ਮੋਦੀ ਤੇ ਸੂਨਕ ਨੇ ਮੁਕਤ ਵਪਾਰ ਸਮਝੌਤੇ ਬਾਰੇ ਜਲਦੀ ਚਰਚਾ ਦੀ ਹਾਮੀ ਭਰੀ

ਮੋਦੀ ਤੇ ਸੂਨਕ ਨੇ ਮੁਕਤ ਵਪਾਰ ਸਮਝੌਤੇ ਬਾਰੇ ਜਲਦੀ ਚਰਚਾ ਦੀ ਹਾਮੀ ਭਰੀ

ਨਵੀਂ ਦਿੱਲੀ, 27 ਅਕਤੂਬਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਬਰਤਾਨਵੀ ਹਮਰੁਤਬਾ ਰਿਸ਼ੀ ਸੂਨਕ ਨਾਲ ਗੱਲਬਾਤ ਕੀਤੀ। ਇਸ ਦੌਰਾਨ ਦੋਵੇਂ ਆਗੂਆਂ ਨੇ ਦੋਹਾਂ ਦੇਸ਼ਾਂ ਵਿਚਾਲੇ ਇਕ ਵਿਆਪਕ ਅਤੇ ਸੰਤੁਲਿਤ ਮੁਕਤ ਵਪਾਰ ਸਮਝੌਤਾ ਜਲਦੀ ਪੂਰਾ ਹੋਣ ਦੀ ਅਹਿਮੀਅਤ ਬਾਰੇ ਵੀ ਸਹਿਮਤੀ ਪ੍ਰਗਟਾਈ। ਲੰਘੇ ਮੰਗਲਵਾਰ ਨੂੰ ਭਾਰਤੀ ਮੂਲ ਦੇ ਸੂਨਕ ਵੱਲੋਂ ਬਰਤਾਨੀਆ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲੇ ਜਾਣ ਤੋਂ ਬਾਅਦ ਦੋਹਾਂ ਆਗੂਆਂ ਦੀ ਇਹ ਪਹਿਲੀ ਗੱਲਬਾਤ ਸੀ। ਸੂਨਕ ਨੇ ਵੀ ਟਵੀਟ ਕਰ ਕੇ ਮੋਦੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਵੀ ਇਹ ਸੋਚ ਕਿ ਉਤਸ਼ਾਹਿਤ ਹਨ ਕਿ ਜੇਕਰ ਦੋ ਮਹਾਨ ਲੋਕਤੰਤਰ ਅਗਲੇ ਕੁਝ ਮਹੀਨਿਆਂ ਤੇ ਸਾਲਾਂ ਵਿੱਚ ਸੁਰੱਖਿਆ, ਰੱਖਿਆ ਅਤੇ ਆਰਥਿਕ ਭਾਈਵਾਲੀ ਹੋਰ ਡੂੰਘੀ ਕਰ ਲੈਂਦੇ ਹਨ ਤਾਂ ਉਹ ਕੀ ਕੁਝ ਹਾਸਲ ਕਰ ਸਕਦੇ ਹਨ। ਮੋਦੀ ਨੇ ਟਵੀਟ ਕੀਤਾ, ‘‘ਅੱਜ ਰਿਸ਼ੀ ਸੂਨਕ ਨਾਲ ਗੱਲ ਕਰ ਕੇ ਖੁਸ਼ੀ ਹੋਈ। ਬਰਤਾਨੀਆ ਦੇ ਪ੍ਰਧਾਨ ਮੰਤਰੀ ਵਜੋਂ ਕਾਰਜਭਾਰ ਸੰਭਾਲਣ ’ਤੇ ਮੈਂ ਉਨ੍ਹਾਂ ਨੂੰ ਵਧਾਈ ਦਿੱਤੀ। ਅਸੀਂ ਆਪਣੀ ਵਿਆਪਕ ਰਣਨੀਤਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਾਂਗੇ। ਇਕ ਵਿਆਪਕ ਅਤੇ ਸੰਤੁਲਿਤ ਮੁਕਤ ਵਪਾਰ ਸਮਝੌਤਾ ਜਲਦੀ ਪੂਰਾ ਕਰਨ ਦੀ ਅਹਿਮੀਅਤ ’ਤੇ ਵੀ ਅਸੀਂ ਸਹਿਮਤ ਹੋਏ।’