ਗੁਜਰਾਤ ਤੇ ਹਿਮਾਚਲ ’ਚ ਵੱਡੇ ਬਹੁਮੱਤ ਨਾਲ ਸਰਕਾਰ ਬਣਾਏਗੀ ਭਾਜਪਾ: ਭੱਟ

ਗੁਜਰਾਤ ਤੇ ਹਿਮਾਚਲ ’ਚ ਵੱਡੇ ਬਹੁਮੱਤ ਨਾਲ ਸਰਕਾਰ ਬਣਾਏਗੀ ਭਾਜਪਾ: ਭੱਟ

ਕੇਂਦਰੀ ਰੱਖਿਆ ਰਾਜ ਮੰਤਰੀ ਅਜੈ ਭੱਟ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਐੱਨਸੀਸੀ ਕੈਡਿਟਾਂ ਦੇ ਰੂ-ਬ-ਰੂ ਹੋਏ
ਅੰਮ੍ਰਿਤਸਰ- ਕੇਂਦਰੀ ਰੱਖਿਆ ਰਾਜ ਮੰਤਰੀ ਅਜੇ ਭੱਟ ਨੇ ਅੱਜ ਇੱਥੇ ਆਖਿਆ ਕਿ ਭਾਜਪਾ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਵੱਡੇ ਬਹੁਮੱਤ ਨਾਲ ਆਪਣੀ ਸਰਕਾਰ ਬਣਾਏਗੀ। ਇਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਐੱਨਸੀਸੀ ਕੈਡਿਟਾਂ ਨੂੰ ਸੰਬੋਧਨ ਕਰਨ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਲੋਕਾਂ ਨੂੰ ਅਰਵਿੰਦ ਕੇਜਰੀਵਾਲ ’ਤੇ ਭਰੋਸਾ ਨਹੀਂ ਰਿਹਾ ਤੇ ਜੋ ਉਹ ਕਹਿ ਰਹੇ ਹਨ, ਉਹ ਚੋਣ ਸਟੰਟ ਹੈ ਤੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ‘ਆਪ’ ਦੀ ਸਰਕਾਰ ਨੇ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਵਿਰੋਧੀ ਧਿਰਾਂ ਗਲਤ ਪ੍ਰਚਾਰ ਕਰ ਰਹੀਆਂ ਹਨ ਪਰ ਜੋ ਪਛਾਣ ਉਨ੍ਹਾਂ ਦੀ ਵਿਸ਼ਵ ਵਿੱਚ ਬਣ ਚੁੱਕੀ ਹੈ, ਉਸ ਨੂੰ ਢਾਹ ਨਹੀਂ ਲਾਈ ਜਾ ਸਕਦੀ। ਕੇਂਦਰੀ ਰੱਖਿਆ ਰਾਜ ਮੰਤਰੀ ਨੇ ਕਿਹਾ ਕਿ ਐੱਨਸੀਸੀ ਕੈਡਿਟ ਦੇਸ਼ ਦਾ ਭਵਿੱਖ ਹਨ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਵਿੱਚ ਰਾਜ ਸਰਕਾਰਾਂ ਵੱਲੋਂ ਕੋਈ ਵੀ ਕਮੀ ਨਹੀਂ ਰਹਿਣੀ ਚਾਹੀਦੀ। ਉਨ੍ਹਾਂ ਕਿਹਾ ਕਿ ਐੱਨਸੀਸੀ ਕੈਡਿਟ ਅਨੁਸ਼ਾਸਨ ਵਿੱਚ ਰਹਿਣਾ ਜਾਣਦੇ ਹਨ, ਜੋ ਦੇਸ਼ ਸਮਾਜ ਅਤੇ ਪਰਿਵਾਰ ਦੀ ਤਰੱਕੀ ਵਿੱਚ ਅਹਿਮ ਰੋਲ ਅਦਾ ਕਰਦੇ ਹਨ। ਯੂਨੀਵਰਸਿਟੀ ਦੇ ਗੁਰੂ ਗ੍ਰੰਥ ਸਾਹਿਬ ਭਵਨ ਦੇ ਆਡੀਟੋਰੀਅਮ ਵਿੱਚ ਯੂਨੀਵਰਸਿਟੀ ਅਤੇ ਅੰਮ੍ਰਿਤਸਰ ਗਰੁੱਪ ਦੇ ਐਨਸੀਸੀ ਕੈਡਿਟਾਂ ਦੇ ਰੂ-ਬ-ਰੂ ਹੋਣ ਮਗਰੋਂ ਉਨ੍ਹਾਂ ਐੱਨਸੀਸੀ ਖੇਤਰ ਵਿੱਚ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ। ਇਸ ਮੌਕੇ ਦੇਸ਼ ਭਗਤੀ ਅਤੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਉਨ੍ਹਾਂ ਐੱਨਸੀਸੀ ਕੈਡਿਟਾਂ ’ਤੇ ਕੇਂਦਰਿਤ ਹੁੰਦਿਆਂ ਕਿਹਾ ਕਿ ਇਨ੍ਹਾਂ ਦੀ ਤਿਆਰੀ ਵਿੱਚ ਰਾਜ ਅਤੇ ਕੇਂਦਰ ਸਰਕਾਰਾਂ ਵੱਲੋਂ ਵੱਧ ਤੋਂ ਵੱਧ ਸਹੂਲਤਾਂ ਦੇਣ ਤੋਂ ਇਲਾਵਾ ਵੱਧ ਤੋਂ ਵੱਧ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਇਨ੍ਹਾਂ ਦੀ ਸਿਖਲਾਈ ਵਿੱਚ ਪੂਰਨ ਨਿਪੁੰਨਤਾ ਆ ਸਕੇ। ਇਸ ਤੋਂ ਪਹਿਲਾਂ ਸ੍ਰੀ ਭੱਟ ਦਾ ਯੂਨੀਵਰਸਿਟੀ ਕੈਂਪਸ ਵਿੱਚ ਪੁੱਜਣ ’ਤੇ ਡੀਨ ਅਕਾਦਮਿਕ ਮਾਮਲੇ ਪ੍ਰੋ. ਐੱਸਐੱਸ ਬਹਿਲ ਨੇ ਨਿੱਘਾ ਸਵਾਗਤ ਕੀਤਾ। ਯੂਨੀਵਰਸਿਟੀ ਵੱਲੋਂ ਐੱਨਸੀਸੀ ਖੇਤਰ ਵਿੱਚ ਪਾਏ ਵਡਮੁੱਲੇ ਯੋਗਦਾਨ ਲਈ ਪ੍ਰੋ. ਬਹਿਲ ਨੂੰ ਉਚੇਚੇ ਤੌਰ ’ਤੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਯੂਨੀਵਰਸਿਟੀ ਤੋਂ ਐਸੋਸੀਏਟ ਐੱਨਸੀਸੀ ਅਫਸਰ ਲੈਫਟੀਨੈਂਟ ਡਾ. ਅਨਿਲ ਕੁਮਾਰ, ਬ੍ਰਿਗੇਡੀਅਰ ਰੋਹਿਤ ਕੁਮਾਰ, ਜੀਆਰਪੀ ਸੀਡੀਆਰ, ਅੰਮ੍ਰਿਤਸਰ ਗਰੁੱਪ ਦੇ ਕੈਡਿਟ ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।