ਜਦੋਂ ਸ਼੍ਰੋਮਣੀ ਕਮੇਟੀ ਨੇ ਸਿੰਘਣੀਆਂ ਉੱਤੇ ਢਾਹਿਆ ਜ਼ੁਲਮ

ਜਦੋਂ ਸ਼੍ਰੋਮਣੀ ਕਮੇਟੀ ਨੇ ਸਿੰਘਣੀਆਂ ਉੱਤੇ ਢਾਹਿਆ ਜ਼ੁਲਮ

ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ : ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ)
ਮੋ : 88722-93883

ਸੰਨ 2020 ‘ਚ ਜਦ ਸ਼੍ਰੋਮਣੀ ਕਮੇਟੀ ਦੀ ਪਿ੍ਰੰਟਿੰਗ ਪ੍ਰੈੱਸ ‘ਚੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 328 ਪਾਵਨ ਸਰੂਪ ਲਾਪਤਾ ਹੋਏ ਤਾਂ ਸਿੱਖ ਜਗਤ ‘ਚ ਭਾਰੀ ਰੋਹ ਅਤੇ ਰੋਸ ਉੱਠ ਖੜ੍ਹਾ ਹੋਇਆ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋੰ ਤਿਆਰ ਕੀਤੀ ਰਿਪੋਰਟ ‘ਚ ਜਿਹੜੇ 16 ਅਧਿਕਾਰੀ ਦੋਸ਼ੀ ਪਾਏ ਗਏ ਸਨ, ਉਹਨਾਂ ‘ਤੇ ਕਾਰਵਾਈ ਕਰਦਿਆਂ ਸ਼੍ਰੋਮਣੀ ਕਮੇਟੀ ਨੇ ਅੰਤਿ੍ਰੰਗ ਕਮੇਟੀ ਦੀ ਮੀਟਿੰਗ ‘ਚ ਫ਼ੈਸਲਾ ਲਿਆ ਕਿ ਦੋਸ਼ੀਆਂ ਉੱਤੇ ਫ਼ੌਜਦਾਰੀ ਮੁਕੱਦਮਾ ਦਰਜ ਕਰਵਾਇਆ ਜਾਏਗਾ ਪਰ ਕੁਝ ਦਿਨਾਂ ਬਾਅਦ ਹੀ ਸ਼੍ਰੋਮਣੀ ਕਮੇਟੀ ਨੇ ਆਪਣਾ ਫ਼ੈਸਲਾ ਬਦਲ ਲਿਆ ਜਿਸ ਕਾਰਨ ਸੰਗਤਾਂ ਭੜਕ ਉੱਠੀਆਂ।
ਏਨੀ ਵੱਡੀ ਗਿਣਤੀ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਸਰੂਪ ਗਾਇਬ ਹੋਣੇ ਕੋਈ ਆਮ ਜਾਂ ਛੋਟੀ ਜਿਹੀ ਗੱਲ ਨਹੀਂ ਸੀ। ਸਿੱਖ ਤਾਂ ਪਹਿਲਾਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਲਗਾਤਾਰ ਹੋ ਰਹੀਆਂ ਬੇਅਦਬੀਆਂ ਦਾ ਸੰਤਾਪ ਭੋਗ ਰਹੇ ਸਨ ਤੇ ਉੱਪਰੋਂ ਇਸ ਘਟਨਾ ਨੇ ਤਾਂ ਸਭ ਨੂੰ ਹੈਰਾਨ-ਪ੍ਰੇਸ਼ਾਨ ਕਰ ਦਿੱਤਾ ਤੇ ਰੋਸ ਵਜੋਂ ਸਤਿਕਾਰ ਕਮੇਟੀਆਂ ਦੇ ਗੁਰਸਿੱਖਾਂ ਅਤੇ ਜਥਾ ਸਿਰਲੱਥ ਖ਼ਾਲਸਾ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਤੇ ਹੋਰਾਂ ਪੰਥਕ ਜਥੇਬੰਦੀਆਂ ਨੇ ਲਾਪਤਾ 328 ਪਾਵਨ ਸਰੂਪਾਂ ਦੇ ਇਨਸਾਫ਼ ਅਤੇ ਦੋਸ਼ੀਆਂ ਦੀ ਗਿ੍ਰਫਤਾਰੀ ਲਈ ਸ੍ਰੀ ਅੰਮਿ੍ਰਤਸਰ ’ਚ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ (ਤੇਜਾ ਸਿੰਘ ਸਮੁੰਦਰੀ ਹਾਲ) ਅੱਗੇ ਸ਼ਾਂਤਮਈ ਮੋਰਚਾ ਲਾ ਦਿੱਤਾ।
ਸ਼੍ਰੋਮਣੀ ਕਮੇਟੀ ਨੇ ਦੂਜੇ ਦਿਨ ਸਵੇਰੇ ਮੋਰਚੇ ਨੂੰ ਜਾਣ ਵਾਲ਼ੇ ਸਾਰੇ ਰਸਤੇ ਟੀਨਾਂ ਲਾ ਕੇ ਬੰਦ ਕਰ ਦਿੱਤੇ ਅਤੇ ਨਿਹੰਗ ਸਿੰਘਾਂ ਅਤੇ ਕੁਝ ਗੁਰਸਿੱਖਾਂ ਤੇ ਪੱਤਰਕਾਰਾਂ ਉੱਤੇ ਡਾਂਗਾਂ-ਤਲਵਾਰਾਂ ਨਾਲ਼ ਹਮਲਾ ਕਰ ਦਿੱਤਾ ਜਿਸ ਮਗਰੋਂ ਸੰਸਾਰ ਭਰ ਦੇ ਸਿੱਖਾਂ ਨੇ ਸ਼੍ਰੋਮਣੀ ਕਮੇਟੀ ਦੇ ਇਸ ਕਾਰੇ ਲਈ ਥੂਹ-ਥੂਹ ਕੀਤੀ ਤੇ ਲਾਹਣਤਾਂ ਪਾਈਆਂ। ਸਿੱਖਾਂ ਵੱਲੋਂ ਕੀਤੇ ਗਏ ਜਬਰਦਸਤ ਵਿਰ ਸ਼੍ਰੋਮਣੀ ਕਮੇਟੀ ਦੀ ਹਾਲਤ ਇਹ ਬਣ ਗਈ ਕਿ ਕਮੇਟੀ ਨੂੰ ਮੋਰਚੇ ਪ੍ਰਤੀ ਨਰਮੀ ਵਰਤਣੀ ਪਈ।
14 ਸਤੰਬਰ 2020 ਤੋਂ ਸ਼ੁਰੂ ਹੋਇਆ ਮੋਰਚਾ 24 ਅਕਤੂਬਰ 2020 ਤੱਕ ਚੱਲਦਾ ਰਿਹਾ, ਇਸ ਦੌਰਾਨ ਕਈ ਘਟਨਾਵਾਂ ਵਾਪਰੀਆਂ, ਕਮੇਟੀ ਨਾਲ਼ ਕਈ ਮੀਟਿੰਗਾਂ ਹੋਈਆਂ, ਮਮੂਲੀ ਤਕਰਾਰ ਹੋਏ, ਬਹਿਸਾਂ ਹੋਈਆਂ, ਕਮੇਟੀ ਨੇ ਮੋਰਚੇ ਨੂੰ ਨਿੰਦਣ-ਭੰਡਣ ਤੇ ਬਦਨਾਮ ਕਰਨ ਦਾ ਹਰ ਤਰੀਕਾ ਵਰਤਿਆ, ਦਹਿਸ਼ਤ ਪੈਦਾ ਕੀਤੀ, ਬੱੱਤੀ ਬੰਦ ਕੀਤੀ, ਮੋਰਚੇ ਦੀ ਆਵਾਜ਼ ਦਬਾਉਣ ਲਈ ਉੱਚੇ ਸਪੀਕਰ ਲਾ ਦਿੱਤੇ ਆਦਿਕ।
ਸ਼੍ਰੋਮਣੀ ਕਮੇਟੀ ਹਰ ਹੀਲੇ ਦੋਸ਼ੀਆਂ ਨੂੰ ਬਚਾਉਣ ਅਤੇ ਪਾਵਨ ਸਰੂਪਾਂ ਬਾਰੇ ਨਾ ਦੱਸਣ ਲਈ ਬਜ਼ਿੱਦ ਸੀ। ਸੰਗਤਾਂ ਚਾਹੁੰਦੀਆਂ ਸਨ ਕਿ ਪਾਵਨ ਸਰੂਪ ਕੀਹਨੇ, ਕੀਹਨੂੰ ਅਤੇ ਕਿਉਂ ਦਿੱਤੇ ਤੇ ਹੁਣ ਸਰੂਪ ਕਿਹੜੇ ਹਲਾਤਾਂ ’ਚ ਅਤੇ ਕਿੱਥੇ ਹਨ ਉਹ ਦੱਸਿਆ ਜਾਵੇ ਤੇ ਧਾਰਮਿਕ ਸਜ਼ਾ ਦੇ ਨਾਲ਼ ਦੋਸ਼ੀਆਂ ਨੂੰ ਕਨੂੰਨੀ ਸਜ਼ਾ ਵੀ ਦਿਵਾਈ ਜਾਵੇ। ਲੇਕਿਨ 41-42 ਦਿਨ ਸ਼ਾਂਤਮਈ ਮੋਰਚਾ ਚੱਲਣ ਦੇ ਬਾਵਜੂਦ ਵੀ ਸ਼੍ਰੋਮਣੀ ਕਮੇਟੀ ਟੱਸ ਤੋਂ ਮੱਸ ਨਾ ਹੋਈ।
ਫਿਰ ਸ਼੍ਰੋਮਣੀ ਕਮੇਟੀ ਅਤੇ ਬਾਦਲਕਿਆਂ ਨੇ ਆਪਣੇ ਉੱਤੇ ਇੱਕ ਹੋਰ ਇਤਿਹਾਸਕ ਕਲੰਕ ਲਵਾਉਣ ਲਈ ਵੱਡੀ ਗਿਣਤੀ ’ਚ ਆਪਣੇ ਗੁੰਡੇ ਅਤੇ ਬਦਮਾਸ਼ ਕਿਸਮ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਇਕੱਠਿਆਂ ਕਰਕੇ ਮੋਰਚੇ ’ਤੇ ਬੈਠੇ ਆਗੂਆਂ ਅਤੇ ਸੰਗਤਾਂ ਉੱਤੇ ਖ਼ੂਨੀ ਹਮਲਾ ਕਰਵਾ ਦਿੱਤਾ। ਨਰੈਣੂ ਮਹੰਤਾਂ ਦੇ ਵਾਰਸ ਕਮੇਟੀ ਦੇ ਗੁੰਡੇ ਮੁਲਾਜ਼ਮਾਂ ਨੇ ਜਿੱਥੇ ਪੰਥ-ਪ੍ਰਸਤ ਅਤੇ ਸੰਘਰਸ਼ੀ ਗੁਰਸਿੱਖਾਂ ਨੂੰ ਡਾਂਗਾਂ ਮਾਰ-ਮਾਰ ਕੇ ਕੁੱਟਿਆ, ਤਲਵਾਰਾਂ ਨਾਲ਼ ਟੁੱਕਿਆ, ਕੇਸ-ਕਕਾਰ ਅਤੇ ਦਸਤਾਰਾਂ ਰੋਲੀਆਂ ਓਥੇ ਹੀ ਸ਼੍ਰੋਮਣੀ ਕਮੇਟੀ ਦੇ ਬਦਮਾਸ਼ ਅਤੇ ਬੁੱਚੜ ਮੁਲਾਜ਼ਮਾਂ ਨੇ ਸਿੰਘਣੀਆਂ ਨੂੰ ਵੀ ਨਾ ਬਖ਼ਸ਼ਿਆ।
ਸ਼੍ਰੋਮਣੀ ਕਮੇਟੀ ਨੇ ਮੋਰਚੇ ’ਚ ਬੈਠੀਆਂ ਸਿੰਘਣੀਆਂ ਜਿਨ੍ਹਾਂ ’ਚ ਬੀਬੀ ਮਨਿੰਦਰ ਕੌਰ ਖ਼ਾਲਸਾ, ਬੀਬੀ ਲਖਵਿੰਦਰ ਕੌਰ ਖ਼ਾਲਸਾ ਅਤੇ ਭਾਈ ਸੁਖਜੀਤ ਸਿੰਘ ਖੋਸੇ ਦੀ ਸਿੰਘਣੀ ਬੀਬੀ ਰਾਜਵਿੰਦਰ ਕੌਰ ਖ਼ਾਲਸਾ ’ਤੇ ਅਥਾਹ ਜ਼ੁਲਮ ਕੀਤਾ, ਡਾਂਗਾਂ ਨਾਲ਼ ਰੱਜ ਕੇ ਕੁੱਟਿਆ, ਕੱਪੜੇ ਪਾੜੇ ਤੇ ਨਲ਼ਾਂ ’ਚ ਲੱਤਾਂ ਮਾਰੀਆਂ, ਬੇਹੱਦ ਅਪਸ਼ਬਦ ਬੋਲੇ।
ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਵੱਲੋਂ ਬੀਬੀਆਂ ਨੂੰ ਕਿਹਾ ਗਿਆ ਕਿ ‘‘ਏਥੇ ਆ ਜਾਂਦੀਆਂ ਨੇ ਨਵੇਂ-ਨਵੇਂ ਖਸਮ ਲੱਭਣ, ਵਿਹਲੀਆਂ, ਹਰਾਮਜ਼ਾਦੀਆਂ, ਗਸਤੀਆਂ, ਤੁਹੀਂ ਘਰੇ ਬੈਠ ਕੇ ਰੋਟੀਆਂ ਬਣਾਓ, ਨਿਆਣੇ ਸਾਂਭੋ ਆਪਣੇ, ਤੁਹਾਨੂੰ ਕੀ ਲੱਗੇ ਸਰੂਪਾਂ ਨਾਲ਼, ਤੁਸੀਂ ਏਥੋੰ ਦਾਣੇ ਲੈਣੇਂ ਨੇ, ਕੰਮ ਕਰੋ ਜਾ ਕੇ ਆਪਣੇ, ਵੱਡੀਆਂ ਨਿਹੰਗਣੀਆਂ ਬਣੀਆਂ ਫਿਰਦੀਆਂ ਨੇ।’’
ਸ਼੍ਰੋਮਣੀ ਕਮੇਟੀ ਦੇ ਬੰਦਿਆਂ ਵੱਲੋਂ ਫਿਰ ਇਹਨਾਂ ਤਿੰਨਾਂ ਸਿੰਘਣੀਆਂ ਨਾਲ਼ ਕੁੱਟਮਾਰ ਕਰਨ ਮਗਰੋਂ ਔਰਤਾਂ ਹਵਾਲੇ ਕਰ ਦਿੱੱਤਾ ਗਿਆ ਜਿਨ੍ਹਾਂ ਨੇ ਬੀਬੀ ਮਨਿੰਦਰ ਕੌਰ ਦੇ ਮੁੱਕੀਆਂ-ਧੱਫੇ ਮਾਰੇ ਤੇ ਦਸਤਾਰ ਉਤਾਰਨ ਦਾ ਪੂਰਾ ਜ਼ੋਰ ਲਾਇਆ ਪਰ ਬੀਬੀ ਨੇ ਦਸਤਾਰ ਨੂੰ ਘੁੱਟ ਕੇ ਹੱਥ ਪਾਈ ਰੱਖਿਆ। ਓਦੋਂ ਹੀ ਸ਼੍ਰੋਮਣੀ ਕਮੇਟੀ ਦੇ ਦਫ਼ਤਰਾਂ ’ਚ ਝਾੜੂ ਫੇਰਨ ਵਾਲ਼ੀ ਇੱਕ ਔਰਤ ਜੋ ਬੀਬੀ ਮਨਿੰਦਰ ਕੌਰ ਨੂੰ ਕਹਿੰਦੀ ਕਿ ’‘ਜੇ ਹੁਣ ਤੂੰ ਛਿੱਤਰਾਂ ਤੋਂ ਬਚਣਾ ਈ ਤਾਂ ਕਹਿ ਕੀ ਮੈਂ ਅੱਗੇ ਤੋਂ ਕਿਸੇ ਧਰਨੇ ’ਚ ਨਹੀਂ ਜਾਵਾਂਗੀ, ਏਧਰ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵੱਲ ਨਹੀਂ ਆਊਂਗੀ, ਨਾਲ਼ੇ ਆਹ ਮੈਂ ਥੁੱਕਿਆ ਇਹਨੂੰ ਚੱਟ, ਨਹੀਂ ਤਾਂ ਮਾਰ-ਮਾਰ ਕੇ ਜੁੱਤੀਆਂ ਤੇਰਾ ਸਿਰ ਪੋਲਾ ਕਰ‘ਦੂੰ… ।’’
ਭਾਈ ਸੁਖਜੀਤ ਸਿੰਘ ਖੋਸੇ ਤੋਂ ਪੁੱਛ ਕੇ ਵੇਖੋ ਉਸ ਦੀ ਪਤਨੀ ਬੀਬੀ ਰਾਜਵਿੰਦਰ ਕੌਰ ਨੂੰ ਸ਼੍ਰੋਮਣੀ ਕਮੇਟੀ ਦੇ ਲੱਠਮਾਰਾਂ ਨੇ ਕੀ ਕੁਝ ਕਿਹਾ, ਕਿੰਨਾ ਗੰਦ ਬੱਕਿਆ। ਬੀਬੀ ਲਖਵਿੰਦਰ ਕੌਰ ਨੇ ਜੋ ਦੱਸਿਆ ਉਹ ਤਾਂ ਲਿਖਦਿਆਂ-ਸੁਣਦਿਆਂ ਵੀ ਸ਼ਰਮ ਆਉਂਦੀ ਹੈ, ਕਿਵੇਂ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੇ ਉਸ ਬੀਬੀ ਦੇ ਕੱਪੜੇ ਤੱਕ ਪਾੜ ਦਿੱਤੇ ਤੇ ਉਸ ਨੂੰ ਫੜ ਕੇ ਕੁਚੋਲਿਆ।
ਗੁਰੂ ਨਾਨਕ ਪਾਤਸ਼ਾਹ ਜੀ ਦੀ ਸਿੱਖੀ ਦਾ ਤਾਂ ਅਸੂਲ ਹੈ ਕਿ ਸਿੱਖ ਤਾਂ ਆਪਣੇ ਦੁਸ਼ਮਣ ਦੀਆਂ ਔਰਤਾਂ ਉੱਤੇ ਵੀ ਹੱਥ ਨਹੀਂ ਚੁੱਕਦੇ, ਮੰਦਾ ਨਹੀਂ ਬੋਲਦੇ ਪਰ ਸ਼੍ਰੋਮਣੀ ਕਮੇਟੀ ਨੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ-ਸਤਿਕਾਰ ਦੀ ਬਹਾਲੀ ਲਈ ਸੰਘਰਸ਼ ਕਰ ਰਹੀਆਂ ਧਰਮੀ ਬੀਬੀਆਂ ਨੂੰ ਵੀ ਆਪਣੇ ਜ਼ੁਲਮ ਅਤੇ ਤਸ਼ੱਦਦ ਦਾ ਸ਼ਿਕਾਰ ਬਣਾਇਆ ਉਹ ਵੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਬਿਲਕੁਲ ਨੇੜੇ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਵਿੱਚ।
ਗੁਰਬਾਣੀ ਦੇ ਬਚਨ ਹਨ ‘‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨੁ॥’’ ਲੇਕਿਨ ਸਿੰਘਣੀਆਂ ਦੀ ਮਾਰ-ਕੁਟਾਈ ਕਰਕੇ ਸ਼੍ਰੋਮਣੀ ਵੱਲੋਂ ਕੀਤੀ ਇਸ ਕਰਤੂਤ ਉੱਤੇ ਬਾਦਲਾਂ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਚੂੰ ਤੱਕ ਨਾ ਕੀਤੀ ਤੇ ਉਲ਼ਟਾ ਉਸ ਨੇ ਪੰਥ-ਪ੍ਰਸਤ ਗੁਰਸਿੱਖਾਂ ਨੂੰ ਦੁੱਕੀ-ਤਿੱਕੀ, ਕਾਂਗਰਸੀ ਅਤੇ ਬਦਤਮੀਜ਼ ਕਹਿ ਕੇ ਸ਼੍ਰੋਮਣੀ ਕਮੇਟੀ ਅਤੇ ਆਪਣੇ ਆਕਾ ਬਾਦਲਾਂ ਦਾ ਪੱਖ ਪੂਰਿਆ। ਅਫ਼ਸੋਸ ਇਸ ਮਸਲੇ ’ਤੇ ਬਹੁਤੀਆਂ ਸੰਪਰਦਾਵਾਂ ਤੇ ਜਥੇਬੰਦੀਆਂ ਨੇ ਚੁੱਪੀ ਧਾਰੀ ਰੱਖੀ ਤਾਂ ਜੋ ਬਾਦਲਕੇ ਨਾ ਨਰਾਜ਼ ਹੋ ਜਾਣ। ਉਸ ਦਿਨ ਸਿੰਘਣੀਆਂ ਉੱਤੇ ਹੋਏ ਜ਼ੁਲਮ ਤੋਂ ਇਲਾਵਾ ਮੋਰਚੇ ਦੇ ਆਗੂਆਂ, ਸੰਗਤਾਂ, ਪੱਤਰਕਾਰਾਂ, ਬੱਚਿਆਂ ਅਤੇ ਖੁਦ ਮੇਰੇ ਉੱਤੇ ਸ਼੍ਰੋਮਣੀ ਕਮੇਟੀ ਤੇ ਬਾਦਲ ਦਲ ਦੇ ਗੁੰਡੇ-ਬਦਮਾਸ਼ ਮੁਲਾਜ਼ਮਾਂ ਨੇ ਜੋ ਕਹਿਰ ਢਾਹਿਆ ਉਸ ਦਾ ਜ਼ਿਕਰ ਵੱਖਰੇ ਲੇਖਾਂ ’ਚ ਵਿਸਥਾਰ ਸਹਿਤ ਜਲਦ ਕਰਾਂਗਾ।