ਗੁਰੂ ਨਾਨਕ ਦੇਵ ਦੀਆਂ ਸਿੱਖਿਆਵਾਂ ਸਾਡੇ ਲਈ ਮਾਰਗਦਰਸ਼ਕ: ਮੋਦੀ

ਗੁਰੂ ਨਾਨਕ ਦੇਵ ਦੀਆਂ ਸਿੱਖਿਆਵਾਂ ਸਾਡੇ ਲਈ ਮਾਰਗਦਰਸ਼ਕ: ਮੋਦੀ

ਲਾਲਪੁਰਾ ਦੀ ਰਿਹਾਇਸ਼ ’ਤੇ ਸਮਾਗਮ ਵਿੱਚ ਪ੍ਰਧਾਨ ਮੰਤਰੀ ਹੋਏ ਸ਼ਾਮਲ
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਸਾਡੇ ਲਈ ਮਾਰਗਦਰਸ਼ਕ ਹਨ ਅਤੇ ਦੇਸ਼ ਹਮੇਸ਼ਾ ਉਨ੍ਹਾਂ ਤੋਂ ਸੇਧ ਲੈਂਦਾ ਰਹੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ ਸਿੱਖਾਂ ਦੇ ਪਹਿਲੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮਾਗਮ ਵਿੱਚ ਸ਼ਾਮਲ ਹੋਏ ਅਤੇ ਦੇਸ਼ ਵਾਸੀਆਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ। ਸਮਾਗਮ ਕੌਮੀ ਘੱਟ ਗਿਣਤੀ ਮਾਮਲਿਆਂ ਬਾਰੇ ਕਮਿਸ਼ਨ ਦੇ ਚੇਅਰਪਰਸਨ ਇਕਬਾਲ ਸਿੰਘ ਲਾਲਪੁਰਾ ਦੀ ਰਿਹਾਇਸ਼ ’ਤੇ ਕਰਵਾਇਆ ਗਿਆ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਨੇ ਕਿਹਾ, ‘‘ਮੈਂ ਦੇਸ਼ ਵਾਸੀਆਂ ਅਤੇ ਵਿਦੇਸ਼ਾਂ ਵਿੱਚ ਰਹਿ ਰਹੇ ਲੋਕਾਂ ਨੂੰ ਇਸ ਦਿਹਾੜੇ ਮੌਕੇ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਦੀ ਦਿਲੋਂ ਵਧਾਈ ਦਿੰਦਾ ਹਾਂ।’’ ਉਨ੍ਹਾਂ ਕਿਹਾ, ‘‘ਸਾਡੇ ਦੇਸ਼ ਨੂੰ ਗੁਰੂ ਨਾਨਕ ਦੇਵ ਜੀ ਵਰਗੇ ਮਹਾਨ ਗੁਰੂਆਂ ਤੋਂ ਅਧਿਆਤਮਕ ਅਤੇ ਨੈਤਿਕ ਅਗਵਾਈ ਪ੍ਰਾਪਤ ਹੋਈ ਜਿਨ੍ਹਾਂ ਨੇ ਮਨੁੱਖਤਾ ਵਿੱਚ ਅਟੱਲ ਸਚਾਈਆਂ ਅੰਦਰੂਨੀ ਏਕਤਾ, ਦਇਆ ਅਤੇ ਸਹੀ ਦਾ ਸਾਥ ਦੇਣ ਦੀ ਜੋਤ ਜਗਾਈ।’’ ਪ੍ਰਧਾਨ ਮੰਤਰੀ ਨੇ ਕਿਹਾ, ‘‘ਗੁੁਰੂ ਨਾਨਕ ਦੇਵ ਜੀ ਵਰਗੇ ਅਧਿਆਤਮਕ ਆਗੂਆਂ ਦੀਆਂ ਸਿੱਖਿਆਵਾਂ ’ਤੇ ਚੱਲਦਿਆਂ ਦੇਸ਼ ਲੋਕ ਭਲਾਈ ਦੀ ਭਾਵਨਾ ਨਾਲ ਅੱਗੇ ਵਧ ਰਿਹਾ ਹੈ। ਉਨ੍ਹਾਂ ਨੇ ਸਾਨੂੰ ਦਿਆਲੂ ਗੁਣਾਂ ਵਾਲੀ ਜ਼ਿੰਦਗੀ ਦਾ ਭਾਈਚਾਰਕ ਸਾਂਝ ਦਾ ਮਾਰਗ ਦਿਖਾਇਆ। ਉਨ੍ਹਾਂ ਦੇ ਸ਼ਬਦ ਅਤੇ ਸਾਖੀਆਂ ਸਮੁੱਚੀ ਮਨੁੱਖਤਾ ਦੀ ਅਧਿਆਤਮਕ ਵਿਰਾਸਤ ਹਨ ਅਤੇ ਇੱਕ ਸ਼ਾਂਤੀਪੂਰਨ ਸੰਸਾਰ ਦੀ ਸਿਰਜਣਾ ਲਈ ਉਨ੍ਹਾਂ ਵੱਲੋਂ ਦਿੱਤੀਆਂ ਸਿੱਖਿਆਵਾਂ ਮਾਰਗਦਰਸ਼ਨ ਕਰਦੀਆਂ ਰਹਿਣਗੀਆਂ।’’ ਸ੍ਰੀ ਮੋਦੀ ਨੇ ਸਰਕਾਰ ਵੱਲੋਂ ਸਿੱਖਾਂ ਅਤੇ ਸਿੱਖ ਵਿਰਾਸਤਾਂ ਦੀ ਸੁਰੱਖਿਆ ਲਈ ਚੁੱਕੇ ਜਾ ਰਹੇ ਕਦਮਾਂ ਦਾ ਜ਼ਿਕਰ ਵੀ ਕੀਤਾ।