ਸਿਮਰਨਜੀਤ ਮਾਨ ਵੱਲੋਂ ਘੱਟ ਗਿਣਤੀਆਂ ਦੇ ਹਿੱਤ ਸੁਰੱਖਿਅਤ ਰੱਖਣ ’ਤੇ ਜ਼ੋਰ

ਸਿਮਰਨਜੀਤ ਮਾਨ ਵੱਲੋਂ ਘੱਟ ਗਿਣਤੀਆਂ ਦੇ ਹਿੱਤ ਸੁਰੱਖਿਅਤ ਰੱਖਣ ’ਤੇ ਜ਼ੋਰ

ਗੁਰਦੁਆਰਾ ਰਕਾਬਗੰਜ ਵਿਖੇ ਕਰਵਾਏ ਸਮਾਗਮ ’ਚ ਕੀਤੀ ਸ਼ਿਰਕਤ
ਨਵੀਂ ਦਿੱਲੀ- ਸੰਗਰੂਰ ਤੋਂ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਬੇਅੰਤ ਸਿੰਘ, ਸਤਵੰਤ ਸਿੰਘ ਤੇ ਕੇਹਰ ਸਿੰਘ ਨਮਿਤ ਦਿੱਲੀ ਦੇ ਗੁਰਦੁਆਰਾ ਰਕਾਬ ਗੰਜ ਕੰਪਲੈਕਸ ਵਿਖੇ ਕਰਵਾਏ ਗਏ ਅਰਦਾਸ ਸਮਾਗਮ ’ਚ ਸ਼ਿਰਕਤ ਕੀਤੀ। ਇਹ ਸਮਾਗਮ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਦਿੱਲੀ ਇਕਾਈ ਵੱਲੋਂ ਕਰਵਾਇਆ ਗਿਆ।

ਸ੍ਰੀ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਬੀਤੇ ਦਿਨੀਂ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਦਿੱਲੀ ਵਿੱਚ ਹੋਈ ਮੀਟਿੰਗ ਦੌਰਾਨ ਕਿਹਾ ਗਿਆ ਸੀ ਕਿ ਦਹਿਸ਼ਤਗਰਦੀ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਵੱਧ ਗਿਣਤੀਆਂ ਕਤਲੇਆਮ ਤੇ ਨਸਲਕੁਸ਼ੀ ਕਰਦੀਆਂ ਹਨ। ’47 ਮਗਰੋਂ ਹੁਕਮਰਾਨਾਂ ਨੇ ਮਾੜੀਆਂ ਹਰਕਤਾਂ ਕੀਤੀਆਂ। ਸੰਸਦ ਮੈਂਬਰ ਨੇ ਕਿਹਾ ਕਿ ਸਰਕਾਰੀ ਦਹਿਸ਼ਤਗਰਦੀ ਦਾ ਜਵਾਬ ਲੋਕ ਦਿੰਦੇ ਹਨ। ਉਨ੍ਹਾਂ ਘੱਟ ਗਿਣਤੀਆਂ ਦੇ ਹੱਕਾਂ ਦੀ ਗੱਲ ਵੀ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਸੁਰੱਖਿਆ ਕੌਂਸਲ ਦਾ ਮੈਂਬਰ ਬਣਨਾ ਚਾਹੁੰਦਾ ਹੈ ਪਰ ਉਹ ਕੌਂਸਲ ਦੇ 1948 ਦੇ ਕਸ਼ਮੀਰ ਬਾਰੇ ਰਾਇਸ਼ੁਮਾਰੀ ਕੀਤੇ ਜਾਣ ਦੇ ਫ਼ੈਸਲੇ ਨੂੰ ਲਾਗੂ ਨਹੀਂ ਕਰਦਾ।

ਉਨ੍ਹਾਂ ਮੰਗ ਕੀਤੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 12 ਸਾਲਾਂ ਤੋਂ ਲਟਕੀਆਂ ਚੋਣਾਂ ਕਰਵਾਈਆਂ ਜਾਣ ਕਿਉਂਕਿ ਹੁਣ ਜੋ ਉੱਥੇ ਸੱਤਾਧਾਰੀ ਹਨ ਉਹ ਸਾਧ ਤੇ ਮਸੰਦ ਬਣ ਕੇ ਬੈਠੇ ਹੋਏ ਹਨ। ਜਦੋਂ ਅੰਮ੍ਰਿਤਪਾਲ ਸਿੰਘ ਤੇ ਸੇਵਾਮੁਕਤ ਕੈਪਟਨ ਚੰਨਣ ਸਿੰਘ ਵੱਲੋਂ ਉਠਾਏ ਜਾ ਰਹੇ ਮੁੱਦਿਆਂ ਬਾਰੇ ਲੋਕ ਸਭਾ ਮੈਂਬਰ ਤੋਂ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਨਿੰਦਾ ਕਰਨ ਵਾਲੇ ਦੀ ਉਸਤਤ ਹੀ ਕਰਨੀ ਚਾਹੀਦੀ ਹੈ।