ਰੂਸ ਦੇ ਭਾਰਤ ਨਾਲ ਰਿਸ਼ਤੇ ਬਹੁਤ ਅਹਿਮ ਤੇ ਖ਼ਾਸ: ਪੂਤਿਨ

ਰੂਸ ਦੇ ਭਾਰਤ ਨਾਲ ਰਿਸ਼ਤੇ ਬਹੁਤ ਅਹਿਮ ਤੇ ਖ਼ਾਸ: ਪੂਤਿਨ

  • ਰੂਸੀ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਮੋਦੀ ਦੀਆਂ ਸਿਫ਼ਤਾਂ ਦੇ ਪੁਲ਼ ਬੰਨ੍ਹੇ * ਆਜ਼ਾਦ ਵਿਦੇਸ਼ ਨੀਤੀ ਅਪਣਾਉਣ ਲਈ ਭਾਰਤ ਦੀ ਸ਼ਲਾਘਾ
    ਮਾਸਕੋ- ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਕਿਹਾ ਹੈ ਕਿ ਰੂਸ ਦੇ ਭਾਰਤ ਨਾਲ ਵਿਸ਼ੇਸ਼ ਰਿਸ਼ਤੇ ਰਹੇ ਹਨ ਤੇ ਦੋਵਾਂ ਮੁਲਕਾਂ ਨੇ ਹਮੇਸ਼ਾ ਇਕ-ਦੂਜੇ ਦੀ ਮਦਦ ਕੀਤੀ ਹੈ, ਭਵਿੱਖ ਵਿਚ ਵੀ ਦੋਵੇਂ ਇਕ-ਦੂਜੇ ਦੀ ਹਮਾਇਤ ਕਰਦੇ ਰਹਿਣਗੇ। ਪੂਤਿਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਪਣੇ ਮੁਲਕ ਦੇ ਹਿੱਤ ਵਿਚ ‘ਆਜ਼ਾਦਾਨਾ ਵਿਦੇਸ਼ ਨੀਤੀ’ ਅਪਣਾਉਣ ਲਈ ਪ੍ਰਸ਼ੰਸਾ ਵੀ ਕੀਤੀ ਹੈ। ਪੂਤਿਨ ਨੇ ਇਹ ਟਿੱਪਣੀਆਂ ਮਾਸਕੋ ਦੇ ਇਕ ਸੰਗਠਨ ਦੇ ਸੈਸ਼ਨ ਦੌਰਾਨ ਭਾਸ਼ਣ ਦਿੰਦਿਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਰੂਸ ਤੇ ਭਾਰਤ ਫ਼ੌਜੀ ਤੇ ਤਕਨੀਕੀ ਖੇਤਰਾਂ ਵਿਚ ਸਹਿਯੋਗ ਕਰਦੇ ਰਹਿਣਗੇ। ਰੂਸ ਦੇ ਸਰਕਾਰੀ ਮੀਡੀਆ ‘ਆਰਟੀ’ ਨੇ ਪੂਤਿਨ ਦੇ ਹਵਾਲੇ ਨਾਲ ਲਿਖਿਆ ਹੈ ਕਿ ਭਾਰਤ ਨਾਲ ਰੂਸ ਦਾ ਕਦੇ ਵੀ ਕੋਈ ਮਸਲਾ ਨਹੀਂ ਰਿਹਾ। ਪੂਤਿਨ ਨੇ ਕਿਹਾ, ‘ਸਾਡੇ ਭਾਰਤ ਨਾਲ ਸਬੰਧ ਖਾਸ ਹਨ ਜੋ ਕਿ ਦਹਾਕਿਆਂ ਬੱਧੀ ਨੇੜਿਓਂ ਤਾਲਮੇਲ ਕਰਦੇ ਰਹਿਣ ਦਾ ਸਿੱਟਾ ਹਨ।’ ਜ਼ਿਕਰਯੋਗ ਹੈ ਕਿ ਮਹੀਨਾ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਪੂਤਿਨ ਨੂੰ ਸਮਰਕੰਦ ਵਿਚ ਐੱਸਸੀਓ ਸੰਮੇਲਨ ਦੌਰਾਨ ਕਿਹਾ ਸੀ ਕਿ ‘ਇਹ ਸਮਾਂ ਜੰਗ ਲੜਨ ਦਾ ਨਹੀਂ ਹੈ।’ ਭਾਰਤ ਨੇ ਹਾਲੇ ਤੱਕ ਯੂਕਰੇਨ ’ਤੇ ਰੂਸ ਦੇ ਹਮਲੇ ਦੀ ਨਿਖੇਧੀ ਨਹੀਂ ਕੀਤੀ ਹੈ ਤੇ ਸੰਕਟ ਦੇ ਹੱਲ ਲਈ ਕੂਟਨੀਤੀ ਅਤੇ ਸੰਵਾਦ ਦਾ ਰਾਹ ਫੜਨ ਉਤੇ ਹੀ ਜ਼ੋਰ ਦਿੱਤਾ ਹੈ। ਪੂਤਿਨ ਨੇ ਕਿਹਾ, ‘ਪ੍ਰਧਾਨ ਮੰਤਰੀ ਮੋਦੀ ਦੁਨੀਆ ਦੀਆਂ ਉਨ੍ਹਾਂ ਹਸਤੀਆਂ ’ਚੋਂ ਹਨ ਜੋ ਆਪਣੇ ਆਪਣੇ ਮੁਲਕ ਤੇ ਲੋਕਾਂ ਦੇ ਹਿੱਤ ਵਿਚ ਆਜ਼ਾਦ ਵਿਦੇਸ਼ ਨੀਤੀ ਅਪਣਾਉਣ ਦੇ ਸਮਰੱਥ ਹਨ, ਤੇ ਕੋਈ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਨਹੀਂ ਕਰ ਰਿਹਾ।’ ਦੱਸਣਯੋਗ ਹੈ ਕਿ ਭਾਰਤ ਨੂੰ ਰੂਸ ਵੱਡੇ ਪੱਧਰ ’ਤੇ ਹਥਿਆਰ ਸਪਲਾਈ ਕਰਦਾ ਰਿਹਾ ਹੈ। ਅਕਤੂਬਰ 2018 ਵਿਚ ਭਾਰਤ ਨੇ ਅਮਰੀਕਾ ਦੀ ਚਿਤਾਵਨੀ ਦੇ ਬਾਵਜੂਦ ਰੂਸ ਨਾਲ ਐੱਸ-400 ਮਿਜ਼ਾਈਲ ਰੱਖਿਆ ਪ੍ਰਣਾਲੀ ਖ਼ਰੀਦਣ ਦਾ ਸੌਦਾ ਕੀਤਾ ਸੀ। ਇਸ ਸੌਦੇ ਲਈ ਅਮਰੀਕਾ ਭਾਰਤ ਉਤੇ ਇਕ ਵਿਸ਼ੇਸ਼ ਕਾਨੂੰਨ ਤਹਿਤ ਪਾਬੰਦੀਆਂ ਲਾ ਸਕਦਾ ਹੈ। ਪੂਤਿਨ ਨੇ ਕਿਹਾ ਕਿ ਬਰਤਾਨਵੀ ਬਸਤੀ ਤੋਂ ਆਪਣੇ ਆਧੁਨਿਕ ਰੂਪ ਤੱਕ ਭਾਰਤ ਨੇ ਵਿਕਾਸ ਦਾ ਲੰਮਾ ਰਾਹ ਤੈਅ ਕੀਤਾ ਹੈ, ਤੇ ਦੇਸ਼ ਦੀ 1.50 ਅਰਬ ਆਬਾਦੀ ਲਈ ਮਹੱਤਵਪੂਰਨ ਨਤੀਜੇ ਸਾਹਮਣੇ ਲਿਆਂਦੇ ਹਨ। ਪੂਤਿਨ ਨੇ ਇਸ ਮੌਕੇ ਕਿਹਾ, ‘ਦੁਨੀਆ ਭਰ ’ਚ ਹਰ ਕੋਈ ਭਾਰਤ ਦਾ ਸਨਮਾਨ ਕਰਦਾ ਹੈ। ਪਿਛਲੇ ਕੁਝ ਸਾਲਾਂ ਵਿਚ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ’ਚ ਕਾਫ਼ੀ ਕੁਝ ਕੀਤਾ ਗਿਆ ਹੈ। ਉਹ ਸੱਚੇ ਦੇਸ਼ਭਗਤ ਹਨ, ਤੇ ਉਨ੍ਹਾਂ ਦਾ ‘ਮੇਕ ਇਨ ਇੰਡੀਆ’ ਦਾ ਵਿਚਾਰ ਮਹੱਤਵਪੂਰਨ ਕੋਸ਼ਿਸ਼ ਹੈ। ਭਾਰਤ ਨੇ ਅਸਲ ਵਿਚ ਕਾਫ਼ੀ ਤਰੱਕੀ ਕੀਤੀ ਹੈ। ਅੱਗੇ ਮਹਾਨ ਭਵਿੱਖ ਪਿਆ ਹੈ।’ ਰੂਸੀ ਰਾਸ਼ਟਰਪਤੀ ਨੇ ਕਿਹਾ, ‘ਭਾਰਤ ਨਾ ਸਿਰਫ਼ ਸਭ ਤੋਂ ਵੱਡਾ ਲੋਕਤੰਤਰ ਹੈ, ਪਰ ਇਸ ਨੂੰ ਆਪਣੀ ਵਿਕਾਸ ਦਰ ਉਤੇ ਵੀ ਮਾਣ ਹੋਣਾ ਚਾਹੀਦਾ ਹੈ, ਇਹੀ ਇਸ ਦੇ ਵਿਕਾਸ ਤੇ ਤਰੱਕੀ ਦਾ ਅਧਾਰ ਹੈ।’ ਪੂਤਿਨ ਨੇ ਕਿਹਾ ਕਿ ਦਿੱਲੀ ਤੇ ਮਾਸਕੋ ਦਰਮਿਆਨ ਆਰਥਿਕ ਸਹਿਯੋਗ ਵੀ ਵੱਧ ਰਿਹਾ ਹੈ।