ਦੇਸ਼ ਦੀ ਏਕਤਾ ਤੋੜਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਦੁਸ਼ਮਣ: ਮੋਦੀ

ਦੇਸ਼ ਦੀ ਏਕਤਾ ਤੋੜਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਦੁਸ਼ਮਣ: ਮੋਦੀ

ਪੁਲ ਹਾਦਸੇ ਦੇ ਮ੍ਰਿਤਕਾਂ ਨੂੰ ਯਾਦ ਕਰਦਿਆਂ ਭਾਵੁਕ ਹੋਏ ਪ੍ਰਧਾਨ ਮੰਤਰੀ

ਕੇਵੜੀਆ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੁਸ਼ਮਣ ਦੇਸ਼ ਦੀ ਏਕਤਾ ਤੋੜਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਅਤੇ ਮੁਲਕ ਨੂੰ ਅਜਿਹੀਆਂ ਕੋਸ਼ਿਸ਼ਾਂ ਖ਼ਿਲਾਫ਼ ਡਟ ਕੇ ਖੜ੍ਹਾ ਹੋਣਾ ਚਾਹੀਦਾ ਹੈ। ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵੱਲਭਭਾਈ ਪਟੇਲ ਦੀ ਜੈਅੰਤੀ ਮੌਕੇ ਗੁਜਰਾਤ ਦੇ ਕੇਵੜੀਆ ’ਚ ਉਨ੍ਹਾਂ ਦੇ ਬੁੱਤ ’ਤੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਸ੍ਰੀ ਮੋਦੀ ਨੇ ਐਤਵਾਰ ਨੂੰ ਮੋਰਬੀ ਪੁਲ ਹਾਦਸੇ ਦੇ ਮ੍ਰਿਤਕਾਂ ਨੂੰ ਵੀ ਯਾਦ ਕੀਤਾ। ਪ੍ਰਧਾਨ ਮੰਤਰੀ ਨੇ ਭਾਵੁਕ ਹੁੰਦਿਆਂ ਕਿਹਾ,‘‘ਮੈਂ ਕੇਵੜੀਆ ’ਚ ਹਾਂ ਪਰ ਮੇਰਾ ਦਿਲ ਮੋਰਬੀ ਪੁਲ ਹਾਦਸੇ ਦੇ ਮ੍ਰਿਤਕਾਂ ਪ੍ਰਤੀ ਰੋ ਰਿਹਾ ਹੈ।’’ ਉਨ੍ਹਾਂ ਕਿਹਾ ਕਿ ਦੇਸ਼ ਦੇ ਵੱਖ ਵੱਖ ਕੋਨਿਆਂ ਤੋਂ ਕਲਾਕਾਰ ਕੇਵੜੀਆ ਆਏ ਹੋਏ ਸਨ ਪਰ ਮੌਜੂਦਾ ਸੋਗ ਦੇ ਹਾਲਾਤ ਨੂੰ ਦੇਖਦਿਆਂ ਇਹ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਭਰੋਸਾ ਦਿੱਤਾ ਕਿ ਸਰਕਾਰ ਪੀੜਤਾਂ ਦੇ ਪਰਿਵਾਰਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਏਕਤਾ ਸਾਡੇ ਦੁਸ਼ਮਣਾਂ ਦੀਆਂ ਅੱਖਾਂ ’ਚ ਰੜਕ ਰਹੀ ਹੈ। ਨਾ ਸਿਰਫ਼ ਅੱਜ ਸਗੋਂ ਹਜ਼ਾਰਾਂ ਸਾਲਾਂ ਤੋਂ ਇਹ ਹੋ ਰਿਹਾ ਹੈ ਅਤੇ ਸਾਰੇ ਵਿਦੇਸ਼ੀ ਹਮਲਾਵਰਾਂ ਨੇ ਵੀ ਇਸ ਏਕਤਾ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਸਨ। ਸ੍ਰੀ ਮੋਦੀ ਨੇ ਕਿਹਾ ਕਿ ਲੰਬੇ ਸਮੇਂ ਤੋਂ ਫੈਲਾਏ ਜਾ ਰਹੇ ਜ਼ਹਿਰ ਕਾਰਨ ਦੇਸ਼ ਅੱਜ ਵੀ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ। ਅਸੀਂ ਦੇਸ਼ ਦੀ ਵੰਡ ਵੀ ਦੇਖੀ ਅਤੇ ਦੁਸ਼ਮਣਾਂ ਨੇ ਇਸ ਦਾ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਹੈ। ‘ਅਜਿਹੀਆਂ ਤਾਕਤਾਂ ਅੱਜ ਸਰਗਰਮ ਹਨ ਅਤੇ ਉਹ ਲੋਕਾਂ ਨੂੰ ਜਾਤ, ਖ਼ਿੱਤੇ ਅਤੇ ਭਾਸ਼ਾ ਦੇ ਨਾਮ ’ਤੇ ਲੜਾਉਣਾ ਚਾਹੁੰਦੇ ਹਨ। ਇਤਿਹਾਸ ਵੀ ਇਸ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ ਕਿ ਲੋਕ ਇਕ-ਦੂਜੇ ਨਾਲ ਖੜ੍ਹੇ ਨਾ ਹੋ ਸਕਣ।’ ਉਨ੍ਹਾਂ ਕਿਹਾ ਕਿ ਅਜਿਹੀਆਂ ਤਾਕਤਾਂ ਸਿਰਫ਼ ਬਾਹਰੋਂ ਹੀ ਨਹੀਂ ਸਗੋਂ ਮੁਲਕ ਦੇ ਪ੍ਰਬੰਧ ’ਚ ਗੁਲਾਮੀ ਦੀ ਮਾਨਸਿਕਤਾ ਦੇ ਰੂਪ ’ਚ ਵੀ ਆ ਗਈਆਂ ਹਨ ਅਤੇ ਉਹ ਆਪਣੇ ਸੌੜੇ ਹਿੱਤਾਂ, ਭਾਈ-ਭਤੀਜਵਾਦ, ਲਾਲਚ ਅਤੇ ਭ੍ਰਿਸ਼ਟਾਚਾਰ ਵਜੋਂ ਪੇਸ਼ ਕਰਦੀਆਂ ਹਨ।