ਖਾਲੜਾ ਨਾ ਤਾਂ ਖਾੜਕੂ ਸੀ, ਨਾ ਅੱਤਵਾਦੀ, ਨਾ ਵੱਖਵਾਦੀ-ਫਿਰ ਮਾਰਿਆ ਕਿਉਂ? ਕਿਸਨੇ?

ਖਾਲੜਾ ਨਾ ਤਾਂ ਖਾੜਕੂ ਸੀ, ਨਾ ਅੱਤਵਾਦੀ, ਨਾ ਵੱਖਵਾਦੀ-ਫਿਰ ਮਾਰਿਆ ਕਿਉਂ? ਕਿਸਨੇ?

ਹਾਕਮੋ! ਨਾਨਕ ਸੋਚ ਖਤਮ ਕਰਨ ਲਈ ਕਿੰਨੇ ’ਕੁ ਸਿੱਖ ਮਾਰੋਗੇ?
ਪ੍ਰਣਾਬ ਮੁਖਰਜੀ, ਬਾਦਲਾ ਤੇ ਬਰਨਾਲ਼ਿਆ! ਤੁਸਾਂ ਫੌਜ ਭੇਜ ਕੇ ਭਿੰਡਰਾਂਵਾਲਾ ਮਰਵਾਇਆ ਲੋਕਾਂ ਉਹਨੂੰ ‘20ਵੀਂ ਸਦੀ ਦਾ ਮਹਾਨ ਸਿੱਖ’ ਪ੍ਰਵਾਨਿਆ
1995 ਸਮੇਂ ਪੰਜਾਬ ਦੇ ਡਾਇਰੈਕਟਰ ਜਨਰਲ ਪੁਲਿਸ ਕੇ. ਪੀ. ਐੱਸ ਗਿੱਲ ਨੇ ਕਿਹਾ, ਮੰਨਿਆ ਅਤੇ ਉਸ ਉਤੇ ਸੁਪਰੀਮ ਕੋਰਟ ਨੇ ਮੋਹਰ ਲਾਈ ਕਿ 1978 ਤੋਂ ਲੈ ਕੇ 1994 ਤੱਕ ਪੰਜਾਬ ਅੰਦਰ ਪੁਲਿਸ ਵੱਲੋਂ ‘ਘੜੀਆਂ’ ਗਈਆਂ ਲੱਖਾਂ ‘ਅਣਪਛਾਤੀਆਂ ਲਾਸ਼ਾਂ’ ਨੂੰ ਢਕਣ ਲਈ ਖਾਲੜੇ ਨੂੰ ਇੱਕ ਹੋਰ ਅਣਪਛਾਤੀ ਲਾਸ਼ ਵਿੱਚ ਬਦਲਿਆ ਗਿਆ ਸੀ। ਖਾਲੜਾ ਹੁਰਾਂ ਦੀ ਪਤਨੀ ਨੇ ਕਈ ਸਾਲ ਪਹਿਲਾਂ ਗਿੱਲ ਵਿਰੁੱਧ ਸ਼ਹੀਦ ਖਾਲੜਾ ਜੀ ਨੂੰ ਕਤਲ ਕਰਨ ਦੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਇੱਕ ਰਿਟ ਪਾਈ ਸੀ। ਕੀ ਇਹ ਉੱਚੀ ਅਦਾਲਤ ਉਸਦਾ ਕੋਈ ਨਿਪਟਾਰਾ ਕਰੇਗੀ? ਸ਼ਾਇਦ ਸਾਡੇ ਜਿਊਂਦੇ ਜੀਅ ਕੋਈ ਇਨਸਾਫ ਮਿਲ ਸਕੇ? ਸ਼ਹੀਦ ਜਸਵੰਤ ਸਿੰਘ ਖਾਲੜਾ ਨੇ ਆਪਣੇ 23 ਫਰਵਰੀ 1995 ਦੇ ਅਖਬਾਰੀ ਬਿਆਨ ਵਿੱਚ ਸਭਨਾਂ ਦੀ ਜਾਣਕਾਰੀ ਲਈ ਇਹ ਗੱਲ ਕਹੀ ਸੀ ਕਿ ਜੇ ਉਹਨਾਂ ਨੂੰ ਮਾਰਿਆ ਗਿਆ ਤਾਂ ਉਸਦਾ ਦੋਸ਼ੀ ਕੇ. ਪੀ. ਐੱਸ. ਗਿੱਲ ਡਾਇਰੈਕਟਰ ਜਨਰਲ ਪੁਲਿਸ ਹੋਵੇਗਾ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਸੁਪਰੀਮ ਕੋਰਟ ਨੇ ਤਾਂ ‘ਅਣਪਛਾਤੀਆਂ ਲਾਸ਼ਾਂ’ ਦੇ ਘੜਨਹਾਰਿਆਂ ਵਿਰੁੱਧ ਦਰਜ ਅਦਾਲਤੀ ਕੇਸਾਂ ਤੇ ਸਟੇਅ ‘ਰੋਕ’ ਲਾਈ ਹੋਈ ਹੈ ਜਾਂ ਸੁਣਵਾਈ ਪਿੱਛੇ ਪਾਈ ਹੋਈ ਹੈ।
ਕਾਂਗਰਸੀ ਆਗੂ ਇੰਦਰਾ ਗਾਂਧੀ ਸਰਕਾਰ ਵੱਲੋਂ ‘ਸਾਕਾ ਨੀਲਾ ਤਾਰਾ’- ਭਾਵ ਹਰਿਮੰਦਰ ਸਾਹਿਬ ਸਮੂਹ ਤੇ ਫੌਜੀ ਚੜ੍ਹਾਈ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੂੰ ਫੜਣਾ ਜਾਂ ਮਾਰਨਾ ਜ਼ਰੂਰੀ ਸੀ, ਕਿਉਂਕਿ ਉਹ ਉਹਨਾਂ ਅਨੁਸਾਰ ‘ਅੱਤਵਾਦੀ’ ਵੀ ਸੀ ਅਤੇ ‘ਵੱਖਵਾਦੀ’ ਵੀ। ਇਸ ਵਿਉਂਤ ਦੀ ਆਖਰੀ ‘ਜੁਗਾੜਬੰਦੀ’, ਜੋ ਇੱਕ ਖੁਫੀਆ ਮੀਟਿੰਗ ਦੇ ਰੂਪ ਵਿੱਚ ਪ੍ਰਕਾਸ਼ ਸਿੰਘ ਬਾਦਲ, ਪ੍ਰਣਾਬ ਮੁਖਰਜੀ, ਸੁਰਜੀਤ ਸਿੰਘ ਬਰਨਾਲਾ ਨੇ 26 ਮਈ 1984 ਨੂੰ ਦਿੱਲੀ ਵਿਖੇ ਕੀਤੀ ਸੀ। ਉਸ ਵਿੱਚ ਤਾਂ ਗੁਰਚਰਨ ਸਿੰਘ ਟੌਹੜਾ ਵੀ ਸ਼ਾਮਲ ਸੀ ਅਤੇ ਧਰਮ ਯੁੱਧ ਮੋਰਚਾ ਡਿਕਟੇਟਰ, ਹਰਚਰਨ ਸਿੰਘ ਲੌਂਗੋਵਾਲ ਦੀ 25 ਅਪ੍ਰੈਲ 1984 ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਸਕੱਤਰ ਸ੍ਰੀ ਧਵਨ ਨੂੰ ਲਿਖੀ ਚਿੱਠੀ ਰਾਹੀਂ ਵੀ ਫੌਜੀ ਚੜ੍ਹਾਈ ਦੀ ਮਨਜ਼ੂਰੀ ਸ਼ਾਮਲ ਸੀ। ‘ਖਾਲੜਾ ਮਿਸ਼ਨ ਆਰਗੇਨਾਈਜੇਸ਼ਨ’ ਵੱਲੋਂ ਅਸੀਂ ਪ੍ਰਲੋਕ ਸੁਧਾਰੇ ਗੱਦਾਰਾਂ ਦੀ ਗੱਲ ਛੱਡਦੇ ਹਾਂ। ਪਰ ਤਿੰਨ ਜੀਵਤ ਦੁਸ਼ਟਾਂ ਨੂੰ ਸਿੱਖ ‘ਕੁੱਲ ਨਾਸ਼’ ਦੇ ਦੋਸ਼ੀ ਮੰਨਦੇ ਹੋਏ ਦੁਨੀਆਂ ਭਰ ਦੇ ਇਨਸਾਫ ਪਸੰਦਾਂ ਨੂੰ ਬੇਨਤੀ ਕਰਦੇ ਹਾਂ ਕਿ ਸਾਨੂੰ ਉਹ ਰਾਹ ਦੱਸੋ, ਜਿਸ ਨਾਲ ਇਨ੍ਹਾਂ ਤਿੰਨ ‘ਜਨਤਕ ਕਾਤਲਾਂ’ ਤੋਂ ਇਨਸਾਫ ਲਿਆ ਜਾ ਸਕੇ। ਕੇਂਦਰੀ ਨੁਕਤਾ ਇੱਕੋ ਹੈ ‘ਅੱਤਵਾਦੀ’ ਕੌਣ ਸੀ?
‘2097 ਅਣਪਛਾਤੀਆਂ ਲਾਸ਼ਾਂ’ ਦਾ ਕਾਨੂੰਨੀ ਤੇ ਦਸਤਾਵੇਜ਼ੀ ਹਿਸਾਬ ਕਿਤਾਬ ਲੈ ਕੇ ਖਾਲੜਾ ਜੀ ਬੜੇ ਮਾਣ ਨਾਲ ਵਿਦੇਸ਼ੀ ਦੌਰੇ ਤੇ ਸਿੱਖ ਭਾਈਚਾਰੇ ਅਤੇ ਮਾਨਵਵਾਦੀ ਮਿੱਤਰਾਂ ਦੀ ਹਮਦਰਦੀ ਤੇ ਸਹਾਇਤਾ ਲੈਣ ਲਈ ਨਿਕਲ ਗਏ। ਉਨ੍ਹਾਂ ਨੂੰ ਇਹ ਪੱਕੀ ਆਸ ਸੀ ਕਿ ਪੱਛਮੀ ਪਾਰਲੀਮੈਂਟਾਂ ਅਤੇ ਯੂ. ਐੱਨ. ਓ. ਦੇ ਅਦਾਰਿਆਂ ਵਿੱਚ ਜਦ ‘ਅਣਪਛਾਤੀਆਂ ਲਾਸ਼ਾਂ’ ਦੀ ਗੱਲ ਜਾਏਗੀ ਤਾਂ ਭਾਰਤੀ ਸਿੱਖ ਭਾਈਚਾਰੇ ਨੂੰ ਬਹੁਤ ਵੱਡਾ ਆਸਰਾ ਮਿਲੇਗਾ। ਵਿਦੇਸ਼ੀ ਸਿੱਖਾਂ ਦੇ ਇਕੱਠ ਵਿੱਚ ਉਨ੍ਹਾਂ ਨੂੰ ਹਮਦਰਦੀ ਤਾਂ ਬਹੁਤ ਮਿਲੀ, ਪਰ ਜਦ ਅਮਲੀ ਰੂਪ ਵਿੱਚ ਕੋਈ ਕਾਨੂੰਨੀ ਜਾਂ ਯੋਗ ਪੈਂਤੜੇ ਲੈਣ ਦੀ ਗੱਲ ਆਈ ਤਾਂ ਉਨ੍ਹਾਂ ਨੇ ਖਾਲੜਾ ਜੀ ਨੂੰ ਇੱਕ ‘ਕੋਰਾ ਚੈੱਕ’ ਦੇ ਕੇ ਬੇਨਤੀ ਕੀਤੀ ਕਿ ਆਪਣੀ ਮਰਜ਼ੀ ਨਾਲ ਇਸ ਵਿੱਚ ਜਿੰਨੀ ਮਾਇਆ ਭਰਨੀ ਹੈ ਭਰ ਲਓ। ਖਾਲੜਾ ਜੀ ਇਕਦਮ ‘ਭੰਬਲਭੂਸੇ’ ਵਿੱਚ ਫਸ ਗਏ। ਉਨ੍ਹਾਂ ਨੇ ਚੈੱਕ ਦੇ ਟੋਟੇ ਕਰਕੇ ਸਟੇਜ ਤੇ ਸੁੱਟ ਕੇ ਕਿਹਾ,ਅਸੀਂ ਭਾਰਤ ਵਿੱਚ ਮਾਇਆ ਦੀ ਕੁੜਿੱਕੀ ਵਿੱਚ ਨਹੀਂ ਫਸੇ ਹੋਏ। ਭਾਰਤ ਆ ਕੇ ਖਾਲੜਾ ਜੀ ਨੇ ਦੱਸਿਆ ਕਿ ਵਿਦੇਸ਼ੀ ਸਿੱਖ ਮੁੱਖ ਰੂਪ ਵਿੱਚ ਮਾਇਆ ਕਮਾਉਣ ਦੇ ਆਹਰ ਵਿੱਚ ਲੱਗਾ ਹੋਇਆ ਹੈ। ਸਿੱਖੀ ਸੋਚ ਉਸਦੀ ਕੇਵਲ ਦਾੜ੍ਹੇ ਰੱਖਣ ਤੇ ਪੱਗਾਂ ਬੰਨ੍ਹਣ ਜਾਂ ਧਾਰਮਿਕ ਦਿਨ ਦਿਹਾੜੇ ਮਨਾਉਣ ਤੇ ਸਿਮਰਨ ਆਦਿ ਤੱਕ ਹੀ ਸੀਮਤ ਹੈ। ਇੱਥੇ ਅਸੀਂ ‘ਅਕਾਲ ਉਸਤਤ’ (ਡੀ. ਜੀ. ਪੰਨਾ -19) ਵਿੱਚੋਂ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਕਥਨ ਦਰਜ ਕਰਨਾ ਲੋਚਦੇ ਹਾਂ:-
“ਜਾਪ ਕੇ ਕੀਏ ਤੇ ਜੋ ਪੈ ਪਾਯਤ ਅਜਾਪ ਦੇਵ ਪੂਦਨਾ ਸਦੀਵ ਤੁਹੀ ਤੁਹੀ ਉਜਰਤ ਹੈ”॥
ਉਪਰੋਕਤ ਸਮੁੱਚੀ ਵਾਰਤਾ ਅਤੇ ਸਿੱਖ ਜਗਤ ਦੇ 1978 ਤੋਂ ਪਿੱਛੋਂ ਦੇ ਸਫਰ ਤੋਂ ਇਹ ਗੱਲ ਭਲੀਭਾਂਤ ਸਿੱਧ ਹੁੰਦੀ ਹੈ ਕਿ ਸਮੂਹ ਗੁਰਧਾਮਾਂ ਤੇ ਪੂਜਕ ਅਸਥਾਨਾਂ ਵਿੱਚ ‘ਗਿਆਨ’ ਦੀ ਪ੍ਰਾਪਤੀ ਜੋ ਗੁਰੂ ਨਾਨਕ ਦੇਵ ਜੀ ਨੇ ਹਰ ਸਿੱਖ ਲਈ ਜ਼ਰੂਰੀ ਕਹੀ ਸੀ, ਨਾ ਪ੍ਰਾਪਤ ਹੋਣ ਬਰਾਬਰ ਹੈ। ਇਨ੍ਹਾਂ ਅਸਥਾਨਾਂ ਨੂੰ ਕੇਵਲ ਤੇ ਕੇਵਲ ਭੇਡਾਂ, ਖੋਤਿਆਂ ਅਤੇ ਝੋਟਿਆਂ ਦੇ ਵਾੜਿਆਂ ਵਾਂਗ ਵਰਤਿਆ ਜਾ ਰਿਹਾ ਹੈ। ਸਿੱਖੀ ਦੇ ਪ੍ਰਚਾਰਕ, ਕਥਾਵਾਚਕ, ਰਾਗੀ, ਢਾਡੀ ਅਤੇ ਸੇਵਾਦਾਰ ‘ਮਿਥਿਹਾਸਕ’ ਪੁਰਾਤਨ ਗ੍ਰੰਥਾਂ ਵਿੱਚੋਂ ਕਥਾ ਕਹਾਣੀਆਂ ਦਾ ਆਸਰਾ ਲੈ ਕੇ ਸੰਗਤ ਨੂੰ ਵੱਡੇ ਚੜ੍ਹਾਵੇ ਚੜ੍ਹਾਉਣ ਲਈ ਪ੍ਰੇਰ ਲੈਂਦੇ ਹਨ ਅਤੇ ਇਸੇ ਲੜੀ ਵਿੱਚ ਉਹ ਲੋਕ ਆਪਣੇ ਭਲੇ ਲਈ ‘ਮੰਨਤਾਂ’ ਮੰਗਦੇ ਹਨ। ਰਾਜਨੀਤਕ ਆਗੂ ਇਸ ਵਰਤਾਰੇ ਦਾ ਪੂਰਾ ਲਾਭ ਉਠਾਉਂਦੇ ਹਨ। ਇਹੋ ਇੱਕ ਵੱਡਾ ਕਾਰਨ ਹੈ ਕਿ ਪੰਜਾਬ ਅੰਦਰ ਅਕਾਲੀ ਸਦਵਾਉਣ ਵਾਲੇ ਬਾਦਲਕਿਆਂ ਤੇ ਕਾਂਗਰਸੀ ਸਦਵਾਉਣ ਵਾਲੇ ਅਮਰਿੰਦਰਕਿਆਂ ਦੀ ਵਾਰੋ ਵਾਰੀ ਰਾਜਨੀਤਕ ਚੜ੍ਹਤ ਬਣਦੀ ਢਹਿੰਦੀ ਰਹਿੰਦੀ ਹੈ। ਬਾਬਿਆਂ ਦੇ ਡੇਰੇ ਇਸ ਲੜੀ ਵਿੱਚ ਨਾਨਕ ਵਿਚਾਰਧਾਰਾ ਦੇ ਵਿਨਾਸ਼ ਅਤੇ ਰਾਜਨੀਤਕਾਂ ਦੀ ਚੜ੍ਹਤ ਵਿੱਚ ਲੰਮੇ ਸਮੇਂ ਤੋਂ ਵੱਡੀ ਸਹਾਇਤਾ ਕਰ ਰਹੇ ਹਨ। ਗੁਰੂ ਨੂੰ ਮਿਲਾਉਣ ਦੇ ਨਿਸ਼ਾਨੇ ਦੇ ਕੇ ਇਹ ਬਾਬੇ ਤੇ ਚਲਾਕ ਲੂੰਮੜ ਆਮ ਲੋਕਾਂ ਦੀ ਸੋਝੀ ਤੇ ਮੂਰਖਤਾ ਦੀਆਂ ਮੋਟੀਆਂ ਤਹਿਆਂ ਚੜ੍ਹਾਉਂਦੇ ਰਹਿੰਦੇ ਹਨ। ਪੰਜਾਬ ਅੰਦਰ ਇੱਕ ਸੰਸਥਾ ‘ਉੱਚਾ ਦਰ ਬਾਬੇ ਨਾਨਕ ਦਾ’ ਦੇ ਨਾਂ ਤੇ ਕਰੋੜਾਂ ਰੁਪਇਆ ਅਤੇ ਆਲੀਸ਼ਾਨ ਅਸਥਾਨ ਖੜ੍ਹੇ ਕਰਨ ਲਈ ਯਤਨਸ਼ੀਲ ਹੈ। ਇਨ੍ਹਾਂ ਤੋਂ ਇਹ ਪੁੱਛਣਾ ਬਣਦਾ ਹੈ ਕਿ ਗੁਰੂ ਸਾਹਿਬ ਦੀਆਂ ਲਿਖਤਾਂ ਤੋਂ ਅੱਗੇ ਤੁਸੀਂ ਹੋਰ ਕੀ ਦੇ ਸਕਦੇ ਹੋ? ਗੁਰੂ ਕਿੱਥੇ ਹੈ? ਲਓ ਸੁਣੋ :- “ਜਾ ਕਰਤਾ ਸਿਰਠੀ ਕਉ ਸਾਜੇ, ਆਪੇ ਜਾਣੈ ਸੋਈ॥” (ਜਪੁਜੀ)। ਕੀ ਅਜਿਹੇ ਗੁਰੂ ਨੂੰ ਮਿਲਾਉਣ ਦਾ ਕਿਸੇ ਨੇ ਠੇਕਾ ਲਿਆ ਹੋਇਆ ਹੈ? ਰਾਜਨੀਤੀ ਤੇ ਕਾਬਜ਼ ਲੋਕ ਆਪਣੇ ਮਹਿਲ ਮਾੜੀਆਂ ਅਤੇ ਐਸ਼ਪ੍ਰਸਤੀ ਸਿਰਜਣ ਲਈ ਜੋ ‘ਕਮਾਈਆਂ’ ਕਰਦੇ ਹਨ, ਉਸਦੀ ਇੱਕ ਮਿਸਾਲ ਦੇਖੋ:- *2002 ਤੋਂ 2012 ਤਾਈਂ ਪੰਜਾਬ ਦੇ ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਲਈ 386 ਕਾਰਾਂ ਖ੍ਰੀਦੀਆਂ ਗਈਆਂ, ਜਿਨ੍ਹਾਂ ਤੇ 23.49 ਕਰੋੜ ਰੁਪਇਆ ਖਰਚ ਆਇਆ। *ਇਹਨਾਂ ਦੋਵਾਂ ਦੇ ਪਿਛਲੇ 6 ਸਾਲਾਂ ਦਾ ਪੈਟਰੋਲ ਦਾ ਖਰਚਾ 20.20 ਕਰੋੜ ਸੀ। ਇਹਦੇ ਵਿੱਚੋਂ ਇਕੱਲੇ ਮੁੱਖ ਮੰਤਰੀ ਦਾ ਖਰਚਾ 15.51 ਕਰੋੜ ਸੀ। *ਇਹਨਾਂ ਗੱਡੀਆਂ ਵਿੱਚੋਂ 33 ਮੁੱਖ ਮੰਤਰੀ ਦੇ ਨਾਲ ਚੱਲਦੀਆਂ ਹਨ ਤੇ 11 ਉੱਪ ਮੁੱਖ ਮੰਤਰੀ ਨਾਲ। (ਦਾ ਟਿ੍ਰਬਿਊਨ, 12 ਸਤੰਬਰ 2014)। ਲੁਧਿਆਣੇ ਦੇ ਗੰਦੇ ਨਾਲੇ ਦੀ ਸਫਾਈ ਕਦੇ ਹੋਵੇਗੀ ਜਾਂ ਨਹੀਂ, ਪਰ ਬਾਦਲਾਂ ਦੇ ਪਿੰਡ ਵਾਲੇ ਮਹੱਲਾਂ ਨੂੰ ਦੋਹਰੀਆਂ ਵਧੀਆ ਸੜਕਾਂ, ਬਾਗ ਬੂਟਿਆਂ ਤੇ ਹੈਲੀਪੈਡ ਦੀ ਸਹੂਲਤ ਨਾਲ ਸਜਾਇਆ ਗਿਆ ਹੈ। 15 ਅਕਤੂਬਰ ਨੂੰ ਹਰਿਆਣਾ ਅਸੈਂਬਲੀ ਦੀ ਹੋਣ ਵਾਲੀ ਚੋਣ ਵਿੱਚ ਇਹ ਜੋੜੀ ‘ਲੋਕ ਦਲ’ ਦੀ ਹਾਮੀ ਇਸ ਲਈ ਹੈ ਕਿਉਕਿ ਇਸ ਪਾਰਟੀ ਦੇ ਬਾਨੀ ਦੇਵੀ ਲਾਲ ਨੂੰ ‘ਸਤਲੁਜ, ਯਮੁਨਾ ਲਿੰਕ ਨਹਿਰ’ ਦੀ ਪੁਟਾਈ ਦੀ ਆਗਿਆ ਬਦਲੇ ਗੁੜਗਾਉਂ ਤੇ ਸਰਸਾ ਵਿੱਚ ਸਸਤੀ ਜ਼ਮੀਨ ਪ੍ਰਾਪਤ ਕਰ ਲਈ ਤਾਂ ਮਾਇਆ ਦੇ ਰਿਸ਼ਤੇ ਬਾਕੀ ਸਭ ਤੇ ਭਾਰੂ ਹੋ ਗਏ ਸਨ।
ਨਾਨਕ ਵਿਚਾਰਧਾਰਾ ਦਾ ਆਰੰਭ ਕਰਨ ਵਾਲੇ ਮਹਾਂਪੁਰਸ਼ ਅਤੇ ਉਨ੍ਹਾਂ ਦੇ ਦਸਵੇਂ ਸਮਰਥਕ, ਭਾਵ ਦੋਵਾਂ ਨੇ, ਤਾਂ ਕਿਹਾ ਸੀ:- ‘ਨਾ ਕੋ ਹਿੰਦੂ ਨਾ ਮੁਸਲਮਾਨ’ ਅਤੇ ‘ਮਾਨਸ ਕੀ ਜਾਤਿ ਸਭੈ ਏਕੈ ਪਹਿਚਾਨਬੋ’। ਪਰ ਅੱਜ ਜਦ ਗਿਆਨ ਵਿਗਿਆਨ ਨੇ ਸਮੁੱਚੀ ਧਰਤੀ ਦੇ ਲਗਭਗ 750 ਕਰੋੜ ਲੋਕਾਂ ਨੂੰ ਇੱਕ ਦੂਜੇ ਦੇ ਬਹੁਤ ਨੇੜੇ ਲੈ ਆਂਦਾ ਹੈ ਤਾਂ ਉਨ੍ਹਾਂ ਦੀ ਆਪਸ ਵਿੱਚ ਧੱਕਾ-ਮੁੱਕੀ ਵਧ ਰਹੀ ਹੈ। ਪਰ ਕਿਉਂਕਿ ਇਨ੍ਹਾਂ ਸਾਰਿਆਂ ਦਾ ਕਰਤਾ ਪੁਰਖ ਇੱਕ ਹੀ ਹੈ। ਇਸ ਲਈ ਇਨ੍ਹਾਂ ਦੇ ਝਗੜਿਆਂ ਨੂੰ ਨਿਪਟਾਉਣ ਲਈ ‘ਨਾਨਕ ਵਿਚਾਰਧਾਰਾ’ ਦੀ ਸੋਝੀ ਇੱਕ ਵੱਡਾ ਸਾਧਨ ਬਣ ਸਕਦੀ ਹੈ। ਪਰ ਸ਼ਰਤ ਕੇਵਲ ਇੱਕ ਹੈ ਕਿ ਜੇ ਸਿੱਖਾਂ ’ਚ ਅਕਲ ਹੋਵੇ। ਦੂਜੇ ਪਾਸੇ ਸਿੱਖ ਵਿਚਾਰਧਾਰਾ ਦੇ ਵਿਨਾਸ਼ ਲਈ ਆਰੰਭ ਤੋਂ ਹੀ ਮਾਇਆ ਅਤੇ ਚੌਧਰ ਦੇ ਹਲ਼ਕਾਅ ਵਿੱਚ ਗ੍ਰਸਤ ਸ਼ਕਤੀਆਂ ਕਦੀ ਮੱਧਮ ਨਹੀਂ ਪਈਆਂ। ਅੱਜ ਕੱਲ੍ਹ ਸਿੱਖ ਭਾਈਚਾਰੇ ਅੰਦਰ ਹੀ ਇਨ੍ਹਾਂ ਦੀ ਚੜ੍ਹਤ ਹੈ। ਵੀਹਵੀਂ ਸਦੀ ਦੇ ਦੋ ਨਾਨਕ ਸਮਰਥਕਾਂ ਭਾਵ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਅਤੇ ਜਸਵੰਤ ਸਿੰਘ ਖਾਲੜਾ ਦੀਆਂ ਪੈੜਾਂ ਨੂੰ ਮਿਟਾਉਣਾ ਸਰਕਾਰੀ ਖੁਫੀਆ ਏਜੰਸੀਆਂ ਨੇ ਆਪਣਾ ਇੱਕ ਵੱਡਾ ਮੁੱਦਾ ਬਣਾਇਆ ਹੋਇਆ ਹੈ।
ਦਮਦਮੀ ਟਕਸਾਲ ਅਤੇ ਉਸਦੀਆਂ ਲੜੀਆਂ ਨਾਲ ਜੁੜੇ ਹੋਏ ਅਨੇਕ ਨਾਢੂ ਖਾਂ ਸਿੱਖ ਇਨ੍ਹਾਂ ਏਜੰਸੀਆਂ ਦੇ ‘ਚਾਟੜੇ’ ਹਨ। ਖਾਲੜਾ ਜੀ ਦੇ 6 ਸਤੰਬਰ ਨੂੰ ਮਨਾਏ ਗਏ ਸ਼ਹੀਦੀ ਦਿਵਸ ਸਮੇਂ ਏਜੰਸੀਆਂ ਦੇ ‘ਮਹਾਂਪੁਰਸ਼’ ਖਾਲੜਾ ਜੀ ਦੇ ਸਮਰਥਕਾਂ ਨੂੰ ਸਿਰੋਪੇ ਦੇਣ ਪਹੁੰਚ ਗਏ।
ਪੰਜਾਬ ਅੰਦਰ ਰਾਜਨੀਤਿਕ ਖੇਤਰ ਵਿੱਚ ਪਿਛਲੇ ਲੰਮੇ ਸਮੇਂ ਤੋਂ ਕੇਵਲ ਤੇ ਕੇਵਲ ‘ਨਾਨਕ ਵਿਚਾਰਧਾਰਾ’ ਅਤੇ ਉਸਦੇ ਵਿਰੋਧੀ ਧੜੇ ਭਾਵ ਕਾਂਗਰਸੀ ਜਾਂ ਹਿੰਦੂਤਵੀ ਅਤੇ ਕਾਮਰੇਡ ਵਿਚਰਦੇ ਰਹੇ ਹਨ। ਹੁਣੇ-ਹੁਣੇ ਆਮ ਆਦਮੀ ਪਾਰਟੀ ਦੇ ਨਾਂ ਤੇ ਪੰਜਾਬ ਅੰਦਰ ਭਿ੍ਰਸ਼ਟਾਚਾਰ ਵਿਰੋਧੀ ਲਹਿਰ ਨੂੰ ਚੰਗਾ ਸਮਰਥਨ ਮਿਲਣ ਪਿੱਛੋਂ ਇਸ ਪਾਰਟੀ ਦੇ ਦਿੱਲੀ ਸਥਿਤ ਆਗੂਆਂ ਨੇ ਏਥੇ ਸੁੱਚਾ ਸਿੰਘ ਛੋਟੇਪੁਰ ਦੇ ਨਾਂ ਵਾਲੇ ਵਿਅਕਤੀ ਨੂੰ ਬੜੇ ਉਤਾਰ ਚੜ੍ਹਾਵਾਂ ਪਿੱਛੋਂ ਮੁਖੀ ਥਾਪ ਦਿੱਤਾ। ਸਾਡੀ ਜਾਣਕਾਰੀ ਅਨੁਸਾਰ ਇਸ ਸੱਜਣ ਦੀ ਯੋਗਤਾ ਦੀ ਪਰਖ ਦੀ ਇੱਕੋ ਕਸੌਟੀ ਸੀ ਕਿ ਉਸ ਨੇ ਧਰਮ ਯੁੱਧ ਮੋਰਚੇ ਸਮੇਂ ਸੰਤ ਜਰਨੈਲ ਸਿੰਘ ਖਾਲਸਾ ਨੂੰ ‘ਚੰਬਲ ਦਾ ਡਾਕੂ’ ਕਿਹਾ ਸੀ। ਸਾਡੀ ਰਾਇ ਵਿੱਚ ਜੋ ਪਾਰਟੀ ਇਹ ਸੇਧ ਲੈ ਕੇ ਪੰਜਾਬ ਵਿੱਚ ਆਪਣੀ ਜੜ੍ਹਾਂ ਲਾਉਣ ਲਈ ਯਤਨਸ਼ੀਲ ਹੈ ਉਹ ਅੱਜ ਵੀ ਮਰੀ ਤੇ ਕੱਲ੍ਹ ਵੀ ਮਰੀ ਸਸਝੋ। ਇਸ ਪਾਰਟੀ ਦਾ ਭਾਈਚਾਰਾ ਤਾਂ ਕਾਂਗਰਸ ਨਾਲ ਵੀ ਨਿਭ ਸਕਦਾ ਹੈ ਅਤੇ ਹਿੰਦੂਤਵੀਆਂ ਤੇ ਕਾਮਰੇਡਾਂ ਨਾਲ ਵੀ। ਨਾਨਕ ਵਿਚਾਰਧਾਰਾ ਨਾਲ ਇਸਦੀ ਸਾਂਝ ਬਣਨੀ ਔਖੀ ਹੈ। ਅੰਤ ਵਿੱਚ ਅਸੀਂ ਬੀ. ਜੇ. ਪੀ. ਦੇ ਕੇਂਦਰੀ ਆਗੂਆਂ ਤੇ ਪ੍ਰਸੰਨ ਹਾਂ, ਜਿਨ੍ਹਾਂ ਨੇ ਅੰਮਿ੍ਰਤਸਰ ਸ਼ਹਿਰ ਦੀ ਇਸਤਰੀ ਬੀਬੀ ਲਕਸ਼ਮੀ ਕਾਂਤਾ ਚਾਵਲਾ ਨੂੰ ਉਨ੍ਹਾਂ ਦੇ ਮੀਤ ਪ੍ਰਧਾਨੀ ਦੇ ਅਹੁਦੇ ਤੋਂ ਲਾਹ ਕੇ ਸੱਖਣਾ ਕਰ ਦਿੱਤਾ, ਕਿਉਂਕਿ ਸਿੱਖ ਜਗਤ ਅੰਦਰ ਇਸ ਬੀਬੀ ਦੀ ਸਿੱਖ ਭਾਈਚਾਰੇ ਨਾਲ ਦੁਸ਼ਮਣੀ ਕਈ ਹੱਦਾਂ ਬੰਨੇ ਟੱਪ ਚੁੱਕੀ ਸੀ।