ਕਿਸਾਨਾਂ ਦੇ ਸੰਘਰਸ਼ ਅੱਗੇ ਝੁਕੀ ਪੰਜਾਬ ਸਰਕਾਰ

ਕਿਸਾਨਾਂ ਦੇ ਸੰਘਰਸ਼ ਅੱਗੇ ਝੁਕੀ ਪੰਜਾਬ ਸਰਕਾਰ

ਕੁਲਦੀਪ ਧਾਲੀਵਾਲ ਨੇ ਮੰਨੀਆਂ ਮੰਗਾਂ ਸਬੰਧੀ ਲਿਖਤੀ ਭਰੋਸਾ ਦਿੱਤਾ; ਅੱਜ ਜੇਤੂ ਰੈਲੀ ਦੇ ਰੂਪ ’ਚ ਇਕੱਠ ਕਰ ਕੇ ਧਰਨਾ ਸਮਾਪਤ ਕਰਾਂਗੇ: ਉਗਰਾਹਾਂ

ਪਟਿਆਲਾ –
ਸੰਗਰੂਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਮੂਹਰੇ ਜਾਰੀ ਕਿਸਾਨਾਂ ਦੇ ਸੰਘਰਸ਼ ਅੱਗੇ ਪੰਜਾਬ ਸਰਕਾਰ ਝੁਕ ਗਈ ਹੈ। ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਉਨ੍ਹਾਂ ਨੂੰ ਲਿਖਤੀ ਭਰੋਸਾ ਦੇ ਦਿੱਤਾ ਹੈ ਅਤੇ ਭਲਕੇ ਸ਼ਨਿਚਰਵਾਰ ਨੂੰ ਕਿਸਾਨ ਆਪਣੇ ਧਰਨੇ ਦੀ ਸਮਾਪਤੀ ਕਰਨਗੇ। ਜ਼ਿਕਰਯੋਗ ਹੈ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ 9 ਅਕਤੂਬਰ ਤੋਂ ਕਿਸਾਨ ਮੰਗਾਂ ਲਈ ਸੰਘਰਸ਼ ਵਿੱਢਿਆ ਸੀ।

ਜਾਣਕਾਰੀ ਮੁਤਾਬਕ ਅੱਜ ਪਟਿਆਲਾ ਦੇ ਸਰਕਟ ਹਾਊਸ ਵਿੱਚ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਕਿਸਾਨ ਆਗੂ ਝੰਡਾ ਸਿੰਘ ਜੇਠੂਕੇ, ਰੂਪ ਸਿੰਘ ਛੰਨਾ, ਸ਼ਿੰਗਾਰਾ ਸਿੰਘ ਮਾਨ ਤੇ ਜਗਤਾਰ ਸਿੰਘ ਕਾਲਾਝਾੜ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਆਈ.ਜੀ. ਮੁਖਵਿੰਦਰ ਛੀਨਾ ਤੇ ਜਤਿੰਦਰ ਔਲਖ, ਜ਼ਿਲ੍ਹਾ ਸੰਗਰੂਰ ਦੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ, ਸੰਗਰੂਰ ਅਤੇ ਪਟਿਆਲਾ ਦੇ ਕ੍ਰਮਵਾਰ ਜ਼ਿਲ੍ਹਾ ਪੁਲੀਸ ਮੁਖੀ ਮਨਦੀਪ ਸਿੰਘ ਸਿੱਧੂ ਅਤੇ ਦੀਪਕ ਪਾਰੀਕ ਮੌਜੂਦ ਸਨ। ਖੇਤੀ ਮੰਤਰੀ ਕੁਲਦੀਪ ਧਾਲੀਵਾਲ ਅਤੇ ਜੋਗਿੰਦਰ ਉਗਰਾਹਾਂ ਨੇ ਭਲਕੇ ਸ਼ਨਿਚਰਵਾਰ ਨੂੰ ਧਰਨੇ ਦੀ ਸਮਾਪਤੀ ਉੱਤੇ ਬਣੀ ਸਹਿਮਤੀ ਸਬੰਧੀ ਸਾਂਝੇ ਤੌਰ ’ਤੇ ਐਲਾਨ ਕੀਤਾ। ਖੇਤੀ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਕਿਸਾਨ ਜਥੇਬੰਦੀ ਵੱਲੋਂ ਰੱਖੀਆਂ ਸਾਰੀਆਂ ਮੰਗਾਂ ਮੰਨ ਲਈਆਂ ਹਨ। ਕਿਸਾਨ ਆਗੂ ਜੋਗਿੰਦਰ ਉਗਰਾਹਾਂ ਨੇ ਕਿਹਾ ਕਿ 12 ਸੂਤਰੀ ਮੰਗ ਪੱਤਰ 7 ਅਕਤੂਬਰ ਨੂੰ ਮੁੱਖ ਮੰਤਰੀ ਨਾਲ ਹੋਈ ਮੀਟਿੰਗ ’ਚ ਹੀ ਮੰਨ ਲਿਆ ਗਿਆ ਸੀ, ਪਰ ਜਥੇਬੰਦੀ ਸਰਕਾਰ ਦਾ ਲਿਖਤੀ ਵਾਅਦਾ ਚਾਹੁੰਦੀ ਸੀ, ਜੋ ਅੱਜ ਖੇਤੀ ਮੰਤਰੀ ਵੱਲੋਂ ਸਰਕਾਰ ਦੇ ਹਵਾਲੇ ਨਾਲ ਦੇਣ ਉਪਰੰਤ ਜਥੇਬੰਦੀ ਨੇ ਕੱਲ੍ਹ ਨੂੰ ਧਰਨਾ ਸਮਾਪਤ ਕਰਨ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਤੈਅ ਪ੍ਰੋਗਰਾਮ ਅਨੁਸਾਰ ਭਲਕੇ ਵੀਹਵੇਂ ਦਿਨ ਇਹ ਧਰਨਾ ਜੇਤੂ ਰੈਲੀ ਦੇ ਰੂਪ ’ਚ ਵੱਡਾ ਇਕੱਠ ਕਰਕੇ ਸਮਾਪਤ ਕਰ ਦਿੱਤਾ ਜਾਵੇਗਾ।

ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਸਾਰੇ ਕਿਸਾਨ-ਮਜ਼ਦੂਰਾਂ ਅਤੇ ਬੀਬੀਆਂ ਨੂੰ ਭਲਕੇ 29 ਅਕਤੂਬਰ ਨੂੰ ਪਰਿਵਾਰਾਂ ਸਮੇਤ ਵਹੀਰਾਂ ਘੱਤ ਤੇ ਪੱਕੇ ਮੋਰਚੇ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਇਹ ਵੀ ਦੱਸਿਆ ਕਿ ਪੱਕੇ ਮੋਰਚੇ ਦੌਰਾਨ ਸ਼ਹੀਦ ਹੋਏ ਦੋਵੇਂ ਕਿਸਾਨਾਂ ਗੁਰਚਰਨ ਸਿੰਘ ਬਖੋਰਾ ਕਲਾਂ ਅਤੇ ਕਰਨੈਲ ਸਿੰਘ ਅਕੋਈ ਸਾਹਿਬ ਦੇ ਵਾਰਸਾਂ ਨੂੰ ਮੁਆਵਜ਼ਾ ਰਾਸ਼ੀ ਦਸ-ਦਸ ਲੱਖ ਰੁਪਏ ਦੇ ਚੈੱਕ ਵੀ ਭਲਕੇ ਦੇਣ ਦਾ ਸਰਕਾਰ ਵਲੋਂ ਵਾਅਦਾ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਮੰਨੀਆਂ ਮੰਗਾਂ ਬਾਰੇ ਯੂਨੀਅਨ ਵੱਲੋਂ ਰਸਮੀ ਐਲਾਨ ਭਲਕੇ ਕੀਤਾ ਜਾਵੇਗਾ। ਪਰ ਸੂਤਰਾਂ ਦੇ ਹਵਾਲੇ ਨਾਲ ਪ੍ਰਾਪਤ ਵੇਰਵਿਆਂ ਅਨੁਸਾਰ ਪ੍ਰਤੀ ਏੇਕੜ 25/26 ਕੁਇੰਟਲ ਤੋਂ ਵੱਧ ਝੋਨਾ ਨਾ ਖਰੀਦਣ ਦੀ ਸ਼ਰਤ ਵਾਪਸ ਲੈਣ, ਪਰਾਲੀ ਦੀ ਸਾਂਭ ਸੰਭਾਲ ਯਕੀਨੀ ਬਣਾਉਣ ਜਾਂ ਮੁਆਵਜ਼ਾ ਦੇਣ, ਫਸਲੀ ਨੁਕਸਾਨ ਦਾ ਕੁਦਰਤੀ ਕਰੋਪੀ ਵਜੋਂ ਢੁਕਵਾਂ ਮੁਆਵਜ਼ਾ ਯਕੀਨੀ ਬਣਾਉਣਾ, ਕਿਸਾਨਾਂ ਨੂੰ ਆਪਣੇ ਖੇਤਾਂ ਵਿਚੋਂ ਮਿੱਟੀ ਪੁੱਟਣ ਦੀ ਖੁੱਲ੍ਹ ਦੇਣਾ, ਭਾਰਤ ਮਾਲਾ ਪ੍ਰਾਜੈਕਟ ਅਧੀਨ ਕਿਸਾਨਾਂ ਦੀ ਮੰਗ ਪੂਰੀ ਕਰਨਾ ਅਤੇ ਇਸੇ ਮੋਰਚੇ ਵਿੱਚ ਦੋ ਕਿਸਾਨਾਂ ਦੀ ਹੋਈ ਮੌਤ ਦਾ ਯੋਗ ਮੁਆਵਜ਼ਾ ਦੇਣਾ ਆਦਿ ਮੰਗਾਂ ਸ਼ਾਮਲ ਹਨ।