ਪੰਜਾਬ ’ਚ ਅਮਨ ਸ਼ਾਂਤੀ ਭੰਗ ਨਹੀਂ ਹੋਣ ਦਿਆਂਗੇ: ਭਗਵੰਤ ਮਾਨ

ਪੰਜਾਬ ’ਚ ਅਮਨ ਸ਼ਾਂਤੀ ਭੰਗ ਨਹੀਂ ਹੋਣ ਦਿਆਂਗੇ: ਭਗਵੰਤ ਮਾਨ

ਮੁੱਖ ਮੰਤਰੀ ਵੱਲੋਂ ਕੋਟਕਪੂਰਾ ਕਤਲ ਮਾਮਲੇ ਮਗਰੋਂ ਪੁਲੀਸ ਅਫ਼ਸਰਾਂ ਨਾਲ ਮੀਟਿੰਗ; ਲਾਇਸੈਂਸੀ ਹਥਿਆਰਾਂ ਦੀ ਸਮੀਖਿਆ ਦੇ ਹੁਕਮ

ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਅਮਨ ਕਾਨੂੰਨ ਦੀ ਵਿਵਸਥਾ ਸਬੰਧੀ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਸੂਬਾ ਸਰਕਾਰ ਕਿਸੇ ਵੀ ਕੀਮਤ ’ਤੇ ਅਮਨ ਸ਼ਾਂਤੀ ਨੂੰ ਭੰਗ ਨਹੀਂ ਹੋਣ ਦੇਵੇਗੀ ਅਤੇ ਦੁਸ਼ਮਣ ਤਾਕਤਾਂ ਨੂੰ ਮੂੰਹ ਤੋੜਵਾਂ ਜੁਆਬ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਕੋਟਕਪੂਰਾ ’ਚ ਡੇਰਾ ਸਿਰਸਾ ਦੇ ਪੈਰੋਕਾਰ ਦੇ ਕਤਲ ਮਗਰੋਂ ਉੱਭਰੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਸਮਾਜ ਵਿਰੋਧੀ ਅਨਸਰਾਂ ਨੂੰ ਸਖ਼ਤ ਸ਼ਬਦਾਂ ਵਿੱਚ ਤਾੜਨਾ ਕੀਤੀ ਹੈ। ਭਗਵੰਤ ਮਾਨ ਨੇ ਕਿਹਾ ਕਿ ਸੂਬੇ ਦੀ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਭੰਗ ਕਰਨ ਦੇ ਨਾਪਾਕ ਮਨਸੂਬੇ ਕਿਸੇ ਵੀ ਕੀਮਤ ਉੱਤੇ ਸਫਲ ਨਹੀਂ ਹੋਣ ਦਿੱਤੇ ਜਾਣਗੇ।

ਮੁੱਖ ਮੰਤਰੀ ਨੇ ਅੱਜ ਇੱਥੇ ਅਮਨ-ਕਾਨੂੰਨ ਦੀ ਵਿਵਸਥਾ ਦਾ ਜਾਇਜ਼ਾ ਲੈਣ ਲਈ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਪੁਲੀਸ ਅਧਿਕਾਰੀਆਂ ਨੂੰ ਕੋਟਕਪੂਰਾ ਵਿੱਚ ਡੇਰਾ ਪ੍ਰੇਮੀ ਦੀ ਹੱਤਿਆ ਦੇ ਮਾਮਲੇ ਨੂੰ ਛੇਤੀ ਤੋਂ ਛੇਤੀ ਸੁਲਝਾਉਣ ਦੇ ਹੁਕਮ ਦਿੱਤੇ ਤਾਂ ਕਿ ਦੋਸ਼ੀਆਂ ਨੂੰ ਕਾਨੂੰਨ ਮੁਤਾਬਕ ਮਿਸਾਲੀ ਸਜ਼ਾ ਦਿਵਾਈ ਜਾ ਸਕੇ। ਇਸ ਦੌਰਾਨ ਸੀਨੀਅਰ ਪੁਲੀਸ ਅਫ਼ਸਰਾਂ ਨੇ ਮੁੱਖ ਮੰਤਰੀ ਨੂੰ ਇਸ ਘਟਨਾ ਬਾਰੇ ਤਫ਼ਸੀਲ ਨਾਲ ਜਾਣਕਾਰੀ ਦਿੱਤੀ।

ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਪੁਲੀਸ ਵੱਲੋਂ ਇਸ ਸੰਵੇਦਨਸ਼ੀਲ ਮਾਮਲੇ ਦੀ ਹਰੇਕ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਕੇਸ ਨੂੰ ਬਿਨਾਂ ਕਿਸੇ ਪੱਖਪਾਤ ਤੋਂ ਕਾਨੂੰਨੀ ਸਿੱਟੇ ’ਤੇ ਲਿਜਾਇਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਏਕਤਾ ਅਤੇ ਭਾਈਚਾਰੇ ਨੂੰ ਢਾਹ ਲਾਉਣ ਲਈ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਦੁਸ਼ਮਣ ਤਾਕਤਾਂ ਵੱਲੋਂ ਘਟੀਆਂ ਚਾਲਾਂ ਦੇ ਜਰੀਏ ਪੰਜਾਬ ਦੀ ਫ਼ਿਰਕੂ ਸਦਭਾਵਨਾ ਨੂੰ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਪੰਜਾਬ ਸਰਕਾਰ ਕਿਸੇ ਵੀ ਕੀਮਤ ’ਤੇ ਅਜਿਹੀਆਂ ਸਾਜ਼ਿਸ਼ਾਂ ਨੂੰ ਸਫਲ ਨਹੀਂ ਹੋਣ ਦੇਵੇਗੀ। ਮੁੱਖ ਮੰਤਰੀ ਨੇ ਅਮਨ-ਕਾਨੂੰਨ ਦੀ ਵਿਵਸਥਾ ਨੂੰ ਹੋਰ ਮਜ਼ਬੂਤ ਬਣਾਉਣ ਲਈ ਪੁਲੀਸ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ ਆਧੁਨਿਕ ਲੀਹਾਂ ਉੱਤੇ ਸਿਖਲਾਈ ਦੇਣ ਦੇ ਆਦੇਸ਼ ਵੀ ਦਿੱਤੇ। ਮੁੱਖ ਮੰਤਰੀ ਨੇ ਪੁਲੀਸ ਅਫ਼ਸਰਾਂ ਨੂੰ ਸੂਬੇ ਵਿਚਲੇ ਲਾਇਸੰਸੀ ਹਥਿਆਰਾਂ ਦੀ ਸਮੀਖਿਆ ਕਰਨ ਦੇ ਵੀ ਆਦੇਸ਼ ਦਿੱਤੇ ਹਨ ਤਾਂ ਕਿ ਅਜਿਹੀਆਂ ਅਪਰਾਧਿਕ ਗਤੀਵਿਧੀਆਂ ਵਿੱਚ ਹਥਿਆਰਾਂ ਦੀ ਵਰਤੋਂ ਬਾਰੇ ਪਤਾ ਲਾਇਆ ਜਾ ਸਕੇ। ਮੁੱਖ ਮੰਤਰੀ ਨੇ ਮੀਟਿੰਗ ਦੌਰਾਨ ਸੀਨੀਅਰ ਪੁਲੀਸ ਅਫ਼ਸਰਾਂ ਨੂੰ ਸੂਬੇ ਭਰ ’ਚ ਨਾਕੇਬੰਦੀ ਅਤੇ ਸ਼ਹਿਰਾਂ ’ਚ ਪੁਲਸ ਦੀ ਥਾਂ ਥਾਂ ਤਾਇਨਾਤੀ ’ਤੇ ਜ਼ੋਰ ਦੇਣ ਲਈ ਕਿਹਾ।

ਪੁਲੀਸ ਨੇ ਮਾਲਵੇ ’ਚ ਡੇਰਿਆਂ ਦੀ ਸੁਰੱਖਿਆ ਵਧਾਈ

ਮਾਨਸਾ – ਮਾਲਵਾ ਖੇਤਰ ਵਿੱਚ ਡੇਰਾ ਸਿਰਸਾ ਨਾਲ ਜੁੜੇ ਹੋਏ ਸਾਰੇ ਡੇਰਿਆਂ ਦੀ ਸੁਰੱਖਿਆ ਪੰਜਾਬ ਪੁਲੀਸ ਵੱਲੋਂ ਵਧਾ ਦਿੱਤੀ ਗਈ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੇਸ ਨਾਲ ਜੁੜੇ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦੀ ਅੱਜ ਕੋਟਕਪੂਰਾ ਵਿੱਚ ਹੱਤਿਆ ਕਰ ਦੇਣ ਦੀ ਖ਼ਬਰ ਮਿਲਣ ਮਗਰੋਂ ਅੱਜ ਇਸ ਸੁਰੱਖਿਆ ਵਿੱਚ ਵਾਧਾ ਕੀਤਾ ਗਿਆ ਹੈ। ਪੰਜਾਬ ਪੁਲੀਸ ਵੱਲੋਂ ਡੇਰਿਆਂ ਦੀ ਸੁਰੱਖਿਆ ਦੇ ਨਾਲ-ਨਾਲ ਆਪੋ-ਆਪਣੇ ਖੇਤਰ ਵਿੱਚ ਗਰਮ ਖ਼ਿਆਲੀ ਨੌਜਵਾਨਾਂ ਦੀਆਂ ਹਰਕਤਾਂ ’ਤੇ ਵੀ ਨਜ਼ਰ ਰੱਖੀ ਜਾਣ ਲੱਗੀ ਹੈ। ਜਾਣਕਾਰੀ ਅਨੁਸਾਰ ਮਾਲਵਾ ਖੇਤਰ ਨਾਲ ਜੁੜੇ ਜ਼ਿਲ੍ਹਿਆਂ ਵਿੱਚ ਡੇਰਾ ਸਿਰਸਾ ਦਾ ਪ੍ਰਭਾਵ ਜ਼ਿਆਦਾ ਹੈ ਤੇ ਇਸ ਖੇਤਰ ਵਿੱਚ ਅੱਜ-ਕੱਲ੍ਹ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀਆਂ ਆਨ-ਲਾਈਨ ਨਾਮ-ਚਰਚਾ ਵੀ ਹੋਈਆਂ ਹਨ, ਜਿਸ ਵਿੱਚ ਵੱਡੀ ਪੱਧਰ ’ਤੇ ਡੇਰਾ ਪੈਰੋਕਾਰ ਜੁੜਦੇ ਰਹੇ ਹਨ। ਮਾਨਸਾ ਦੇ ਐੱਸਐੱਸਪੀ ਗੌਰਵ ਤੂਰਾ ਵੱਲੋਂ ਇਸ ਜ਼ਿਲ੍ਹੇ ਵਿੱਚ ਮਾਨਸਾ ਦੇ ਅਮਨਪੁਰਾ ਧਾਮ ਸਮੇਤ ਸਿਰਸਾ ਦੇ ਨਾਲ ਲੱਗਦੇ ਸਰਦੂਲਗੜ੍ਹ ਦੇ ਨਾਮ ਚਰਚਾ ਘਰ ਸਮੇਤ ਇਸ ਜ਼ਿਲ੍ਹੇ ਵਿੱਚ ਭੀਖੀ, ਬੁਢਲਾਡਾ, ਬੋਹਾ ਤੇ ਹੋਰ ਨਾਮ ਚਰਚਾ ਘਰਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਇਨ੍ਹਾਂ ਡੇਰਿਆਂ ਦੀ ਨਿਗਰਾਨੀ ਦੀ ਜ਼ਿੰਮੇਵਾਰੀ ਥਾਣਾ ਮੁਖੀਆਂ ਅਤੇ ਡੀਐੱਸਪੀ ਪੱਧਰ ਦੇ ਅਧਿਕਾਰੀਆਂ ਨੂੰ ਸੌਂਪੀ ਗਈ ਹੈ।