ਕੋਹਲੀ, ਡਾ. ਬਲਬੀਰ ਤੇ ਭਰਾਜ ਪੰਜਾਬੀ ਯੁੂਨੀਵਰਸਿਟੀ ਦੇ ਸੈਨੇਟ ਮੈਂਬਰ ਨਿਯੁਕਤ

ਕੋਹਲੀ, ਡਾ. ਬਲਬੀਰ ਤੇ ਭਰਾਜ ਪੰਜਾਬੀ ਯੁੂਨੀਵਰਸਿਟੀ ਦੇ ਸੈਨੇਟ ਮੈਂਬਰ ਨਿਯੁਕਤ

ਪਟਿਆਲਾ-ਪੰਜਾਬੀ ਯੂਨੀਵਰਸਿਟੀ ਦੇ ਚਾਂਸਲਰ ਵਜੋਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਜਾਰੀ ਹੁਕਮਾਂ ਤਹਿਤ ਤਿੰਨ ਵਿਧਾਇਕਾਂ ਨੂੰ ਅੱਜ ਪੰਜਾਬੀ ਯੂਨੀਵਰਸਿਟੀ ਦੀ ਸੈਨੇਟ ਮੈਂਬਰ ਨਿਯੁਕਤ ਕੀਤਾ ਗਿਆ ਹੈ। ਪੰਜਾਬੀ ’ਵਰਸਿਟੀ ਲਈ ਹੋਈਆਂ ਇਹ ਨਿਯੁਕਤੀਆਂ ਪਟਿਆਲਾ ਸ਼ਹਿਰੀ ਹਲਕੇ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਪਟਿਆਲਾ ਦਿਹਾਤੀ ਹਲਕੇ ਤੋਂ ਵਿਧਾਇਕ ਡਾ. ਬਲਬੀਰ ਸਿੰਘ ਅਤੇ ਹਲਕਾ ਸੰਗਰੂਰ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਦੇ ਹਿੱਸੇ ਆਈਆਂ ਹਨ। ਜ਼ਿਕਰਯੋਗ ਹੈ ਕਿ ਸੈਨੇਟ ਮੈਂਬਰਾਂ ਦੀ ਨਿਯੁਕਤੀ ਦੋ ਸਾਲ ਲਈ ਹੁੰਦੀ ਹੈ। ਇਸ ਤਹਿਤ ਇਹ ਤਿੰਨੋਂ ਵਿਧਾਇਕ 29 ਜੂਨ 2023 ਤੱਕ ਹੀ ਸੈਨੇਟ ਮੈਂਬਰ ਰਹਿਣਗੇ, ਕਿਉਂਕਿ ਇਨ੍ਹਾਂ ਦੀਆਂ ਨਿਯੁਕਤੀਆਂ ਸੈਨੇਟ ਮੈਂਬਰਾਂ ਦੀਆਂ ਖਾਲੀ ਹੋਈਆਂ ਅਸਾਮੀਆਂ ’ਤੇ ਕੀਤੀਆਂ ਗਈਆਂ ਹਨ। ਸੈਨੇਟ ਵਿੱਚ ਵੱਖ-ਵੱਖ ਵਰਗਾਂ ਸਮੇਤ ਤਿੰਨ ਮੈਂਬਰ ਵਿਧਾਇਕਾਂ ਵਿਚੋਂ ਵੀ ਲਏ ਜਾਂਦੇ ਹਨ ਤੇ ਇਹ ਤਿੰਨੋਂ ‘ਆਪ’ ਦੇ ਵਿਧਾਇਕ ਹਨ। ਇਨ੍ਹਾਂ ਵਿੱਚੋਂ ਦੋ ਪੰਜਾਬੀ ਯੂਨੀਵਰਸਿਟੀ ਦੇ ਹੀ ਵਿਦਿਆਰਥੀ ਰਹੇ ਹਨ। ਅਜੀਤਪਾਲ ਕੋਹਲੀ ਨੇ ਇੱਥੋਂ ਇਤਿਹਾਸ ਵਿੱਚ ਐੱਮਏ ਅਤੇ ਨਰਿੰਦਰ ਕੌਰ ਭਰਾਜ ਨੇ ਐੱਮਏ ਸੋਸ਼ਿਆਲੋਜੀ ਸਣੇ ਇਸੇ ਹੀ ਯੂਨੀਵਰਸਿਟੀ ਅਧੀਨ ਪੈਂਦੇ ਸੰਗਰੂਰ ਦੇ ਇੱਕ ਕਾਲਜ ਤੋਂ ਐੱਲਐੱਲਬੀ ਦੀ ਡਿਗਰੀ ਪ੍ਰਾਪਤ ਕੀਤੀ ਹੈ।