ਟੀ-20 ਵਿਸ਼ਵ ਕੱਪ: ਇੰਗਲੈਂਡ ਨੇ ਨਿਊਜ਼ੀਲੈਂਡ ਨੂੰ 20 ਦੌੜਾਂ ਨਾਲ ਹਰਾਇਆ

ਟੀ-20 ਵਿਸ਼ਵ ਕੱਪ: ਇੰਗਲੈਂਡ ਨੇ ਨਿਊਜ਼ੀਲੈਂਡ ਨੂੰ 20 ਦੌੜਾਂ ਨਾਲ ਹਰਾਇਆ

ਬ੍ਰਿਸਬਨ-ਇੰਗਲੈਂਡ ਨੇ ਅੱਜ ਇੱਥੇ ਆਈਸੀਸੀ ਟੀ-20 ਵਿਸ਼ਵ ਕੱਪ ਮੈਚ ਵਿੱਚ ਨਿਊਜ਼ੀਲੈਂਡ ਨੂੰ 20 ਦੌੜਾਂ ਨਾਲ ਹਰਾ ਕੇ ਸੈਮੀਫਾਈਨਲ ਵਿੱਚ ਦਾਖਲੇ ਦੀਆਂ ਆਪਣੀਆਂ ਉਮੀਦਾਂ ਬਰਕਰਾਰ ਰੱਖੀਆਂ ਹਨ। ਇੰਗਲੈਂਡ ਦੇ 180 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਨਿਊਜ਼ੀਲੈਂਡ ਦੀ ਟੀਮ ਛੇ ਵਿਕਟਾਂ ’ਤੇ 159 ਦੌੜਾਂ ਹੀ ਬਣਾ ਸਕੀ। ਨਿਊਜ਼ੀਲੈਂਡ ਦੇ ਬੱਲੇਬਾਜ਼ ਗਲੇਨ ਫਿਲਿਪਸ ਨੇ 62 ਅਤੇ ਕਪਤਾਨ ਕੇਨ ਵਿਲੀਅਮਸਨ ਨੇ 40 ਦੌੜਾਂ ਬਣਾਈਆਂ। ਸੈਮ ਕਰਨ ਅਤੇ ਕ੍ਰਿਸ ਵੋਕਸ ਨੇ ਇੰਗਲੈਂਡ ਲਈ ਦੋ ਦੋ ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਇੰਗਲੈਂਡ ਨੇ ਕਪਤਾਨ ਜੋਸ ਬਟਲਰ (47 ਗੇਂਦਾਂ ’ਤੇ 73 ਦੌੜਾਂ) ਅਤੇ ਅਲੈਕਸ ਹੇਲਜ਼ (40 ਗੇਂਦਾਂ ’ਤੇ 52 ਦੌੜਾਂ) ਦੀ ਮਦਦ ਨਾਲ ਛੇ ਵਿਕਟਾਂ ’ਤੇ 179 ਦੌੜਾਂ ਬਣਾਈਆਂ। ਇਸ ਜਿੱਤ ਨਾਲ ਗਰੁੱਪ-ਏ ਵਿੱਚ ਇੰਗਲੈਂਡ ਸਮੇਤ ਤਿੰਨ ਟੀਮਾਂ ਦੇ ਚਾਰ ਮੈਚਾਂ ਵਿੱਚ ਪੰਜ ਅੰਕ ਹੋ ਗਏ ਹਨ। ਨਿਊਜ਼ੀਲੈਂਡ ਤੇ ਆਸਟਰੇਲੀਆ ਦੇ ਵੀ ਏਨੇ ਹੀ ਅੰਕ ਹਨ। ਨਿਊਜ਼ੀਲੈਂਡ ਦਾ ਪੰਜਵਾਂ ਤੇ ਆਖ਼ਰੀ ਗਰੁੱਪ ਮੈਚ 4 ਨਵੰਬਰ ਨੂੰ ਆਇਰਲੈਂਡ ਨਾਲ ਅਤੇ ਇੰਗਲੈਂਡ ਦਾ ਅਗਲਾ ਮੈਚ 5 ਨਵੰਬਰ ਨੂੰ ਸ੍ਰੀਲੰਕਾ ਨਾਲ ਹੋਵੇਗਾ। ਇਸੇ ਦੌਰਾਨ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਅਤੇ ਧਨੰਜੈ ਡੀ. ਸਿਲਵਾ ਦੇ ਨੀਮ ਸੈਂਕੜੇ ਦੀ ਬਦੌਲਤ ਸ੍ਰੀਲੰਕਾ ਨੇ ਅੱਜ ਇੱਥੇ ਟੀ-20 ਵਿਸ਼ਵ ਕੱਪ ਦੇ ਸੁਪਰ 12 ਮੈਚ ਵਿੱਚ ਅਫਗਾਨਿਸਤਾਨ ਨੂੰ ਛੇ ਵਿਕਟਾਂ ਨਾਲ ਹਰਾ ਕੇ ਸੈਮੀਫਾਈਨਲ ’ਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਬਰਕਰਾਰ ਰੱਖੀਆਂ, ਜਦਕਿ ਅਫਗਾਨਿਸਤਾਨ ਆਖਰੀ ਚਾਰ ਦੀ ਦੌੜ ’ਚੋਂ ਬਾਹਰ ਹੋ ਗਿਆ ਹੈ। ਅਫਗਾਨਿਸਤਾਨ ਦੀ ਟੀਮ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ 20 ਓਵਰਾਂ ਵਿੱਚ ਅੱਠ ਵਿਕਟਾਂ ’ਤੇ 144 ਦੌੜਾਂ ਹੀ ਬਣਾ ਸਕੀ। ਸ੍ਰੀਲੰਕਾ ਨੇ ਇਸ ਟੀਚੇ ਨੂੰ 18.3 ਓਵਰਾਂ ਵਿੱਚ ਚਾਰ ਵਿਕਟਾਂ ਦੇ ਨੁਕਸਾਨ ’ਤੇ 148 ਦੌੜਾਂ ਬਣਾ ਕੇ ਪੂਰਾ ਕਰ ਲਿਆ।