ਮਹੀਨੇ ’ਚ ਇਨਸਾਫ਼ ਨਾ ਮਿਲਿਆ ਤਾਂ ਦੇਸ਼ ਛੱਡ ਦੇਵਾਂਗਾ: ਬਲਕੌਰ ਸਿੰਘ

ਮਹੀਨੇ ’ਚ ਇਨਸਾਫ਼ ਨਾ ਮਿਲਿਆ ਤਾਂ ਦੇਸ਼ ਛੱਡ ਦੇਵਾਂਗਾ: ਬਲਕੌਰ ਸਿੰਘ

ਸਿੱਧੂ ਮੂਸੇਵਾਲਾ ਦੇ ਪਿਤਾ ਵੱਲੋਂ ਪੰਜਾਬ ਸਰਕਾਰ ਨੂੰ ਅਲਟੀਮੇਟਮ
ਮਾਨਸਾ- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਪੰਜ ਮਹੀਨੇ ਬਾਅਦ 25 ਨਵੰਬਰ ਤੱਕ ਦਾ ਅਲਟੀਮੇਟਮ ਦਿੰਦਿਆਂ ਉਸ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਉਹ ਆਪਣੇ ਪੁੱਤ ਦੇ ਕਤਲ ਦੀ ਐੱਫਆਈਆਰ ਵਾਪਸ ਲੈਣਗੇ ਕਿਉਂਕਿ ਸਰਕਾਰ ਉਨ੍ਹਾਂ ਦੇ ਪੁੱਤਰ ਨੂੰ ਗੈਂਗਸਟਰਾਂ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਉਹ ਦੇਸ਼ ਛੱਡ ਕੇ ਚਲੇ ਜਾਣਗੇ।

ਅੱਜ ਪਿੰਡ ਮੂਸਾ ’ਚ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਸਰਕਾਰ ਨੂੰ ਦੱਸਣਾ ਚਾਹੁੰਦੇ ਹਨ ਕਿ ਜੇਕਰ ਉਹ ਉਨ੍ਹਾਂ ਪੁੱਤ ਨੂੰ ਗੈਂਗਸਟਰਾਂ ਦਾ ਹਿੱਸਾ ਬਣਾਉਣਾ ਚਾਹੁੰਦੀ ਹੈ ਤਾਂ ਉਹ ਸਰਕਾਰ ਦਾ ਕੰਮ ਆਸਾਨ ਕਰਨਗੇ ਤੇ ਉਹ ਮਾਨਸਾ ’ਚ ਦਰਜ ਐੱਫਆਈਆਰ ਵਾਪਸ ਲੈ ਲੈਣਗੇ। ਉਨ੍ਹਾਂ ਕਿਹਾ ਕਿ ਉਹ ਵਾਅਦਾ ਕਰਦੇ ਹਨ ਕਿ ਉਹ ਇੱਕ ਮਹੀਨਾ ਉਡੀਕ ਕਰਨਗੇ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਡੀਜੀਪੀ ਗੌਰਵ ਯਾਦਵ ਨੂੰ ਮਿਲਣ ਲਈ ਸਮਾਂ ਮੰਗਿਆ ਹੈ। ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਨੂੰ ਦੱਸਣਾ ਚਾਹੁੰਦੇ ਹਨ ਕਿ ਉਨ੍ਹਾਂ ਦੇ ਦਿਮਾਗ ਵਿੱਚ ਕੀ ਹੈ। ਜੇ ਉਹ ਇਜਾਜ਼ਤ ਦਿੰਦੇ ਹਨ ਤਾਂ ਉਨ੍ਹਾਂ ਨੂੰ ਇਸ ਕਤਲ ਵਿੱਚ ਸ਼ਾਮਲ ਹੋਰ ਵਿਅਕਤੀਆਂ ਦੇ ਨਾਮ ਦੇਣਗੇ। ਉਹ ਇੱਕ ਮਹੀਨਾ ਇੰਤਜ਼ਾਰ ਕਰਨਗੇ ਤੇ ਉਸ ਤੋਂ ਬਾਅਦ ਆਪਣੀ ਐੱਫਆਈਆਰ ਵਾਪਸ ਲੈ ਕੇ ਦੇਸ਼ ਛੱਡ ਦੇਣਗੇ। ਭਾਵੇਂ ਉਨ੍ਹਾਂ ਨੂੰ ਬੰਗਲਾਦੇਸ਼ ਵਿੱਚ ਹੀ ਰਹਿਣਾ ਪਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਦੇਸ਼ ਦੀਆਂ ਏਜੰਸੀਆਂ ਤੋਂ ਇਨਸਾਫ ਦੀ ਕੋਈ ਉਮੀਦ ਨਹੀਂ ਹੈ। ਉਨ੍ਹਾਂ ਕਿਹਾ ਕਿ ਏਜੰਸੀਆਂ ਸੁੱਤੀਆਂ ਹੋਈਆਂ ਹਨ। ਉਨ੍ਹਾਂ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਬੀ-ਟੀਮ ਨੂੰ ਵੀ ਜਾਂਚ ਲਈ ਨਹੀਂ ਸੱਦਿਆ। ਉਨ੍ਹਾਂ ਦੋਸ਼ ਲਾਇਆ ਕਿ ਮਾਨਸਾ ਦੇ ਬਰਖਾਸਤ ਸੀਆਈਏ ਇੰਚਾਰਜ ਪ੍ਰਿਤਪਾਲ ਸਿੰਘ ਦੀ ਹਿਰਾਸਤ ਵਿੱਚ ਗੈਂਗਸਟਰਾਂ ਨੂੰ ਅਮਰੀਕਾ ਵਿੱਚ ਕਾਲਾਂ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਉਹ ਸਾਬਕਾ ਫੌਜੀ ਹਨ ਅਤੇ ਕਾਨੂੰਨ ਦੇ ਖ਼ਿਲਾਫ਼ ਨਹੀਂ ਜਾਣਗੇ। ਉਨ੍ਹਾਂ ਕਿਹਾ ਕਿ ਗੈਂਗਸਟਰ ਉਨ੍ਹਾਂ ਦੇ ਪੁੱਤ ਨੂੰ ਮਾਰਨ ਤੋਂ ਬਾਅਦ ਇੱਕ ਮਹੀਨੇ ਤੱਕ ਇਸੇ ਇਲਾਕੇ ਵਿੱਚ ਲੁਕੇ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਿਤਪਾਲ ਸਿੰਘ ਨੇ ਪੈਸੇ ਲੈ ਕੇ ਉਨ੍ਹਾਂ ਨੂੰ ਕਲੀਨ ਚਿੱਟ ਦੇ ਦਿੱਤੀ, ਜਿਨ੍ਹਾਂ ਇਨ੍ਹਾਂ ਗੈਂਗਸਟਰਾਂ ਨੂੰ ਪਨਾਹ ਦਿੱਤੀ ਸੀ। ਉਨ੍ਹਾਂ ਕਿਹਾ ਕਿ ਕੀ ਪੁਲੀਸ ਨੂੰ ਆਪਣੀ ਭੂਮਿਕਾ ਦੀ ਮੁੜ ਜਾਂਚ ਨਹੀਂ ਕਰਨੀ ਚਾਹੀਦੀ? ਐਨਆਈਏ ਵੱਲੋਂ ਪੰਜਾਬੀ ਗਾਇਕਾ ਤੇ ਮੂਸੇਵਾਲਾ ਦੀ ਨਜ਼ਦੀਕੀ ਦੋਸਤ ਅਫਸਾਨਾ ਖਾਨ ਤੋਂ ਕੀਤੀ ਪੁੱਛ ਪੜਤਾਲ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਕਿਹਾ ਕਿ ਗੈਂਗਸਟਰ ਨੇ ਸੋਸ਼ਲ ਮੀਡੀਆ ’ਤੇ ਇੱਕ ਪੋਸਟ ਪਾਈ ਅਤੇ ਐੱਨਆਈਏ ਨੇ ਇਸ ਦੀ ਹਮਾਇਤ ਕਰਨ ਵਾਲਿਆਂ ਨੂੰ ਸੰਮਨ ਕੀਤਾ। ਉਨ੍ਹਾਂ ਕਿਹਾ, ‘ਜਦੋਂ ਸਿੱਧੂ ਮਾਰਿਆ ਗਿਆ ਸੀ ਤਾਂ ਮੈਂ ਉਸ ਦਾ ਮੋਬਾਈਲ ਫੋਨ, ਕਾਰ ਅਤੇ ਹਥਿਆਰ ਪੁਲੀਸ ਨੂੰ ਸੌਂਪੇ ਸਨ। ਉਹ ਸਭ ਕੁਝ ਚੈੱਕ ਕਰ ਸਕਦੇ ਹਨ। ਉਨ੍ਹਾਂ ਉਸ ਦੇ ਗੈਜ਼ੇਟਸ ਤੋਂ ਸਾਰਾ ਡਾਟਾ ਵੀ ਚੈੱਕ ਕੀਤਾ ਹੈ, ਪਰ ਕੁਝ ਨਹੀਂ ਮਿਲਿਆ। ਹੁਣ ਉਹ ਸਹਿ-ਕਲਾਕਾਰਾਂ ਰਾਹੀਂ ਗੈਂਗਸਟਰਾਂ ਨਾਲ ਲਿੰਕ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ। ਜੇਕਰ ਉਹ ਸੋਚਦੇ ਹਨ ਕਿ ਉਹ ਇਹ ਸਾਬਤ ਕਰਨਗੇ ਕਿ ਮੂਸੇਵਾਲਾ ਗੈਂਗਵਾਰ ਦੇ ਹਿੱਸੇ ਵਜੋਂ ਮਾਰਿਆ ਗਿਆ ਸੀ ਤਾਂ ਭੁੱਲ ਜਾਓ ਕਿ ਮੈਂ ਉਨ੍ਹਾਂ ਨੂੰ ਲੁਕਣ ਨਹੀਂ ਦੇਵਾਂਗਾ। ਉਨ੍ਹਾਂ ਕਿਹਾ ਕਿ ਲਾਰੈਂਸ ਦੀ ਬੀ-ਟੀਮ ਚੰਡੀਗੜ੍ਹ ਵਿੱਚ ਬੈਠੀ ਹੈ, ਪਰ ਉਹ ਪੁੱਛਣਾ ਚਾਹੁੰਦੇ ਹਨ ਉਨ੍ਹਾਂ ਵਿੱਚੋਂ ਕਿੰਨਿਆਂ ਜਾਂਚ ਲਈ ਬੁਲਾਇਆ ਗਿਆ ਹੈ।