ਲਾਪਤਾ ਫਾਈਲ: ਨਵਜੋਤ ਸਿੱਧੂ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਭੁਗਤੀ

ਲਾਪਤਾ ਫਾਈਲ: ਨਵਜੋਤ ਸਿੱਧੂ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਭੁਗਤੀ

ਕਿਸੇ ਵੀ ਫਾਈਲ ਤੇ ਕੇਸ ਸਬੰਧੀ ਜਾਣਕਾਰੀ ਹੋਣ ਤੋਂ ਕੀਤਾ ਇਨਕਾਰ
ਲੁਧਿਆਣਾ- ਲੁਧਿਆਣਾ ਦੇ ਬਹੁਚਰਚਿਤ ਫਲੈਟਾਂ ਦੇ ਸੀਐੱਲਯੂ ਦੇ ਮਾਮਲੇ ਵਿੱਚ ਅੱਜ ਪੰਜਾਬ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਆਪਣੀ ਗਵਾਹੀ ਦਰਜ ਕਰਵਾਈ। ਇਸ ਦੌਰਾਨ ਸਿੱਧੂ ਨੇ ਇਸ ਕੇਸ ਅਤੇ ਫਾਈਲ ਸਬੰਧੀ ਕੋਈ ਵੀ ਜਾਣਕਾਰੀ ਹੋਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਹ ਕੇਸ ਬਰਖਾਸਤ ਡੀਐੱਸਪੀ ਬਲਵਿੰਦਰ ਸਿੰਘ ਸੇਖੋਂ ਵੱਲੋਂ ਦਾਇਰ ਕੀਤਾ ਗਿਆ ਸੀ। ਬਲਵਿੰਦਰ ਸੇਖੋਂ ਨੇ ਅੱਜ ਦੀ ਪੇਸ਼ੀ ਸਬੰਧੀ ਦੋਸ਼ ਲਗਾਇਆ ਹੈ ਕਿ ਨਵਜੋਤ ਸਿੱਧੂ ਆਪਣੇ ਪੀਏ ਤੇ ਸਕੱਤਰ ਦਾ ਨਾਂ ਤੱਕ ਨਹੀਂ ਦੱਸ ਸਕੇ ਤੇ ਹਰ ਗੱਲ ਤੋਂ ਬਸ ਇਨਕਾਰ ਕਰ ਦਿੱਤਾ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 14 ਨਵੰਬਰ ਨੂੰ ਹੋਵੇਗੀ। ਜ਼ਿਕਰਯੋਗ ਹੈ ਕਿ ਲੁਧਿਆਣਾ ਵਿੱਚ ਫਲੈਟਾਂ ਦੇ ਸੀਐੱਲਯੂ ਕੇਸ ਦੀ ਜਾਂਚ ਕਰ ਰਹੇ ਬਰਖਾਸਤ ਡੀਐੱਸਪੀ ਦੀ ਸਾਬਕਾ ਮੰਤਰੀ ਆਸ਼ੂ ਦੇ ਨਾਲ ਫੋਨ ਦੀ ਰਿਕਾਡਿੰਗ ਵਾਇਰਲ ਹੋਈ ਸੀ, ਜਿਸ ਵਿੱਚ ਦੋਵੇਂ ਬਹਿਸ ਰਹੇ ਸਨ। ਸੇਖੋਂ ਵੱਲੋਂ ਜਾਂਚ ਦੌਰਾਨ ਇਸ ਮਾਮਲੇ ’ਚ ਸਾਬਕਾ ਮੰਤਰੀ ਆਸ਼ੂ ਦੀ ਸਿਆਸੀ ਦਖਲਅੰਦਾਜ਼ੀ ਹੋਣ ਦੀ ਗੱਲ ਲਿਖੀ ਸੀ, ਪਰ ਬਾਅਦ ਵਿੱਚ ਇਹ ਜਾਂਚ ਫਾਈਲ ਗਾਇਬ ਹੋ ਗਈ ਸੀ, ਜਿਸ ਮਗਰੋਂ ਬਲਵਿੰਦਰ ਸੇਖੋਂ ਵੱਲੋਂ ਅਦਾਲਤ ਵਿੱਚ ਇਹ ਕੇਸ ਦਾਇਰ ਕੀਤਾ ਗਿਆ ਸੀ। ਹਾਲਾਂਕਿ ਇਸ ਮਾਮਲੇ ’ਚ ਪਹਿਲਾਂ ਤਤਕਾਲੀ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਗਵਾਹੀ ਲਈ ਕਈ ਵਾਰ ਸੰਮਨ ਕੱਢੇ ਗਏ ਸਨ, ਪਰ ਹਰ ਵਾਰ ਉਹ ਖ਼ੁਦ ਪੇਸ਼ ਹੋਣ ਤੋਂ ਇਨਕਾਰ ਕਰ ਜਾਂਦੇ ਸਨ।