ਪੰਜਾਬ ’ਚ ਭਾਈਚਾਰਕ ਵੰਡੀਆਂ ਨਹੀਂ ਪੈਣ ਦਿਆਂਗੇ: ਚੀਮਾ

ਪੰਜਾਬ ’ਚ ਭਾਈਚਾਰਕ ਵੰਡੀਆਂ ਨਹੀਂ ਪੈਣ ਦਿਆਂਗੇ: ਚੀਮਾ

ਖਾਲੀ ਮਿਲੇ ਖਜ਼ਾਨੇ ਨੂੰ ਭਰਨ ਲਈ ਪੂਰੀ ਵਾਹ ਲਾਉਣ ਦਾ ਭਰੋਸਾ
ਪਟਿਆਲਾ- ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਕਰਵਾਏ ਜਾ ਰਹੇ ਖੇਤਰੀ ਯੁਵਕ ਮੇਲੇ ਦੌਰਾਨ ਅੱਜ ਇਥੇ ਪੰਜਾਬ ਦੇ ਵਿੱਤ ਅਤੇ ਯੋਜਨਾ ਮੰਤਰੀ ਹਰਪਾਲ ਸਿੰਘ ਚੀਮਾ ਵੀ ਸ਼ਾਮਲ ਹੋਏ। ਯੂਨੀਵਰਸਿਟੀ ਦੇ ਵੀਸੀ ਪ੍ਰੋ. ਅਰਵਿੰਦ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਪ੍ਰੋਗਰਾਮ ਵਿੱਚ ਸ਼ਾਮਲ ਹੋਣ ਮਗਰੋਂ ਸ੍ਰੀ ਚੀਮਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੀਆਂ ਸੂਬਾਈ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਅਤੇ ਬੇਨਿਯਮੀਆਂ ਦਾ ਹੀ ਸਿੱਟਾ ਹੈ ਕਿ ਪੰਜਾਬ ਗੰਭੀਰ ਹਾਲਾਤ ’ਚੋਂ ਦੀ ਲੰਘ ਰਿਹਾ ਹੈ, ਪਰ ਖਾਲ਼ੀ ਖ਼ਜ਼ਾਨੇ ਨੂੰ ਭਰਨ ਲਈ ‘ਆਪ’ ਸਰਕਾਰ ਦੀਆਂ ਅਣਥੱਕ ਕੋਸ਼ਿਸ਼ਾਂ ਜਾਰੀ ਹਨ। ਸੂਬੇ ’ਚ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਨੂੰ ਵੀ ਇਸੇ ਕੜੀ ਦਾ ਹਿੱਸਾ ਦੱਸਦਿਆਂ ਉਨ੍ਹਾਂ ਕਿਹਾ ਕਿ ਵਿਰੋਧੀ ਤਾਕਤਾਂ ਪੰਜਾਬ ਦੇ ਹਾਲਾਤ ਮੁੜ ਹਾਲਾਤ ਵਿਗਾੜਨ ਦੀ ਤਾਕ ਵਿੱਚ ਹਨ। ਉਨ੍ਹਾਂ ਕਿਹਾ ਕਿ ਪਰ ਕਈ ਵਰ੍ਹਿਆਂ ਤੱਕ ਸੰਤਾਪ ਭੋਗਣ ਮਗਰੋਂ ਆਪਸੀ ਭਾਈਚਾਰਕ ਸਾਂਝ ਦੀਆਂ ਮਜ਼ਬੂਤ ਹੋਈਆਂ ਤੰਦਾਂ ਨੂੰ ਕਮਜ਼ੋਰ ਨਹੀਂ ਪੈਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਖਿਲਾਫ਼ ਵਿੱਢੀ ਗਈ ਵਿਸ਼ੇਸ਼ ਮੁਹਿੰਮ ਅਜਿਹੇ ਅਨੇਕਾਂ ਅਪਰਾਧੀਆਂ ਨੂੰ ਸਲਾਖਾਂ ਪਿੱਛੇ ਬੰਦ ਕੀਤਾ ਗਿਆ ਹੈ। ਪੰਜਾਬ ’ਚ ਮੁੜ ਤੋਂ ਅਤਿਵਾਦ ਵਾਲੇ ਹਾਲਾਤ ਪੈਦ ਹੋਣ ਸਬੰਧੀ ਕੀਤੇ ਜਾ ਰਹੇ ਪ੍ਰਚਾਰ ਨੂੰ ਬੇਬੁਨਿਆਦ ਦੱਸਦਿਆਂ ਉਨ੍ਹਾਂ ਕਿਹਾ ਕਿ ਪੰਜਾਬ ’ਚ ਹੁਣ ਅਤਿਵਾਦ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ।