ਬਜ਼ੁਰਗ ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ 95 ਸਾਲ ਦੇ ਹੋਏ

ਬਜ਼ੁਰਗ ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ 95 ਸਾਲ ਦੇ ਹੋਏ

ਪ੍ਰਧਾਨ ਮੰਤਰੀ ਤੇ ਹੋਰ ਭਾਜਪਾ ਆਗੂਆਂ ਨੇ ਦਿੱਤੀਆਂ ਸ਼ੁਭ ਕਾਮਨਾਵਾਂ
ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ ਦੇ ਬਜ਼ੁਰਗ ਆਗੂ ਲਾਲ ਕ੍ਰਿਸ਼ਨ ਅਡਵਾਨੀ ਅੱਜ 95 ਸਾਲ ਦੇ ਹੋ ਗਏ ਹਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਦੇ ਹੋਰ ਸੀਨੀਅਰ ਆਗੂਆਂ ਨੇ ਉਨ੍ਹਾਂ ਨੂੰ ਜਨਮ ਦਿਨ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ੍ਰੀ ਅਡਵਾਨੀ ਦੀ ਰਿਹਾਇਸ਼ ’ਤੇ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਵੀ ਕੀਤੀ। ਅਡਵਾਨੀ ਨਾਲ ਮੁਲਾਕਾਤ ਤੋਂ ਬਾਅਦ ਮੋਦੀ ਨੇ ਟਵੀਟ ਕੀਤਾ, ‘ਭਾਰਤ ਦੇ ਵਿਕਾਸ ’ਚ ਉਨ੍ਹਾਂ ਦਾ ਯੋਗਦਾਨ ਯਾਦਗਾਰੀ ਹੈ। ਉਨ੍ਹਾਂ ਦੇ ਨਜ਼ਰੀਏ ਤੇ ਸਮਝਦਾਰੀ ਲਈ ਪੂਰੇ ਭਾਰਤ ’ਚ ਉਨ੍ਹਾਂ ਦਾ ਸਨਮਾਨ ਕੀਤਾ ਜਾਂਦਾ ਹੈ। ਭਾਜਪਾ ਨੂੰ ਸਥਾਪਤ ਕਰਨ ਤੇ ਮਜ਼ਬੂਤ ਕਰਨ ’ਚ ਉਨ੍ਹਾਂ ਦੀ ਭੂਮਿਕਾ ਵਿਲੱਖਣ ਹੈ। ਮੈਂ ਉਨ੍ਹਾਂ ਦੀ ਲੰਮੀ ਤੇ ਤੰਦਰੁਸਤ ਜ਼ਿੰਦਗੀ ਲਈ ਪ੍ਰਾਰਥਨਾ ਕਰਦਾ ਹਾਂ।’ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਡਵਾਨੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਸਖਤ ਮਿਹਨਤ ਨਾਲ ਭੇਸ਼ ਭਰ ’ਚ ਪਾਰਟੀ ਸੰਗਠਨ ਨੂੰ ਮਜ਼ਬੂਤ ਕੀਤਾ ਤੇ ਸਰਕਾਰ ਦਾ ਹਿੱਸਾ ਬਣ ਕੇ ਦੇਸ਼ ਦੇ ਵਿਕਾਸ ’ਚ ਬਹੁਮੁੱਲਾ ਯੋਗਦਾਨ ਪਾਇਆ। ਰਾਜਨਾਥ ਸਿੰਘ ਨੇ ਕਿਹਾ ਕਿ ਦੇਸ਼, ਸਮਾਜ ਤੇ ਪਾਰਟੀ ਲਈ ਅਡਵਾਨੀ ਨੇ ਬਹੁਤ ਮਹੱਤਵਪੂਰਨ ਯੋਗਦਾਨ ਦਿੱਤਾ ਹੈ ਤੇ ਉਨ੍ਹਾਂ ਨੂੰ ਭਾਰਤੀ ਸਿਆਸਤ ਦੇ ਮਹਾਨ ਵਿਅਕਤੀਆਂ ’ਚ ਗਿਣਿਆ ਜਾਂਦਾ ਹੈ। ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਕਿਹਾ ਕਿ ਦੇਸ਼ ਦੇ ਪਾਰਟੀ ਨੂੰ ਸਮਰਪਿਤ ਰਹੇ ਅਡਵਾਨੀ ਦੀ ਜ਼ਿੰਦਗੀ ਉਨ੍ਹਾਂ ਲਈ ਪ੍ਰੇਰਨਾ ਸਰੋਤ ਹਨ। ਇਸੇ ਤਰ੍ਹਾਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਵੀ ਸ੍ਰੀ ਅਡਵਾਨੀ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਜ਼ਿਕਰਯੋਗ ਹੈ ਕਿ 1927 ’ਚ ਕਰਾਚੀ (ਹੁਣ ਪਾਕਿਸਤਾਨ) ਵਿੱਚ ਜਨਮੇ ਲਾਲ ਕ੍ਰਿਸ਼ਨ ਅਡਵਾਨੀ ਜਵਾਨੀ ਵੇਲੇ ਆਰਐੱਸਐੱਸ ਨਾਲ ਜੁੜ ਗਏ ਸਨ। ਉਹ ਭਾਰਤੀ ਜਨਤਾ ਪਾਰਟੀ ਦੇ ਬਾਨੀ ਮੈਂਬਰਾਂ ’ਚੋਂ ਇੱਕ ਸਨ। ਉਹ ਭਾਜਪਾ ਦੇ ਪ੍ਰਧਾਨ ਦੇ ਅਹੁਦੇ ਦੇ ਸਭ ਤੋਂ ਲੰਮਾ ਸਮਾਂ ਕੰਮ ਕਰਨ ਵਾਲੇ ਆਗੂ ਹਨ। ਉਨ੍ਹਾਂ ਨੂੰ 1990 ’ਚ ਕੱਢੀ ਲਈ ਰੱਥ ਯਾਤਰਾ ਲਈ ਯਾਦ ਕੀਤਾ ਜਾਂਦਾ ਹੈ।