ਸਿੱਖ ਬੰਦੀਆਂ ਬਾਰੇ ਦੋਹਰੇ ਮਾਪਦੰਡ ਅਪਣਾ ਰਹੀ ਹੈ ਕੇਂਦਰ ਸਰਕਾਰ: ਸਿਮਰਨਜੀਤ ਮਾਨ

ਸਿੱਖ ਬੰਦੀਆਂ ਬਾਰੇ ਦੋਹਰੇ ਮਾਪਦੰਡ ਅਪਣਾ ਰਹੀ ਹੈ ਕੇਂਦਰ ਸਰਕਾਰ: ਸਿਮਰਨਜੀਤ ਮਾਨ

ਮੁਕੇਰੀਆਂ –
ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਅਤੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਅੱਜ ਇੱਥੇ ਸਥਾਨਕ ਰੈਸਟ ਹਾਊਸ ’ਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਸਿੱਖ ਬੰਦੀਆਂ ਦੀ ਰਿਹਾਈ ਬਾਰੇ ਦੋਹਰੇ ਮਾਪਦੰਡ ਅਪਣਾ ਰਹੀ ਹੈ। ਇੱਕ ਪਾਸੇ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਦੇ ਮਾਮਲੇ ਵਿੱਚ ਪੰਜਾਬ ਨੂੰ ਸਰਹੱਦੀ ਸੂਬਾ ਹੋਣ ਦਾ ਬਹਾਨਾ ਲਗਾਇਆ ਜਾ ਰਿਹਾ ਹੈ ਤੇ ਦੂਜੇ ਪਾਸੇ ਸਰਹੱਦੀ ਸੂਬੇ ਗੁਜਰਾਤ ’ਚ ਗੋਧਰਾ ਕਤਲੇਆਮ ਦੇ ਦੋਸ਼ੀਆਂ ਅਤੇ ਬਿਲਕੀਸ ਬਾਨੋ ਦੇ ਬਲਾਤਕਾਰੀਆਂ ਨੂੰ ਰਿਹਾਅ ਕਰਕੇ ਹਿੰਦੂ ਪੱਖੀ ਅਤੇ ਸਿੱਖ ਵਿਰੋਧੀ ਹੋਣ ਦਾ ਸਬੂਤ ਦਿੱਤਾ ਗਿਆ ਹੈ। ਉਨ੍ਹਾਂ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਵਾਰ ਵਾਰ ਪੈਰੋਲ ਦੇਣ ਦਾ ਵੀ ਵਿਰੋਧ ਕੀਤਾ। ਇੱਕ ਸਵਾਲ ਦੇ ਜਵਾਬ ਵਿੱਚ ਸ੍ਰੀ ਮਾਨ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਹਿਮਾਚਲ ਪ੍ਰਦੇਸ਼ ਦੀ ਇੱਕੋ ਇੱਕ ਸੀਟ ’ਤੇ ਪਾਰਟੀ ਆਪਣਾ ਉਮੀਦਵਾਰ ਉਤਾਰੇਗੀ। ਖ਼ੁਦ ’ਤੇ ਜੰਮੂ ਕਸ਼ਮੀਰ ਵਿੱਚ ਜਾਣ ਤੋਂ ਲਗਾਈ ਰੋਕ ਨੂੰ ਸਰਕਾਰ ਦਾ ਤਾਨਾਸ਼ਾਹੀ ਕਦਮ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਜਦੋਂ ਤੱਕ ਕਸ਼ਮੀਰ ਭਾਰਤ ਦਾ ਹਿੱਸਾ ਹੈ, ਉਹ ਜੰਮੂ ਕਸ਼ਮੀਰ ਅੰਦਰ ਜਾਂਦੇ ਰਹਿਣਗੇ। ਉਨ੍ਹਾਂ ਕਿਹਾ ਕਿ ਕਸ਼ਮੀਰ ਸਿੱਖ ਰਾਜ ਸਮੇਂ ਤੋਂ ਸਾਡਾ ਹਿੱਸਾ ਰਿਹਾ ਹੈ ਅਤੇ ਸਰਕਾਰ ਕਿਸੇ ਲੋਕ ਸਭਾ ਮੈਂਬਰ ਨੂੰ ਭਾਰਤ ਦੇ ਕਿਸੇ ਵੀ ਹਿੱਸੇ ਵਿੱਚ ਜਾਣ ਤੋਂ ਨਹੀਂ ਰੋਕ ਸਕਦੀ।