ਸੂਬੇ ਦੀ ਰਵਾਇਤ ਤੋੜਨ ਦੀ ਕੋਸ਼ਿਸ਼ ’ਚ ਹੈ ਜਦਕਿ ਕਾਂਗਰਸ ਨੇ ਵੋਟਰਾਂ ਨੂੰ ਸਰਕਾਰ ਬਦਲਣ ਦੀ ਰਵਾਇਤ ਕਾਇਮ ਰੱਖਣ ਦੀ ਅਪੀਲ ਕੀਤੀ ਹੈ। ਚੋਣ ਕਮਿਸ਼ਨ ਅਨੁਸਾਰ ਪਹਿਲੇ ਇੱਕ ਘੰਟੇ ’ਚ ਤਕਰੀਬਨ ਪੰਜ ਫੀਸਦ ਵੋਟਾਂ ਪਈਆਂ। ਸਵੇਰੇ 11 ਵਜੇ ਤੱਕ 19.98 ਫੀਸਦ, ਬਾਅਦ ਦੁਪਹਿਰ 1 ਵਜੇ ਤੱਕ 37.19, 3 ਵਜੇ ਤੱਕ 55.65 ਅਤੇ ਸ਼ਾਮ ਪੰਜ ਵਜੇ ਤੱਕ 65.92 ਫੀਸਦ ਵੋਟਾਂ ਪਈਆਂ ਹਨ। ਜ਼ਿਲ੍ਹਿਆਂ ਦੇ ਹਿਸਾਬ ਨਾਲ ਸਭ ਤੋਂ ਵੱਧ 72.79 ਫੀਸਦ ਵੋਟਿੰਗ ਸਿਰਮੌਰ ਜ਼ਿਲ੍ਹੇ ’ਚ ਹੋਈ ਹੈ। ਇਸ ਤੋਂ ਬਾਅਦ ਸਭ ਤੋਂ ਵੱਧ ਵੋਟਾਂ ਸੋਲਨ (68.48 ਫੀਸਦ), ਊਨਾ (67.67 ਫੀਸਦ) ਤੇ ਲਾਹੌਲ-ਸਪਿਤੀ (67.5 ਫੀਸਦ) ’ਚ ਪਈਆਂ। ਹਲਕਾਵਾਰ ਸਭ ਤੋਂ ਵੱਧ 82.22 ਫੀਸਦ ਵੋਟਾਂ ਮੁੱਖ ਮੰਤਰੀ ਜੈਰਾਮ ਠਾਕੁਰ ਦੇ ਚੋਣ ਹਲਕੇ ਸੇਰਾਜ ’ਚ ਜਦਕਿ ਸਭ ਤੋਂ ਘੱਟ 50.25 ਫੀਸਦ ਵੋਟਾਂ ਬੈਜਨਾਥ ’ਚ ਪਈਆਂ। ਅੰਕੜਿਆਂ ਅਨੁਸਾਰ ਸ਼ਿਲਾਈ ’ਚ 77 ਫੀਸਦ, ਸੁਜਾਨਪੁਰ ’ਚ 73.65 ਫੀਸਦ, ਅੰਨੀ ’ਚ 63.65 ਫੀਸਦ, ਅਰਕੀ ’ਚ 66 ਫੀਸਦ, ਚੁਰਾਹ ’ਚ 60.83 ਅਤੇ ਡਲਹੌਜ਼ੀ ’ਚ 63 ਫੀਸਦ ਵੋਟਾਂ ਪਈਆਂ ਹਨ। ਤਾਸ਼ੀਗੈਂਗ ’ਚ ਸਥਿਤ ਦੁਨੀਆ ਦੇ ਸਭ ਤੋਂ ਉਚਾਈ ਵਾਲੇ ਪੋਲਿੰਗ ਬੂਥ ’ਚ 98.08 ਫੀਸਦ ਵੋਟਿੰਗ ਦਰਜ ਕੀਤੀ ਹੈ। ਬਜ਼ੁਰਗ ਤੇ ਦਿਵਿਆਂਗ ਵੋਟਰਾਂ ਲਈ ਚੋਣ ਕਮਿਸ਼ਨ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਇਨ੍ਹਾਂ ਚੋਣਾਂ ਦੇ ਨਤੀਜੇ 8 ਦਸੰਬਰ ਨੂੰ ਆਉਣਗੇ।