ਜਾਂਚ ਏਜੰਸੀਆਂ ਭ੍ਰਿਸ਼ਟਾਚਾਰੀਆਂ ਨੂੰ ਬਿਲਕੁਲ ਨਾ ਬਖ਼ਸ਼ਣ: ਮੋਦੀ

ਜਾਂਚ ਏਜੰਸੀਆਂ ਭ੍ਰਿਸ਼ਟਾਚਾਰੀਆਂ ਨੂੰ ਬਿਲਕੁਲ ਨਾ ਬਖ਼ਸ਼ਣ: ਮੋਦੀ

ਪ੍ਰਧਾਨ ਮੰਤਰੀ ਨੇ ਸੀਵੀਸੀ ਦੇ ਵਿਜੀਲੈਂਸ ਜਾਗਰੂਕਤਾ ਹਫ਼ਤੇ ਸਬੰਧੀ ਸਮਾਗਮ ਨੂੰ ਸੰਬੋਧਨ ਕੀਤਾ
ਨਵੀਂ ਦਿੱਲੀ – ਭ੍ਰਿਸ਼ਟਾਚਾਰ ਵਿਰੋਧੀ ਏਜੰਸੀਆਂ ਨੂੰ ਹਮਾਇਤ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੇ ਮਾਮਲਿਆਂ ਨਾਲ ਨਜਿੱਠਣ ਸਮੇਂ ਉਨ੍ਹਾਂ ਨੂੰ ਰੱਖਿਆਤਮਕ ਹੋਣ ਦੀ ਲੋੜ ਨਹੀਂ ਹੈ। ਸ੍ਰੀ ਮੋਦੀ ਨੇ ਕਿਹਾ ਕਿ ਭਾਵੇਂ ਸੌੜੇ ਹਿੱਤਾਂ ਵਾਲੇ ਕੁਝ ਲੋਕ ਏਜੰਸੀਆਂ ਨੂੰ ਮਾੜਾ ਬੋਲਣ ਪਰ ਉਹ ਆਪਣੇ ਫ਼ੈਸਲਿਆਂ ਤੋਂ ਪਿੱਛੇ ਨਾ ਹਟਣ। ਕੇਂਦਰੀ ਵਿਜੀਲੈਂਸ ਕਮਿਸ਼ਨ (ਸੀਵੀਸੀ) ਵੱਲੋਂ ਕਰਵਾਏ ਜਾ ਰਹੇ ਵਿਜੀਲੈਂਸ ਜਾਗਰੂਕਤਾ ਹਫ਼ਤੇ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਮਿਸ਼ਨ, ਹੋਰ ਏਜੰਸੀਆਂ ਅਤੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਭ੍ਰਿਸ਼ਟਾਚਾਰ ਕਰਨ ਵਾਲਾ ਕੋਈ ਵੀ ਵਿਅਕਤੀ ਜਿੰਨਾ ਮਰਜ਼ੀ ਤਾਕਤਵਰ ਹੋਵੇ, ਉਸ ਨੂੰ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੀਵੀਸੀ ਜਿਹੇ ਅਦਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਕਿਸੇ ਵੀ ਭ੍ਰਿਸ਼ਟ ਵਿਅਕਤੀ ਨੂੰ ਸਿਆਸੀ ਜਾਂ ਸਮਾਜਿਕ ਪਨਾਹ ਨਾ ਮਿਲੇ। ‘ਹਰੇਕ ਭ੍ਰਿਸ਼ਟ ਵਿਅਕਤੀ ਨੂੰ ਸਮਾਜ ਵੱਲੋਂ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਹੈ। ਦੇਖਣ ’ਚ ਆ ਰਿਹਾ ਹੈ ਕਿ ਭ੍ਰਿਸ਼ਟ ਸਾਬਤ ਹੋ ਚੁੱਕੇ ਲੋਕਾਂ ਦੇ ਸੋਹਲੇ ਗਾਏ ਜਾ ਰਹੇ ਹਨ। ਜਿਹੜੇ ਲੋਕ ਆਪਣੇ ਆਪ ਨੂੰ ਇਮਾਨਦਾਰ ਅਖਵਾਉਂਦੇ ਹਨ, ਉਨ੍ਹਾਂ ਨੂੰ ਅਜਿਹੇ ਭ੍ਰਿਸ਼ਟ ਲੋਕਾਂ ਨਾਲ ਤਸਵੀਰਾਂ ਖਿਚਵਾਉਣ ’ਚ ਸ਼ਰਮ ਨਹੀਂ ਆਉਣੀ ਚਾਹੀਦੀ ਹੈ। ਭਾਰਤੀ ਸਮਾਜ ਲਈ ਹਾਲਾਤ ਠੀਕ ਨਹੀਂ ਹਨ।’ ਕਿਸੇ ਦਾ ਨਾਮ ਲਏ ਬਿਨਾਂ ਸ੍ਰੀ ਮੋਦੀ ਨੇ ਕਿਹਾ ਕਿ ਲੋਕ ਭ੍ਰਿਸ਼ਟਾਚਾਰੀਆਂ ਦੇ ਪੱਖ ’ਚ ਦਲੀਲਾਂ ਦਿੰਦੇ ਹਨ ਅਤੇ ਉਨ੍ਹਾਂ ਨੂੰ ਸਨਮਾਨਿਤ ਕਰਨ ਦੀ ਵਕਾਲਤ ਕਰਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪਿਛਲੇ ਅੱਠ ਸਾਲਾਂ ਦੌਰਾਨ ਸੁਧਾਰ ਅਤੇ ਪਾਰਦਰਸ਼ਤਾ ਲਿਆ ਕੇ ਪ੍ਰਬੰਧ ਬਦਲਣ ਦੀ ਕੋਸ਼ਿਸ਼ ਕੀਤੀ ਹੈ। ‘ਦੇਸ਼ ’ਚ ਸਰਕਾਰ ਵੱਲੋਂ ਅਭਾਵ ਅਤੇ ਦਬਾਅ ਦੀ ਸਥਿਤੀ ਨੇ ਭ੍ਰਿਸ਼ਟਾਚਾਰ ਨੂੰ ਉਤਸ਼ਾਹਿਤ ਕੀਤਾ ਅਤੇ ਦੇਸ਼ ਪਿਛਾਂਹ ਜਾਂਦਾ ਗਿਆ।’ ਇਸ ਮੌਕੇ ਉਨ੍ਹਾਂ ਸੀਵੀਸੀ ਦੇ ਸ਼ਿਕਾਇਤ ਪ੍ਰਬੰਧਨ ਪ੍ਰਣਾਲੀ ਪੋਰਟਲ ਵੀ ਲਾਂਚ ਕੀਤਾ ਜੋ ਲੋਕਾਂ ਨੂੰ ਉਨ੍ਹਾਂ ਦੀਆਂ ਸ਼ਿਕਾਇਤਾਂ ਪ੍ਰਤੀ ਨਿਯਮਤ ਤੌਰ ’ਤੇ ਅਪਡੇਟ ਰੱਖੇਗਾ। ਉਨ੍ਹਾਂ ਵਧੀਆ ਲੇਖ ਲਿਖਣ ਵਾਲੇ ਪੰਜ ਵਿਦਿਆਰਥੀਆਂ ਨੂੰ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ।