ਰਾਜਾ ਹਰਿੰਦਰ ਸਿੰਘ ਦੀ ਫਰਜ਼ੀ ਵਸੀਅਤ ਤੇ ਟਰੱਸਟ ਦੇ ਖਰਚਿਆਂ ਬਾਰੇ ਪੜਤਾਲ ਸ਼ੁਰੂ

ਰਾਜਾ ਹਰਿੰਦਰ ਸਿੰਘ ਦੀ ਫਰਜ਼ੀ ਵਸੀਅਤ ਤੇ ਟਰੱਸਟ ਦੇ ਖਰਚਿਆਂ ਬਾਰੇ ਪੜਤਾਲ ਸ਼ੁਰੂ

ਕ੍ਰਾਈਮ ਬਰਾਂਚ ਦੇ ਅਧਿਕਾਰੀਆਂ ਨੇ ਟਰੱਸਟ ਦੇ ਅਧਿਕਾਰੀਆਂ ਤੋਂ ਦਸਤਾਵੇਜ਼ ਮੰਗੇ
ਫਰੀਦਕੋਟ- ਫਰੀਦਕੋਟ ਦੇ ਰਾਜਾ ਹਰਿੰਦਰ ਸਿੰਘ ਦੀ ਵਸੀਅਤ ਨੂੰ ਸੁਪਰੀਮ ਕੋਰਟ ਵੱਲੋਂ ਫਰਜ਼ੀ ਐਲਾਨੇ ਜਾਣ ਮਗਰੋਂ ਸ਼ਾਹੀ ਟਰੱਸਟ ਦੇ ਸੀਨੀਅਰ ਅਧਿਕਾਰੀਆਂ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਕ੍ਰਾਈਮ ਬਰਾਂਚ ਪੰਜਾਬ ਨੇ ਇਸ ਮਾਮਲੇ ਦੀ ਪੜਤਾਲ ਆਪਣੇ ਹੱਥਾਂ ਵਿੱਚ ਲੈ ਲਈ ਹੈ ਤੇ ਰਾਜੇ ਦਾ ਟਰੱਸਟ ਸਾਂਭਣ ਵਾਲੇ ਸੀਨੀਅਰ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਹਨ ਕਿ ਟਰੱਸਟ ਦੀ ਕੁੱਲ ਜਾਇਦਾਦ, ਖਰਚਿਆਂ ਅਤੇ ਸ਼ਾਹੀ ਸਾਜ਼ੋ-ਸਾਮਾਨ ਸਬੰਧੀ ਅਸਲ ਰਿਕਾਰਡ ਕ੍ਰਾਈਮ ਬਰਾਂਚ ਕੋਲ ਪੇਸ਼ ਕੀਤਾ ਜਾਵੇ।

ਕ੍ਰਾਈਮ ਬਰਾਂਚ ਨੇ ਇਸ ਮਾਮਲੇ ਦੀ ਪੜਤਾਲ ਲਈ 7 ਨਵੰਬਰ ਦੀ ਤਰੀਕ ਨਿਸ਼ਚਿਤ ਕੀਤੀ ਹੈ। ਦੱਸਣਯੋਗ ਹੈ ਕਿ ਵਸੀਅਤ ਗ਼ੈਰਕਾਨੂੰਨੀ ਐਲਾਨੇ ਜਾਣ ਮਗਰੋਂ ਰਾਜਾ ਹਰਿੰਦਰ ਸਿੰਘ ਦੀ ਧੀ ਅੰਮ੍ਰਿਤ ਕੌਰ ਦੀ ਸ਼ਿਕਾਇਤ ਦੇ ਆਧਾਰ ’ਤੇ ਸਿਟੀ ਪੁਲੀਸ ਨੇ ਟਰੱਸਟ ਦੇ 23 ਅਧਿਕਾਰੀਆਂ ਖ਼ਿਲਾਫ਼ ਸਾਜਿਸ਼ ਤਹਿਤ ਰਾਜੇ ਦੀ ਜਾਅਲੀ ਵਸੀਅਤ ਤਿਆਰ ਕਰਨ ਦੇ ਦੋਸ਼ ਹੇਠ ਪਰਚਾ ਦਰਜ ਕੀਤਾ ਸੀ। ਹਾਲਾਂਕਿ ਪੜਤਾਲ ਮਗਰੋਂ ਪੁਲੀਸ ਨੇ ਇਸ ਮਾਮਲੇ ਨੂੰ ਰੱਦ ਕਰਨ ਦੀ ਸਿਫਾਰਿਸ਼ ਕੀਤੀ ਸੀ।

ਪਿਛਲੇ ਹਫ਼ਤੇ ਫਰੀਦਕੋਟ ਦੇ ਚੀਫ ਜੁਡੀਸ਼ੀਅਲ ਮੈਜਿਸਟਰੇਟ ਨੇ ਪੁਲੀਸ ਦੀ ਸਿਫਾਰਿਸ਼ ਨੂੰ ਰੱਦ ਕਰਦਿਆਂ ਮੁੜ ਇਸ ਮਾਮਲੇ ਦੀ ਪੜਤਾਲ ਦੇ ਹੁਕਮ ਦਿੱਤੇ ਸਨ, ਜਿਸ ਮਗਰੋਂ ਹੁਣ ਕ੍ਰਾਈਮ ਬਰਾਂਚ ਦੇ ਏਆਈਜੀ ਮਾਮਲੇ ਦੀ ਪੜਤਾਲ ਕਰ ਰਹੇ ਹਨ। ਕ੍ਰਾਈਮ ਬਰਾਂਚ ਨੇ ਪੜਤਾਲ ਲਈ ਟਰੱਸਟ ਦੇ ਅਧਿਕਾਰੀਆਂ ਨੂੰ ਰਾਜੇ ਦੀ ਵਸੀਅਤ ਵੀ ਨਾਲ ਲੈ ਕੇ ਆਉਣ ਲਈ ਕਿਹਾ ਹੈ। ਕ੍ਰਾਈਮ ਬਰਾਂਚ ਨੇ ਸ਼ਾਹੀ ਟਰੱਸਟ ਦੇ ਖਰਚਿਆਂ ਅਤੇ ਆਮਦਨ ਦੇ ਮਾਮਲੇ ਵਿੱਚ ਵੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਹਜ਼ਾਰਾਂ ਕਰੋੜ ਦੀ ਜਾਇਦਾਦ ਦੀ ਸਾਂਭ-ਸੰਭਾਲ ਕਰ ਰਹੇ ਟਰੱਸਟ ਦੇ ਅਧਿਕਾਰੀਆਂ ਨੂੰ ਗ੍ਰਿਫ਼ਤਾਰੀ ਦਾ ਡਰ ਸਤਾਉਣ ਲੱਗ ਪਿਆ ਹੈ। ਇਸੇ ਦਰਮਿਆਨ ਟਰੱਸਟ ਦੇ ਕਾਨੂੰਨੀ ਸਲਾਹਕਾਰ ਦੀ ਗ੍ਰਿਫ਼ਤਾਰੀ ਉੱਪਰ ਇੱਥੋਂ ਦੀ ਸੈਸ਼ਨ ਜੱਜ ਨੇ ਰੋਕ ਲਾ ਦਿੱਤੀ ਹੈ। ਦੂਜੇ ਪਾਸੇ ਰਾਜ ਕੁਮਾਰੀ ਅੰਮ੍ਰਿਤ ਕੌਰ ਨੇ ਹਾਈ ਕੋਰਟ ਵਿੱਚ ਸ਼ਾਹੀ ਪਰਿਵਾਰ ਨਾਲ ਜੁੜੇ ਮਾਮਲੇ ਨੂੰ ਫਰੀਦਕੋਟ ਦੀ ਥਾਂ ਚੰਡੀਗੜ੍ਹ ਤਬਦੀਲ ਕਰਨ ਦੀ ਅਪੀਲ ਕੀਤੀ ਹੈ।