ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਤੋਂ ਬਾਦਲਾਂ ਦਾ ਗ਼ਲਬਾ ਖ਼ਤਮ ਕਰਨਾ ਜ਼ਰੂਰੀ: ਢੀਂਡਸਾ

ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਤੋਂ ਬਾਦਲਾਂ ਦਾ ਗ਼ਲਬਾ ਖ਼ਤਮ ਕਰਨਾ ਜ਼ਰੂਰੀ: ਢੀਂਡਸਾ

ਮੁੱਲਾਂਪੁਰ ਦਾਖਾ- ਸ਼੍ਰੋਮਣੀ ਕਮੇਟੀ ਤੋਂ ਬਾਦਲਾਂ ਦਾ ਗ਼ਲਬਾ ਖ਼ਤਮ ਕਰਨ ਲਈ ਅਕਾਲੀ ਦਲ (ਸੰਯੁਕਤ) ਕਿਸੇ ਵੀ ਮਜ਼ਬੂਤ ਉਮੀਦਵਾਰ ਦੀ ਖੁੱਲ੍ਹ ਕੇ ਮਦਦ ਕਰੇਗਾ। ਪੰਜਾਬ ਦੇ ਸਾਬਕਾ ਵਿੱਤ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਮੁੱਖ ਬੁਲਾਰੇ ਪਰਮਿੰਦਰ ਸਿੰਘ ਢੀਂਡਸਾ ਨੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਥੇਦਾਰ ਜਸਵੰਤ ਸਿੰਘ ਪੁੜੈਣ ਤੇ ਹਰਪ੍ਰੀਤ ਸਿੰਘ ਗਰਚਾ ਨਾਲ ਵਿਚਾਰ ਚਰਚਾ ਕਰਨ ਮਗਰੋਂ ਅੱਜ ਇੱਥੇ ਇਹ ਐਲਾਨ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਲੁਧਿਆਣਾ ਜ਼ਿਲ੍ਹੇ ਦੇ ਦੋ-ਚਾਰ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਛੱਡ ਕੇ ਬਾਕੀ ਸਭ ਬਾਦਲਾਂ ਦੇ ਖ਼ਿਲਾਫ਼ ਹੀ ਭੁਗਤਣਗੇ। ਭਾਜਪਾ ਵੱਲੋਂ ਗੁਜਰਾਤ ਚੋਣਾਂ ਤੋਂ ਪਹਿਲਾਂ ਸਾਂਝੇ ਸਿਵਲ ਕੋਡ ਲਈ ਕਮੇਟੀ ਗਠਿਤ ਕਰਨ ਬਾਰੇ ਕੀਤੇ ਸਵਾਲ ਦੇ ਜਵਾਬ ਵਿੱਚ ਸ੍ਰੀ ਢੀਂਡਸਾ ਨੇ ਕਿਹਾ ਕਿ ਇਸ ਦੇ ਕਾਨੂੰਨੀ ਅਤੇ ਸਿਆਸੀ ਪੱਖਾਂ ’ਤੇ ਵਿਚਾਰ-ਚਰਚਾ ਤੋਂ ਬਾਅਦ ਹੀ ਪਾਰਟੀ ਆਪਣਾ ਪੱਖ ਰੱਖੇਗੀ। ਸੀਨੀਅਰ ਆਗੂ ਸੁਖਦੇਵ ਸਿੰਘ ਚੱਕ ਕਲਾਂ ਦੇ ਘਰ ਵਿੱਚ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਵਿਚਾਰ-ਚਰਚਾ ਦੌਰਾਨ ਪਰਮਿੰਦਰ ਸਿੰਘ ਢੀਂਡਸਾ ਨੇ ਦਾਅਵਾ ਕੀਤਾ ਕਿ ਹਰਿਆਣਾ ਦੇ ਬਹੁਤ ਸਾਰੇ ਸਿੱਖ ਆਗੂਆਂ ਸਣੇ ਮਾਨਸਾ, ਬਰਨਾਲਾ, ਸੰਗਰੂਰ ਤੇ ਹੋਰਨਾਂ ਜ਼ਿਲ੍ਹਿਆਂ ਵਿੱਚ ਉਨ੍ਹਾਂ ਨੂੰ ਬਾਦਲਾਂ ਖ਼ਿਲਾਫ਼ ਭਰਵਾਂ ਹੁੰਗਾਰਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਬੀਬੀ ਜਗੀਰ ਕੌਰ ਬਗਾਵਤ ਕਰ ਕੇ ਚੋਣ ਮੈਦਾਨ ਵਿੱਚ ਉਤਰਨਗੇ ਤਾਂ ਉਨ੍ਹਾਂ ਦੀ ਹਮਾਇਤ ਕੀਤੀ ਜਾਵੇਗੀ, ਪਰ ਜੇਕਰ ਉਹ ਬਾਦਲਾਂ ਵੱਲੋਂ ਉਮੀਦਵਾਰ ਹੋਣਗੇ ਤਾਂ ਕਿਸੇ ਹੋਰ ਮਜ਼ਬੂਤ ਉਮੀਦਵਾਰ ਨੂੰ ਮੈਦਾਨ ਵਿੱਚ ੳਤਾਰਿਆ ਜਾਵੇਗਾ। ਪਾਰਟੀ ਦੇ ਯੂਥ ਆਗੂ ਮਨਪ੍ਰੀਤ ਸਿੰਘ ਤਲਵੰਡੀ ਵੱਲੋਂ ‘ਆਪ’ ਵਿੱਚ ਸ਼ਾਮਲ ਹੋਣ ਬਾਰੇ ਉਨ੍ਹਾਂ ਕਿਹਾ ਕਿ ਮਨਪ੍ਰੀਤ ਨੇ ਸੱਤਾ ਦੇ ਲਾਲਚ ਵਿੱਚ ਮੌਕਾਪ੍ਰਸਤੀ ਦਿਖਾਈ ਹੈ। ਕੁਝ ਹੋਰ ਸੀਨੀਅਰ ਆਗੂਆਂ ਵੱਲੋਂ ਵੀ ‘ਆਪ’ ਵਿੱਚ ਸ਼ਾਮਲ ਹੋਣ ਦੀਆਂ ਕਿਆਸਅਰਾਈਆਂ ਬਾਰੇ ਉਨ੍ਹਾਂ ਕਿਹਾ ਕਿ ਪਾਰਟੀ ਵਿਚਾਰਧਾਰਾ ਨਾਲ ਚੱਲਦੀ ਹੈ, ਵਿਅਕਤੀ ਪਾਰਟੀਆਂ ਵਿੱਚ ਆਉਂਦੇ-ਜਾਂਦੇ ਰਹਿੰਦੇ ਹਨ।