ਨਫਰਤ ਫੈਲਾਉਣ ਵਾਲੇ ਨਕਾਰੇ ਜਾਣਗੇ: ਮੋਦੀ

ਨਫਰਤ ਫੈਲਾਉਣ ਵਾਲੇ ਨਕਾਰੇ ਜਾਣਗੇ: ਮੋਦੀ

ਗੁਜਰਾਤ ਵਿਧਾਨ ਸਭਾ ਚੋਣਾਂ ’ਚ ਮੁੜ ਜਿੱਤ ਦਰਜ ਕਰਨ ਦਾ ਕੀਤਾ ਦਾਅਵਾ
ਨਾਨਾ ਪੌਂਧਾ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਨਫਰਤ ਫੈਲਾਉਣ ਵਾਲੀਆਂ ਤੇ ਗੁਜਰਾਤ ਨੂੰ ਬਦਨਾਮ ਕਰਨ ਵਾਲੀਆਂ ਤਾਕਤਾਂ ਅਗਲੇ ਮਹੀਨੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਨਕਾਰ ਦਿੱਤੀਆਂ ਜਾਣਗੀਆਂ।

ਵਿਧਾਨ ਸਭਾ ਚੋਣਾਂ ਦੇ ਐਲਾਨ ਮਗਰੋਂ ਆਪਣੇ ਪਿੱਤਰੀ ਸੂਬੇ ’ਚ ਪਹਿਲੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਗੁਜਰਾਤੀ ’ਚ ਨਵਾਂ ਨਾਅਰਾ ‘ਆ ਗੁਜਰਾਤ ਮੈ ਬਨਾਵਯੂ ਛੇ’ (ਇਹ ਗੁਜਰਾਤ ਮੈਂ ਬਣਾਇਆ ਹੈ) ਦਿੱਤਾ। ਇੰਨਾ ਹੀ ਨਹੀਂ ਆਪਣੇ 25 ਮਿੰਟ ਲੰਮੇ ਭਾਸ਼ਣ ਦੌਰਾਨ ਉਨ੍ਹਾਂ ਲੋਕਾਂ ਤੋਂ ਕਈ ਵਾਰ ਇਹ ਨਾਅਰਾ ਵੀ ਲਗਵਾਇਆ। ਉਨ੍ਹਾਂ ਕਿਹਾ, ‘ਜੋ ਵੰਡਪਾਊ ਤਾਕਤਾਂ ਨਫਰਤ ਫੈਲਾਉਂਦੀਆਂ ਰਹੀਆਂ ਤੇ ਜਿਨ੍ਹਾਂ ਗੁਜਰਾਤ ਨੂੰ ਬਦਨਾਮ ਕਰਨ ਤੇ ਉਸ ਦੀ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕੀਤੀ, ਉਨ੍ਹਾਂ ਨੂੰ ਗੁਜਰਾਤ ਤੋਂ ਬਾਹਰ ਦਾ ਰਾਹ ਦਿਖਾਇਆ ਗਿਆ ਹੈ। ਇਸ ਚੋਣ ’ਚ ਵੀ ਉਨ੍ਹਾਂ ਦਾ ਇਹੀ ਭਵਿੱਖ ਹੋਵੇਗਾ।’ ਉਨ੍ਹਾਂ ਕਿਹਾ, ‘ਮੈਨੂੰ ਦਿੱਲੀ ’ਚ ਬੈਠੇ-ਬੈਠੇ ਰਿਪੋਰਟ ਮਿਲ ਰਹੀ ਹੈ ਕਿ ਭਾਜਪਾ ਇਸ ਵਾਰ ਗੁਜਰਾਤ ’ਚ ਰਿਕਾਰਡ ਵੋਟਾਂ ਨਾਲ ਜਿੱਤੇਗੀ। ਮੈਂ ਇੱਥੇ ਆਪਣਾ ਹੀ ਪੁਰਾਣਾ ਰਿਕਾਰਡ ਤੋੜਨ ਆਇਆ ਹਾਂ। ਮੈਂ ਗੁਜਰਾਤ ਭਾਜਪਾ ਨੂੰ ਕਿਹਾ ਹੈ ਕਿ ਮੈਂ ਜਿੰਨਾ ਸੰਭਵ ਹੋਇਆ, ਤੁਹਾਨੂੰ ਓਨਾ ਸਮਾਂ ਦੇਣ ਲਈ ਤਿਆਰ ਹਾਂ।’ ਇਸੇ ਦੌਰਾਨ ਪ੍ਰਧਾਨ ਮੰਤਰੀ ਨੇ ਭਾਵਨਗਰ ਸ਼ਹਿਰ ’ਚ ਕਰਵਾਏ ਗਏ ਸਮੂਹਿਕ ਵਿਆਹ ਸਮਾਗਮ ’ਚ ਸ਼ਮੂਲੀਅਤ ਕੀਤੀ ਤੇ ਨਵੇਂ ਵਿਆਹੇ ਜੋੜਿਆਂ ਨੂੰ ਆਸ਼ੀਰਵਾਦ ਦਿੱਤਾ।