ਨੋਟਾਂ ’ਤੇ ਲੱਛਮੀ ਤੇ ਗਣੇਸ਼ ਦੀਆਂ ਤਸਵੀਰਾਂ ਵੀ ਹੋਣ: ਕੇਜਰੀਵਾਲ

ਨੋਟਾਂ ’ਤੇ ਲੱਛਮੀ ਤੇ ਗਣੇਸ਼ ਦੀਆਂ ਤਸਵੀਰਾਂ ਵੀ ਹੋਣ: ਕੇਜਰੀਵਾਲ

ਇੰਡੋਨੇਸ਼ੀਆ ਦੀ ਕਰੰਸੀ ’ਤੇ ਭਗਵਾਨ ਗਣੇਸ਼ ਦੀ ਤਸਵੀਰ ਹੋਣ ਦੀ ਦਿੱਤੀ ਮਿਸਾਲ
ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਦੇਸ਼ ਦੀ ਆਰਥਿਕ ਤਰੱਕੀ ਅਤੇ ਖੁਸ਼ਹਾਲੀ ਲਈ ਨਵੇਂ ਕਰੰਸੀ ਨੋਟਾਂ ’ਤੇ ਮਾਤਾ ਲੱਛਮੀ ਅਤੇ ਭਗਵਾਨ ਗਣੇਸ਼ ਦੀਆਂ ਤਸਵੀਰਾਂ ਛਾਪੀਆਂ ਜਾਣ। ਮੁਲਕ ਦਾ ਅਰਥਚਾਰਾ ਠੀਕ ਨਾ ਹੋਣ ਦਾ ਦਾਅਵਾ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਅਰਥਚਾਰੇ ਨੂੰ ਲੀਹਾਂ ’ਤੇ ਲਿਆਉਣ ਲਈ ਕਈ ਕੋਸ਼ਿਸ਼ਾਂ ਦੇ ਨਾਲ ਦੇਵੀ-ਦੇਵਤਿਆਂ ਦੇ ਆਸ਼ੀਰਵਾਦ ਦੀ ਵੀ ਲੋੜ ਹੈ। ‘ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਨੂੰ ਅੱਜ ਅਪੀਲ ਕਰਦਾ ਹਾਂ ਕਿ ਸਾਡੇ ਕਰੰਸੀ ਨੋਟਾਂ ’ਤੇ ਇਕ ਪਾਸੇ ਮਹਾਤਮਾ ਗਾਂਧੀ ਅਤੇ ਦੂਜੇ ਪਾਸੇ ਗਣੇਸ਼ ਤੇ ਲੱਛਮੀ ਦੀਆਂ ਤਸਵੀਰਾਂ ਹੋਣੀਆਂ ਚਾਹੀਦੀਆਂ ਹਨ।’ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਚੱਲ ਰਹੇ ਸਾਰੇ ਨੋਟਾਂ ਨੂੰ ਬਦਲਣ ਲਈ ਨਹੀਂ ਆਖ ਰਹੇ ਹਨ ਅਤੇ ਸੁਝਾਅ ਹੈ ਕਿ ਹਰ ਮਹੀਨੇ ਛਾਪੇ ਜਾ ਰਹੇ ਨਵੇਂ ਨੋਟਾਂ ’ਤੇ ਲੱਛਮੀ ਅਤੇ ਗਣੇਸ਼ ਦੀਆਂ ਤਸਵੀਰਾਂ ਛਾਪੀਆਂ ਜਾਣ। ਕੁਝ ਸਮੇਂ ਬਾਅਦ ਵੱਡੀ ਗਿਣਤੀ ’ਚ ਅਜਿਹੇ ਨੋਟ ਖੁਦ ਹੀ ਪ੍ਰਚਲਨ ’ਚ ਆ ਜਾਣਗੇ।
‘ਆਪ’ ਦੇ ਕੌਮੀ ਕਨਵੀਨਰ ਨੇ ਕਿਹਾ ਕਿ ਮੁਸਲਿਮ ਬਹੁ-ਗਿਣਤੀ ਵਾਲੇ ਮੁਲਕ ਇੰਡੋਨੇਸ਼ੀਆ, ਜਿਥੇ ਸਿਰਫ ਦੋ ਫੀਸਦੀ ਹਿੰਦੂ ਹਨ, ’ਚ ਵੀ ਕਰੰਸੀ ’ਤੇ ਭਗਵਾਨ ਗਣੇਸ਼ ਦੀਆਂ ਤਸਵੀਰਾਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਭਾਰਤੀ ਅਰਥਚਾਰਾ ਨਾਜੁਕ ਦੌਰ ’ਚੋਂ ਗੁਜਰ ਰਿਹਾ ਹੈ ਅਤੇ ਇਹ ਰੋਜਾਨਾ ਅਮਰੀਕੀ ਡਾਲਰ ਦੇ ਮੁਕਾਬਲੇ ਕਮਜੋਰ ਹੁੰਦਾ ਜਾ ਰਿਹਾ ਹੈ ਅਤੇ ਇਸ ਦਾ ਬੋਝ ਆਮ ਆਦਮੀ ਨੂੰ ਸਹਿਣਾ ਪੈ ਰਿਹਾ ਹੈ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਇਹ ਵਿਚਾਰ ਕਿਥੋਂ ਸੁਝਿਆ ਤਾਂ ਕੇਜਰੀਵਾਲ ਨੇ ਕਿਹਾ, ‘‘ਸੋਮਵਾਰ ਨੂੰ ਦੀਵਾਲੀ ਦੀ ਪੂਜਾ ਕਰਨ ਦੌਰਾਨ ਮੈਨੂੰ ਮਹਿਸੂਸ ਹੋਇਆ ਕਿ ਦੋਵੇਂ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਕਰੰਸੀ ਨੋਟਾਂ ’ਤੇ ਹੋਣੀਆਂ ਚਾਹੀਦੀਆਂ ਹਨ। ਅਸੀਂ ਦੇਸ਼ ਨੂੰ ਵਿਕਸਤ ਅਤੇ ਖੁਸ਼ਹਾਲ ਬਣਦਾ ਦੇਖਣਾ ਚਾਹੁੰਦੇ ਹਾਂ। ਸਾਨੂੰ ਵੱਡੀ ਗਿਣਤੀ ’ਚ ਸਕੂਲ ਅਤੇ ਹਸਪਤਾਲ ਬਣਾਉਣੇ ਚਾਹੀਦੇ ਹਨ ਅਤੇ ਬਿਜਲੀ ਤੇ ਸੜਕਾਂ ਲਈ ਬੁਨਿਆਦੀ ਢਾਂਚਾ ਵਿਕਸਤ ਕਰਨਾ ਚਾਹੀਦਾ ਹੈ। ਅਸੀਂ ਸਾਰੇ ਕੋਸ਼ਿਸ਼ਾਂ ਕਰਦੇ ਹਾਂ ਪਰ ਫਲ ਤਾਂ ਹੀ ਪਏਗਾ ਜਦੋਂ ਰੱਬ ਸਾਨੂੰ ਆਸ਼ੀਰਵਾਦ ਦੇਵੇਗਾ।’’ ਦਿੱਲੀ ਦੇ ਮੁੱਖ ਮੰਤਰੀ ਦੀ ਅਪੀਲ ਨੂੰ ਹਮਾਇਤ ਦਿੰਦਿਆਂ ‘ਆਪ’ ਵਿਧਾਇਕ ਆਤਿਸ਼ੀ ਨੇ ਭਾਜਪਾ ਨੂੰ ਕਿਹਾ ਕਿ ਉਹ ਕੇਜਰੀਵਾਲ ਦੀ ਤਜਵੀਜ ਦਾ ਸਮਰਥਨ ਕਰਨ। ਆਤਿਸ਼ੀ ਨੇ ਕਿਹਾ,‘‘ਤੁਸੀਂ (ਭਾਜਪਾ) ਅਰਵਿੰਦ ਕੇਜਰੀਵਾਲ ਨੂੰ ਨਫਰਤ ਕਰਨਾ ਜਾਰੀ ਰੱਖ ਸਕਦੇ ਹੋ ਪਰ ਘੱਟੋ ਘੱਟ ਮਾਤਾ ਲੱਛਮੀ ਅਤੇ ਭਗਵਾਨ ਗਣੇਸ਼ ਨਾਲ ਨਫਰਤ ਤਾਂ ਨਾ ਕਰੋ। ਉਨ੍ਹਾਂ ਦੇ ਆਸ਼ੀਰਵਾਦ ਅਤੇ ਦੇਸ਼ ਦੀ ਖੁਸ਼ਹਾਲੀ ਨਾਲ ਨਫਰਤ ਨਾ ਕਰੋ।’’ ਉਨ੍ਹਾਂ ਕਿਹਾ ਕਿ ਉਹ ਹੱਥ ਜੋੜ ਕੇ ਭਾਜਪਾ ਨੂੰ ਬੇਨਤੀ ਕਰਦੀ ਹੈ ਕਿ ਉਹ ਇਸ ਤਜਵੀਜ ਦਾ ਸਿਰਫ ਇਸ ਕਰਕੇ ਵਿਰੋਧ ਨਾ ਕਰੇ ਕਿ ਉਹ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਨੂੰ ਨਫਰਤ ਕਰਦੀ ਹੈ।
ਨੋਟਾਂ ’ਤੇ ਸਿਰਫ ਗਾਂਧੀ ਜੀ ਦੀ ਹੀ ਤਸਵੀਰ ਛਪੇਗੀ: ਆਰਬੀਆਈ
ਮੁੰਬਈ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਭਾਰਤੀ ਕਰੰਸੀ ਨੋਟਾਂ ’ਤੇ ਮਾਤਾ ਲੱਛਮੀ ਅਤੇ ਭਗਵਾਨ ਗਣੇਸ਼ ਦੀਆਂ ਤਸਵੀਰਾਂ ਛਾਪੇ ਜਾਣ ਦੇ ਦਿੱਤੇ ਸੁਝਾਅ ’ਤੇ ਭਾਵੇਂ ਰੌਲਾ ਪੈ ਗਿਆ ਹੈ ਪਰ ਭਾਰਤੀ ਰਿਜਰਵ ਬੈਂਕ (ਆਰਬੀਆਈ) ਅਤੇ ਕੇਂਦਰ ਸਰਕਾਰ ਨੇ 2010 ’ਚ ਹੀ ਇਸ ਮੁੱਦੇ ਨੂੰ ਸ਼ਾਂਤ ਕਰ ਦਿੱਤਾ ਸੀ। ਭਾਰਤੀ ਕਰੰਸੀ ਨੋਟਾਂ ਬਾਰੇ ਇਕ ਆਰਟੀਆਈ ਦੇ ਜਵਾਬ ’ਚ ਸਰਕਾਰ ਨੇ ਕਿਹਾ ਸੀ ਕਿ ਆਰਬੀਆਈ ਵੱਲੋਂ ਅਕਤੂਬਰ 2010 ’ਚ ਉੱਚ ਪੱਧਰੀ ਕਮੇਟੀ ਬਣਾਈ ਗਈ ਸੀ ਤਾਂ ਜੋ ਕਰੰਸੀ ਨੋਟਾਂ ’ਤੇ ਉੱਘੀਆਂ ਹਸਤੀਆਂ, ਭਾਰਤ ਰਤਨ ਹਾਸਲ ਕਰਨ ਵਾਲਿਆਂ, ਨੋਬੇਲ ਪੁਰਸਕਾਰ ਜੇਤੂਆਂ, ਆਜਾਦੀ ਸੰਗਰਾਮੀਆਂ ਜਾਂ ਖਿਡਾਰੀਆਂ ਦੀਆਂ ਤਸਵੀਰਾਂ ਛਾਪਣ ਬਾਰੇ ਚਰਚਾ ਕੀਤੀ ਜਾ ਸਕੇ। ਇਹ ਕਮੇਟੀ ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਨੇ ਬਣਾਈ ਸੀ ਅਤੇ ਉਸ ਨੇ ਕਿਹਾ ਕਿ ਮਹਾਤਮਾ ਗਾਂਧੀ ਨਾਲੋਂ ਹੋਰ ਕੋਈ ਹਸਤੀ ਭਾਰਤ ਦੇ ਕਿਰਦਾਰ ਨੂੰ ਚੰਗੀ ਤਰ੍ਹਾਂ ਪੇਸ਼ ਨਹੀਂ ਕਰ ਸਕਦੀ ਹੈ। ਪੁਣੇ ਦੇ ਕਾਰੋਬਾਰੀ ਪ੍ਰਫੁੱਲ ਸਾਰਦਾ ਨੇ 2019 ’ਚ ਆਰਟੀਆਈ ਰਾਹੀਂ ਜਵਾਬ ਮੰਗਿਆ ਸੀ। ਸਾਰਦਾ ਨੇ ਕਿਹਾ ਕਿ ਉਨ੍ਹਾਂ ਨੋਟਾਂ ’ਤੇ ਡਾਕਟਰ ਬੀ ਆਰ ਅੰਬੇਦਕਰ ਜਾਂ ਸਰਦਾਰ ਪਟੇਲ ਦੀਆਂ ਤਸਵੀਰਾਂ ਛਾਪਣ ਬਾਰੇ ਵਿਚਾਰ ਕਰਨ ਦੀ ਮੰਗ ਕੀਤੀ ਸੀ ਜਿਸ ਮਗਰੋਂ ਸਰਕਾਰ ਨੇ ਜਵਾਬ ਦੇ ਦਿੱਤਾ ਸੀ ਅਤੇ ਮਾਮਲਾ ਨਿਪਟ ਗਿਆ ਸੀ ਪਰ ਹੁਣ ਦਿੱਲੀ ਦੇ ਮੁੱਖ ਮੰਤਰੀ ਦੀ ਮੰਗ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਜਾਪਦੀ ਹੈ। ਸਾਬਕਾ ਸੰਸਦ ਮੈਂਬਰ ਅਤੇ ਕੀਰਤੀ ਆਜਾਦ ਨੇ ਵੀ ਨੋਟਾਂ ’ਤੇ ਮਹਾਨ ਹਸਤੀਆਂ ਦੀਆਂ ਤਸਵੀਰਾਂ ਛਾਪਣ ਦਾ ਮੁੱਦਾ ਸੰਸਦ ’ਚ ਉਠਾਇਆ ਸੀ ਪਰ ਤਤਕਾਲੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਆਰਬੀਆਈ ਕਮੇਟੀ ਦੀ ਰਿਪੋਰਟ ਦਾ ਹਵਾਲਾ ਦਿੱਤਾ ਸੀ।