ਸਿੱਖ ਨਸਲਕੁਸ਼ੀ ਦੀ 38ਵੀਂ ਬਰਸੀ ’ਤੇ ਵਿਚਾਰ-ਚਰਚਾ

ਸਿੱਖ ਨਸਲਕੁਸ਼ੀ ਦੀ 38ਵੀਂ ਬਰਸੀ ’ਤੇ ਵਿਚਾਰ-ਚਰਚਾ

ਕਤਲੇਆਮ ਨੇ ਭਾਰਤ ’ਚ ਬਹੁਗਿਣਤੀਵਾਦ ਦੇ ਰਾਜ ਦੀ ਨੀਂਹ ਰੱਖੀ: ਰਾਹੁਲ ਬੇਦੀ
ਚੰਡੀਗੜ੍ਹ- ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਸਿੱਖ ਨਸਲਕੁਸ਼ੀ ਦੀ 38ਵੀਂ ਬਰਸੀ ਮੌਕੇ ਅੱਜ ਇਥੇ ਵਿਚਾਰ-ਚਰਚਾ ਕਰਵਾਈ ਗਈ। ਸੀਨੀਅਰ ਪੱਤਰਕਾਰ ਰਾਹੁਲ ਬੇਦੀ ਨੇ ਕਿਹਾ ਕਿ ਨਵੰਬਰ 1984 ਵਿੱਚ ਵਾਪਰੀ ਸਿੱਖ ਨਸਲਕੁਸ਼ੀ ਨੇ ਭਾਰਤ ਵਿੱਚ ਧਰਮ ਨਿਰਪੱਖ ਜਮਹੂਰੀਅਤ ਰਾਜ ਪ੍ਰਬੰਧ ਦਾ ਅੰਤ ਕਰਕੇ ਬਹੁਗਿਣਤੀ ਸਮਾਜ ਦੇ ਰਾਜ ਦੀ ਨੀਂਹ ਰੱਖੀ। ਜ਼ਿਕਰਯੋਗ ਹੈ ਕਿ ਰਾਹੁਲ ਬੇਦੀ ਨੇ ਦਿੱਲੀ ਵਿੱਚ ਹੋਏ ਕਤਲੇਆਮ ਦੀ ਰਿਪੋਰਟਿੰਗ ਪੂਰੀ ਦਲੇਰੀ ਨਾਲ ਕੀਤੀ ਸੀ। ਉਨਾਂ ਕਿਹਾ ਕਿ ਹੁਣ ਭਾਰਤ ਦੇ ਪ੍ਰਬੰਧ ਨੂੰ ਧਰਮ ਨਿਰਪੱਖ ਜਮਹੂਰੀਅਤ ਦੀਆਂ ਲੀਹਾਂ ’ਤੇ ਖੜ੍ਹਾ ਕਰ ਸਕਣ ਦੀ ਉਮੀਦ ਬਹੁਤ ਘੱਟ ਹੈ।

ਇਸ ਮੌਕੇ ਡਾ. ਪਿਆਰਾ ਲਾਲ ਗਰਗ ਨੇ ਕਿਹਾ ਸਿੱਖ ਨਸਲਕੁਸ਼ੀ ਤੋਂ ਬਾਅਦ ਸਰਕਾਰਾਂ ਨੇ ਨਿਰਪੱਖ ਰਹਿਣ ਦਾ ਝਾਕਾ ਲਾਹ ਕੇ ਕਤਲੇਆਮ ਵਿੱਚ ਸਿੱਧੀ ਅਸਿੱਧੀ ਸ਼ਮੂਲੀਅਤ ਕੀਤੀ। ਸਿੱਖ ਆਗੂ ਨਰਾਇਣ ਸਿੰਘ ਚੌੜਾ ਨੇ ਕਿਹਾ ਕਿ 3000 ਸਿੱਖਾਂ ਦਾ ਕਤਲ ਕਰਨ ਵਾਲੇ ਦੋਸ਼ੀਆਂ ਨੂੰ ਅੱਜ 38 ਸਾਲਾਂ ਬਾਅਦ ਵੀ ਸਜ਼ਾਵਾਂ ਨਹੀਂ ਦਿੱਤੀਆਂ ਗਈਆਂ ਹਨ। ਭਾਈ ਅਸ਼ੋਕ ਸਿੰਘ ਬਾਗੜੀਆਂ ਨੇ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਸਿੱਖ ਨਸਲਕੁਸ਼ੀ ਦੀ ਢੁੱਕਵੀਂ ਯਾਦਗਾਰ ਦਰਬਾਰ ਸਾਹਿਬ ਅੰਦਰ ਨਹੀਂ ਬਣਾਈ ਗਈ। ਇਸ ਮੌਕੇ ਉੱਤੇ ਇੰਦਰਾ ਗਾਂਧੀ ਨੂੰ ਮਾਰਨ ਵਾਲੇ ਬੇਅੰਤ ਸਿੰਘ ਦੇ ਭਰਾ, ਪੁੱਤਰਾਂ ਅਤੇ ਨੂੰਹ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਜੰਟ ਸਿੰਘ ਬਲ ਅਤੇ ਸੁਖਜੀਤ ਸਿੰਘ ਵੱਲੋਂ ਲਿਖੀ ਪੁਸਤਕ ‘ਸਿੱਖ ਨਸਲਕੁਸ਼ੀ ਦਾ ਖੁਰਾਖੋਜ’ ਵੀ ਰਿਲੀਜ਼ ਕੀਤੀ ਗਈ।