ਮਹਾਰਾਸ਼ਟਰ: ਰਾਹੁਲ ਗਾਂਧੀ ਨੇ ਨਾਂਦੇੜ ਤੋਂ ਭਾਰਤ ਜੋੜੋ ਯਾਤਰਾ ਮੁੜ ਆਰੰਭੀ

ਮਹਾਰਾਸ਼ਟਰ: ਰਾਹੁਲ ਗਾਂਧੀ ਨੇ ਨਾਂਦੇੜ ਤੋਂ ਭਾਰਤ ਜੋੜੋ ਯਾਤਰਾ ਮੁੜ ਆਰੰਭੀ

ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਮੌਕੇ ਨਾਂਦੇੜ ਦੇ ਗੁਰਦੁਆਰੇ ਨਤਮਸਤਕ ਹੋਏ; ਸੂਬੇ ਵਿੱਚ 15 ਦਿਨ ਚੱਲੇਗੀ ਯਾਤਰਾ
ਨਾਂਦੇੜ/ਦੇਗਲੂਰ- ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਸਵੇਰੇ ਮਹਾਰਾਸ਼ਟਰ ਵਿਚ ਆਪਣੀ ‘ਭਾਰਤ ਜੋੜੋ ਯਾਤਰਾ’ ਮੁੜ ਆਰੰਭ ਦਿੱਤੀ। ਸਵੇਰੇ ਯਾਤਰਾ ਆਰੰਭਣ ਮੌਕੇ ਉਹ ਪਹਿਲਾਂ ਨਾਂਦੇੜ ਜ਼ਿਲ੍ਹੇ ’ਚ ਸਥਿਤ ਗੁਰਦੁਆਰਾ ਸਾਹਿਬ ਗਏ। ਕਾਂਗਰਸ ਆਗੂ ਦੀ ਯਾਤਰਾ 62ਵੇਂ ਦਿਨ ਵਿਚ ਦਾਖਲ ਹੋ ਗਈ ਹੈ। ਰਾਹੁਲ ਨੇ ਅੱਜ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਯਾਦਗਾਰੀ ਬਾਬਾ ਜ਼ੋਰਾਵਰ ਸਿੰਘ ਜੀ ਫਤਿਹ ਸਿੰਘ ਜੀ ’ਚ ਮੱਥਾ ਟੇਕਿਆ। ਦੱਸਣਯੋਗ ਹੈ ਕਿ ਯਾਤਰਾ ਗੁਆਂਢੀ ਸੂਬੇ ਤਿਲੰਗਾਨਾ ਤੋਂ ਸੋਮਵਾਰ ਰਾਤ ਮਹਾਰਾਸ਼ਟਰ ਵਿਚ ਦਾਖਲ ਹੋਈ ਸੀ। ਅੱਜ ਗਾਂਧੀ ਦਾ ਮਾਰਚ ਸ਼ੁਰੂ ਹੋਣ ਮੌਕੇ ਉਨ੍ਹਾਂ ਨਾਲ ਸੀਨੀਅਰ ਆਗੂ ਤੇ ਸਾਬਕਾ ਮੁੱਖ ਮੰਤਰੀ ਸੁਸ਼ੀਲਕੁਮਾਰ ਸ਼ਿੰਦੇ ਤੇ ਅਸ਼ੋਕ ਚਵਾਨ, ਪਾਰਟੀ ਦੇ ਸੂਬਾ ਮੁਖੀ ਨਾਨਾ ਪਟੋਲੇ ਅਤੇ ਹੋਰ ਆਗੂ ਹਾਜ਼ਰ ਸਨ। ਪੈਦਲ ਯਾਤਰਾ ਨਾਂਦੇੜ ਦੇ ਬਿਲੋਲੀ ਸ਼ਹਿਰ ਤੋਂ ਅੱਗੇ ਵਧੇਗੀ। ਰਾਹੁਲ ਗਾਂਧੀ ਅੱਜ ਰਾਤ ਬਿਲੋਲੀ ਨੇੜੇ ਹੀ ਇਕ ਖੰਡ ਫੈਕਟਰੀ ਵਿਚ ਰੁਕਣਗੇ। ਸੋਮਵਾਰ ਰਾਤ ਕਾਂਗਰਸ ਆਗੂ ‘ਮਸ਼ਾਲ’ ਲੈ ਕੇ ਮਹਾਰਾਸ਼ਟਰ ਵਿਚ ਦਾਖਲ ਹੋਏ। ਉਨ੍ਹਾਂ ਇਸ ਮੌਕੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਨੋਟਬੰਦੀ ਤੇ ਜੀਐੱਸਟੀ ਜਿਹੀਆਂ ਗਲਤ ਨੀਤੀਆਂ ਕਾਰਨ ਛੋਟੇ ਤੇ ਦਰਮਿਆਨੇ ਕਾਰੋਬਾਰਾਂ ਨੂੰ ਮੁਸ਼ਕਲਾਂ ਝੱਲਣੀਆਂ ਪੈ ਰਹੀਆਂ ਹਨ। ਰਾਹੁਲ ਨੇ ਕਿਹਾ ਕਿ ਮਹਾਰਾਸ਼ਟਰ ਵਿਚ ਅਗਲੇ 15 ਦਿਨ ਆਪਣੀ ਯਾਤਰਾ ਦੌਰਾਨ ਉਹ ਲੋਕਾਂ ਦੀ ਆਵਾਜ਼ ਤੇ ਉਨ੍ਹਾਂ ਦਾ ਦਰਦ ਸੁਣਨਗੇ। ਰਾਹੁਲ ਨੇ ਜ਼ੋਰ ਦੇ ਕੇ ਕਿਹਾ ਕਿ ਕੋਈ ਵੀ ਤਾਕਤ ਉਨ੍ਹਾਂ ਦੀ ਇਸ ਯਾਤਰਾ ਨੂੰ ਰੋਕ ਨਹੀਂ ਸਕਦੀ। ਰਾਹੁਲ ਨੇ ਕਿਹਾ ਕਿ ਦੋ ਮਹੀਨੇ ਪਹਿਲਾਂ ਕੰਨਿਆਕੁਮਾਰੀ ਤੋਂ ਸ਼ੁਰੂ ਹੋਇਆ ਮਾਰਚ ਸ੍ਰੀਨਗਰ ਵਿਚ ਤਿਰੰਗਾ ਲਹਿਰਾਉਣ ਤੋਂ ਬਾਅਦ ਹੀ ਰੁਕੇਗਾ।