ਮੋਰਬੀ ਪੁਲ ਹਾਦਸਾ: ਮੌਤਾਂ ਦੀ ਗਿਣਤੀ ਵਧ ਕੇ 134 ਹੋਈ, ਦੋ ਲਾਪਤਾ

ਮੋਰਬੀ ਪੁਲ ਹਾਦਸਾ: ਮੌਤਾਂ ਦੀ ਗਿਣਤੀ ਵਧ ਕੇ 134 ਹੋਈ, ਦੋ ਲਾਪਤਾ

ਨਦੀ ਵਿੱਚੋਂ ਲਾਸ਼ਾਂ ਲੱਭਣ ਦਾ ਅਮਲ ਜਾਰੀ, ਕੇਸ ਦਰਜ; ਪ੍ਰਧਾਨ ਮੰਤਰੀ ਵੱੱਲੋਂ ਅਹਿਮਦਾਬਾਦ ’ਚ ਕੱਢਿਆ ਜਾਣਾ ਵਾਲਾ ਰੋਡ ਸ਼ੋਅ ਰੱਦ, ਕਾਂਗਰਸ ਨੇ ਵੀ ਪਰਿਵਰਤਨ ਸੰਕਲਪ ਯਾਤਰਾ ਮੁਲਤਵੀ ਕੀਤੀ

ਮੋਰਬੀ(ਗੁਜਰਾਤ)- ਗੁਜਰਾਤ ਦੇ ਮੋਰਬੀ ਜ਼ਿਲ੍ਹੇ ਵਿਚ ਲੰਘੇ ਦਿਨ ਮੱਛੂ ਨਦੀ ’ਤੇ ਬਣਿਆ ਸਦੀ ਪੁਰਾਣਾ ਤਾਰਾਂ ਵਾਲਾ ਪੁਲ ਡਿੱਗਣ ਕਰਕੇ ਮੌਤ ਦੇ ਮੂੰਹ ਪਏ ਲੋਕਾਂ ਦੀ ਗਿਣਤੀ ਵਧ ਕੇ 134 ਹੋ ਗਈ ਹੈ। ਇਹ ਅੰਕੜਾ ਵਧਣ ਦੇ ਆਸਾਰ ਹਨ, ਕਿਉਂਕਿ ਗੋਤਾਖੋਰਾਂ ਦੀ ਮਦਦ ਨਾਲ ਨਦੀ ’ਚੋਂ ਲਾਸ਼ਾਂ ਲੱਭਣ ਦਾ ਅਮਲ ਅਜੇ ਵੀ ਜਾਰੀ ਹੈ ਜਦੋਂਕਿ ਹਸਪਤਾਲ ਵਿੱਚ ਜ਼ੇਰੇ ਇਲਾਜ ਲੋਕਾਂ ’ਚੋਂ ਕਈਆਂ ਦੀ ਹਾਲਤ ਗੰਭੀਰ ਹੈ। ਹਾਦਸੇ ਮਗਰੋਂ ਪ੍ਰਧਾਨ ਮੰਤਰੀ ਨੇ ਅਹਿਮਦਾਬਾਦ ਵਿੱਚ ਅੱਜ ਕੱਢੇ ਜਾਣ ਵਾਲੇ ਆਪਣੇ ਰੋਡ ਸ਼ੋਅ ਨੂੰ ਰੱਦ ਕਰ ਦਿੱਤਾ ਹੈ। ਉਧਰ ਕਾਂਗਰਸ ਨੇ ਵੀ ਅਗਾਮੀ ਗੁਜਰਾਤ ਚੋਣਾਂ ਦੇ ਮੱਦੇਨਜ਼ਰ ਸੂਬੇ ਦੀਆਂ ਪੰਜ ਜ਼ੋਨਾਂ ਤੋਂ ਕੱਢੀ ਜਾਣ ਵਾਲੀ ਆਪਣੀ ਤਜਵੀਜ਼ਤ ਪਰਿਵਰਤਨ ਸੰਕਲਪ ਯਾਤਰਾ ਮੁਲਤਵੀ ਕਰ ਦਿੱਤੀ ਹੈ।

ਸੂਬੇ ਦੇ ਗ੍ਰਹਿ ਰਾਜ ਮੰਤਰੀ ਹਰਸ਼ ਸਾਂਘਵੀ ਨੇ ਕਿਹਾ, ‘‘ਮੱਛੂ ਨਦੀ ’ਤੇ ਰਾਹਤ ਕਾਰਜ ਆਪਣੇ ਆਖਰੀ ਪੜਾਅ ’ਤੇ ਹਨ। ਸੱਜਰੀ ਜਾਣਕਾਰੀ ਮੁਤਾਬਕ ਹਾਦਸੇ ਵਿੱਚ 134 ਲੋਕਾਂ ਦੀ ਜਾਨ ਜਾਂਦੀ ਰਹੀ ਹੈ ਜਦੋਂਕਿ ਦੋ ਲੋਕ ਅਜੇ ਵੀ ਲਾਪਤਾ ਹਨ।’’ ਸੂਬੇ ਦੇ ਸੂਚਨਾ ਵਿਭਾਗ ਨੇ ਕਿਹਾ ਕਿ ਐੱਨਡੀਆਰਐੱਫ ਦੀਆਂ ਪੰਜ ਟੀਮਾਂ, ਐੱਸਡੀਆਰਐੱਫ ਦੀਆਂ 6 ਪਲਟੂਨਾਂ, ਏਅਰ ਫੋਰਸ ਦੀ ਇਕ ਟੀਮ, ਥਲ ਸੈਨਾ ਤੇ ਜਲ ਸੈਨਾ ਦੀਆਂ ਦੋ ਟੀਮਾਂ ਤੋਂ ਇਲਾਵਾ ਸਥਾਨਕ ਬਚਾਅ ਟੀਮਾਂ ਲੰਘੀ ਰਾਤ ਤੋਂ ਰਾਹਤ ਕਾਰਜਾਂ ਵਿੱਚ ਲੱਗੀਆਂ ਹਨ। ਸਦੀ ਪੁਰਾਣਾ ਪੁਲ ਐਤਵਾਰ ਸ਼ਾਮੀਂ ਸਾਢੇ ਛੇ ਵਜੇ ਦੇ ਕਰੀਬ ਡਿੱਗ ਗਿਆ ਸੀ। ਹਾਦਸੇ ਮੌਕੇ ਇਸ ’ਤੇ 400 ਤੋਂ ਵੱਧ ਲੋਕ ਮੌਜੂਦ ਸਨ, ਜਦੋਂਕਿ ਇਸ ਦੀ ਭਾਰ ਝੱਲਣ ਦੀ ਸਮਰੱਥਾ 100 ਤੋਂ 150 ਲੋਕਾਂ ਦੀ ਸੀ। ਪੁਲ ਨੂੰ ਮੁਰੰਮਤ ਲਈ ਸੱਤ ਮਹੀਨੇ ਬੰਦ ਰੱਖਣ ਮਗਰੋਂ ਚਾਰ ਦਿਨ ਪਹਿਲਾਂ 26 ਅਕਤੂਬਰ ਨੂੰ ਗੁਜਰਾਤੀ ਨਵੇਂ ਸਾਲ ਮੌਕੇ ਲੋਕਾਂ ਲਈ ਖੋਲ੍ਹਿਆ ਗਿਆ ਸੀ। ਹਾਲਾਂਕਿ ਸਥਾਨਕ ਮਿਉਂਸਿਪੈਲਿਟੀ ਨੇ ਮੁਰੰਮਤ ਦੇ ਕੰਮ ਲਈ ਕੋਈ ਫਿਟਨੈੱਸ ਸਰਟੀਫਿਕੇਟ ਜਾਰੀ ਨਹੀਂ ਕੀਤਾ ਸੀ।

ਸਾਂਘਵੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਹਾਦਸੇ ਦੀ ਜਾਂਚ ਲਈ ਪੰਜ ਮੈਂਬਰੀ ਸਿਟ ਕਾਇਮ ਕੀਤੀ ਹੈ। ‘ਸਿਟ’ ਦੀ ਅਗਵਾਈ ਮਿਉਂਸਪੈਲਿਟੀਜ਼ ਕਮਿਸ਼ਨਰ ਰਾਜਕੁਮਾਰ ਬੇਨੀਵਾਲ ਕਰਨਗੇ। ਹੋਰਨਾਂ ਮੈਬਰਾਂ ਵਿੱਚ ਸੰਦੀਪ ਵਸਾਵਾ (ਸਕੱਤਰ, ਸੜਕ ਤੇ ਇਮਾਰਤ ਵਿਭਾਗ), ਆਈਜੀਪੀ ਸੁਭਾਸ਼ ਤ੍ਰਿਵੇਦੀ ਤੇ ਦੋ ਇੰਜਨੀਅਰ ਸ਼ਾਮਲ ਹੋਣਗੇ। ਸਾਂਘਵੀ ਨੇ ਕਿਹਾ ਕਿ ਹਾਦਸੇ ਨੂੰ ਲੈ ਕੇ ਧਾਰਾ 304 ਤੇ 114 ਤਹਿਤ ਕੇਸ ਦਰਜ ਕੀਤਾ ਗਿਆ ਹੈ।