ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਲੜਨ ਲਈ ਦਿ੍ਰੜ੍ਹ ਹੈ ਬੀਬੀ ਜਗੀਰ ਕੌਰ

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਲੜਨ ਲਈ ਦਿ੍ਰੜ੍ਹ ਹੈ ਬੀਬੀ ਜਗੀਰ ਕੌਰ

ਹਰਜਿੰਦਰ ਸਿੰਘ ਲਾਲ
ਮੁਹਬਤੇਂ ਹੋ ਰਹੀ ਹੈਂ ਜ਼ਖਮੀ ਕਿਸੇ ਖ਼ਬਰ ਹੈ,
ਅਭੀ ਮਸਰੂਫ਼ ਹੈਂ ਰਿਸ਼ਤੇ ਸਾਰੇ ਚੁਨਾਵ ਮੇਂ।
ਇਸ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਦਾ ਰੰਗ-ਢੰਗ ਪਿਛਲੇ ਕਈ ਸਾਲਾਂ ਤੋਂ ਕੁਝ ਵੱਖਰਾ ਹੋਣ ਦੇ ਆਸਾਰ ਬਣਦੇ ਜਾ ਰਹੇ ਹਨ। ਹੁਣ ਤੱਕ ਪ੍ਰਾਪਤ ਸੂਚਨਾਵਾਂ ਅਨੁਸਾਰ ਇਸ ਵਾਰ ਦੀ ਚੋਣ ਵਿਚ ਮੁੱਖ ਮੁਕਾਬਲਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਅਧਿਕਾਰਿਤ ਤੌਰ ’ਤੇ ਖੜ੍ਹੇ ਕੀਤੇ ਜਾਣ ਵਾਲੇ ਉਮੀਦਵਾਰ ਅਤੇ ਅਕਾਲੀ ਦਲ ਦੀ ਹੀ ਨੇਤਾ ਤੇ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦਰਮਿਆਨ ਹੋ ਸਕਦਾ ਹੈ। ਸਾਡੀ ਜਾਣਕਾਰੀ ਅਨੁਸਾਰ ਭਾਵੇਂ ਬੀਬੀ ਜਗੀਰ ਕੌਰ ਇਕ ਵਾਰ ਵੀ ਸੁਖਬੀਰ ਸਿੰਘ ਬਾਦਲ ਦੇ ਖ਼ਿਲਾਫ਼ ਖੁੱਲ੍ਹ ਕੇ ਨਹੀਂ ਬੋਲੇ ਪਰ ਉਹ ਕਰੀਬ ਇਕ ਮਹੀਨੇ ਤੋਂ ਆਪਣੇ ਤੌਰ ’ਤੇ ਹੀ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਨਿੱਜੀ ਤੌਰ ’ਤੇ ਸੰਪਰਕ ਕਰ ਰਹੇ ਹਨ। ਅਸੀਂ ਸਮਝਦੇ ਹਾਂ ਕਿ ਉਨ੍ਹਾਂ ਦੀ ਇਸ ਤਿਆਰੀ ਨੂੰ ਵੇਖਦੇ ਹੋਏ ਹੀ ਅਕਾਲੀ ਹਾਈ ਕਮਾਂਡ ਨੇ ਇਸ ਵਾਰ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਚੋਣ ਨਵੰਬਰ ਦੇ ਸ਼ੁਰੂ ਵਿਚ ਹੀ ਕਰਵਾਉਣ ਦਾ ਫ਼ੈਸਲਾ ਕਰ ਲਿਆ ਹੈ। ਨਹੀਂ ਤਾਂ ਆਮ ਤੌਰ ’ਤੇ ਇਹ ਚੋਣ ਨਵੰਬਰ ਦੇ ਅਖ਼ੀਰ ਵਿਚ ਹੀ ਹੁੰਦੀ ਹੈ। ਇਸ ਦਰਮਿਆਨ ਬੀਬੀ ਜਗੀਰ ਕੌਰ ਨੇ ਪ੍ਰਧਾਨ ਦੀ ਚੋਣ 15 ਦਿਨਾਂ ਲਈ ਅੱਗੇ ਪਾਉਣ ਦੀ ਮੰਗ ਕਰਕੇ ਸਪੱਸ਼ਟ ਸੰਕੇਤ ਦੇ ਦਿੱਤਾ ਹੈ ਕਿ ਉਹ ਇਸ ਵਾਰ ਚੋਣ ਲੜਨ ਲਈ ਗੰਭੀਰ ਹਨ। ਬੀਬੀ ਜਗੀਰ ਕੌਰ ਦਾ ਕਹਿਣਾ ਹੈ ਕਿ 9 ਨਵੰਬਰ ਤੱਕ ਤਾਂ ਕਰੀਬ ਸਵਾ-ਡੇਢ ਦਰਜਨ ਸ਼੍ਰੋਮਣੀ ਕਮੇਟੀ ਮੈਂਬਰ ਦੇਸ਼ ਤੋਂ ਬਾਹਰ ਹਨ, ਉਹ ਵੋਟਾਂ ਪਾਉਣ ਨਹੀਂ ਪਹੁੰਚ ਸਕਣਗੇ ਅਤੇ ਇਨ੍ਹਾਂ ਦਿਨਾਂ ਵਿਚ ਹੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੀ ਵਿਦੇਸ਼ ਦੌਰ ’ਤੇ ਜਾ ਰਹੇ ਹਨ। ਜੇਕਰ ਚੋਣ 15 ਦਿਨ ਅੱਗੇ ਪਾ ਦਿੱਤੀ ਜਾਵੇ ਤਾਂ ਸਾਰੇ ਵੋਟ ਪਾ ਸਕਣਗੇ।
ਪਰ ਸਾਡੀ ਜਾਣਕਾਰੀ ਅਨੁਸਾਰ ਅਕਾਲੀ ਦਲ ਦੇ ਪ੍ਰਧਾਨ ਹੁਣ ਚੋਣ ਅੱਗੇ ਨਹੀਂ ਪਾਉਣਗੇ। ਇਸ ਦਰਮਿਆਨ ਬੀਤੇ ਦਿਨ ਬੀਬੀ ਜਗੀਰ ਕੌਰ ਵਲੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕਰਨ ਦੀ ਵੀ ਸੂਚਨਾ ਹੈ। ਭਾਵੇਂ ਇਸ ਗੱਲ ਦਾ ਪਤਾ ਨਹੀਂ ਲੱਗਾ ਕਿ ਇਹ ਮੁਲਾਕਾਤ ਸੁਖਬੀਰ ਸਿੰਘ ਬਾਦਲ ਦੀ ਪਹਿਲ ’ਤੇ ਹੋਈ ਜਾਂ ਬੀਬੀ ਜਗੀਰ ਕੌਰ ਦੀ। ਪਰ ਇਹ ਸੂਚਨਾਵਾਂ ਜ਼ਰੂਰ ਹਨ ਕਿ ਇਸ ਮੀਟਿੰਗ ਵਿਚ ਬੀਬੀ ਨੇ ਪ੍ਰਧਾਨ ਸੁਖਬੀਰ ਸਿੰਖ ਬਾਦਲ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਚੋਣ ਹਰ ਹਾਲਤ ਵਿਚ ਲੜਨਗੇ। ਬਾਦਲ ਦਲ ਦੇ ਸੂਤਰਾਂ ਦਾ ਕਹਿਣਾ ਹੈ ਕਿ ਬੀਬੀ ਦੀ ਕੋਸ਼ਿਸ਼ ਦਬਾਅ ਬਣਾਉਣ ਦੀ ਸੀ ਕਿ ਸੁਖਬੀਰ ਸਿੰਘ ਬਾਦਲ ਪਾਰਟੀ ਵਿਚ ਫੁੱਟ ਦੇ ਡਰੋਂ ਬੀਬੀ ਜਗੀਰ ਕੌਰ ਨੂੰ ਖ਼ੁਦ ਹੀ ਪ੍ਰਧਾਨਗੀ ਦਾ ਉਮੀਦਵਾਰ ਬਣਾ ਲੈਣ।
ਸਾਡੀ ਜਾਣਕਾਰੀ ਅਨੁਸਾਰ ਸੁਖਬੀਰ ਸਿੰਘ ਬਾਦਲ ਵੀ ਆਪਣੀ ਪਾਰਟੀ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਸੰਪਰਕ ਕਰਕੇ ਉਨ੍ਹਾਂ ਦੀ ਰਾਏ ਲੈ ਰਹੇ ਹਨ। ਕਿਹਾ ਜਾਂਦਾ ਹੈ ਕਿ ਬਹੁਤੇ ਮੈਂਬਰਾਂ ਨੇ ਉਨ੍ਹਾਂ ਨੂੰ ਯਕੀਨ ਦਿਵਾਇਆ ਹੈ ਕਿ ਉਹ ਪਾਰਟੀ ਦੇ ਫ਼ੈਸਲੇ ਨਾਲ ਹੀ ਖੜ੍ਹਨਗੇ। ਇਸ ਦਰਮਿਆਨ ਅਜਿਹੇ ਸੰਕੇਤ ਵੀ ਮਿਲੇ ਹਨ ਕਿ ਅਕਾਲੀ ਦਲ ਦੀ ਹਾਈਕਮਾਂਡ ਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮੌਜੂਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਹੀ ਇਕ ਵਾਰ ਫਿਰ ਪ੍ਰਧਾਨ ਬਣਾਉਣ ਦਾ ਫ਼ੈਸਲਾ ਲੈ ਚੁੱਕੇ ਹਨ, ਕਿਉਂਕਿ ਇਕ ਤਾਂ ਧਾਮੀ ਇਸ ਮੁਸ਼ਕਿਲ ਦੀ ਘੜੀ ਵਿਚ ਵੀ ਪਾਰਟੀ ਅਤੇ ਪ੍ਰਧਾਨ ਦੇ ਵਫ਼ਾਦਾਰ ਰਹੇ ਹਨ, ਦੂਸਰਾ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੇ ਕੰਮ ਵਿਚ ਸੁਧਾਰ ਲਿਆਉਣ ਲਈ ਕਾਫ਼ੀ ਮਿਹਨਤ ਵੀ ਕੀਤੀ ਹੈ ਤੇ ਉਨ੍ਹਾਂ ’ਤੇ ਭਿ੍ਰਸ਼ਟਾਚਾਰ ਆਦਿ ਦੇ ਇਲਜ਼ਾਮ ਵੀ ਨਹੀਂ ਲੱਗੇ। ਫਿਰ ਪਾਰਟੀ ਨੂੰ ਅਜਿਹੀ ਹਾਲਤ ਵਿਚ ਸੰਭਲਣ ਲਈ ਸ਼੍ਰੋਮਣੀ ਕਮੇਟੀ ਦੀ ਸਭ ਤੋਂ ਵੱਧ ਜ਼ਰੂਰਤ ਹੈ। ਸ: ਧਾਮੀ ਅਜਿਹੇ ਪ੍ਰਧਾਨ ਹਨ ਜੋ ਪਾਰਟੀ ਦੇ ਹਿਤਾਂ ਦਾ ਖਿਆਲ ਵੀ ਰੱਖ ਰਹੇ ਹਨ।
ਪਰ ਇਸ ਵਾਰ ਇਕ ਵੱਡਾ ਫ਼ਰਕ ਇਹ ਹੋਣ ਦੇ ਆਸਾਰ ਹਨ ਕਿ ਇਸ ਵਾਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਵੇਲੇ ਕੋਈ ਬੰਦ ਲਿਫ਼ਾਫ਼ਾ ਜਾਂ ਪਰਚੀ ਲਿਖ ਕੇ ਕਿਸੇ ਉਮੀਦਵਾਰ ਦਾ ਐਲਾਨ ਨਹੀਂ ਕਰਨਗੇ, ਸਗੋਂ ਉਹ ਚੋਣ ਤੋਂ ਕੁਝ ਦਿਨ ਪਹਿਲਾਂ ਹੀ ਪਾਰਟੀ ਦੇ ਅਧਿਕਾਰਿਤ ਉਮੀਦਵਾਰ ਦਾ ਨਾਂਅ ਐਲਾਨ ਦੇਣਗੇ।
ਇਸ ਦਰਮਿਆਨ ਇਸ ਗੱਲ ਦੀ ਵੀ ਸੰਭਾਵਨਾ ਹੈ ਕਿ ਬਾਦਲ ਵਿਰੋਧੀ ਅਕਾਲੀ ਦਲਾਂ ਵਿਚੋਂ ਢੀਂਡਸਾ ਗੁੱਟ ਅਤੇ ਭਾਜਪਾ ਦੇ ਨੇੜੇ ਗਏ ਅਕਾਲੀ ਗੁੱਟ ਵੀ ਬੀਬੀ ਜਗੀਰ ਕੌਰ ਦੀ ਮਦਦ ਕਰਨਗੇ। ਹਾਲਾਂਕਿ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਲਾਂਭੇ ਕਰਨ ਦੀ ਲੜਾਈ ਲੜ ਰਹੇ ਮਨਪ੍ਰੀਤ ਸਿੰਘ ਇਆਲੀ ਤੇ ਉਨ੍ਹਾਂ ਦੇ ਸਾਥੀ ਇਸ ਲੜਾਈ ਵਿਚ ਖੁੱਲ੍ਹ ਕੇ ਕੋਈ ਰੋਲ ਅਦਾ ਕਰਦੇ ਦਿਖਾਈ ਨਹੀਂ ਦੇ ਰਹੇ। ਜਦੋਂ ਕਿ ਹੋਰ ਬਾਦਲ ਵਿਰੋਧੀ ਧੜੇ ਅਜੇ ਇਸ ਗੱਲ ਦੀ ਉਡੀਕ ਕਰ ਰਹੇ ਦਿਖਾਈ ਦਿੰਦੇ ਹਨ ਕਿ ਕਿਤੇ ਅੰਤ ਵਿਚ ਸੁਖਬੀਰ ਸਿੰਘ ਬਾਦਲ ਬੀਬੀ ਜਗੀਰ ਕੌਰ ਨੂੰ ਹੀ ਆਪਣਾ ਉਮੀਦਵਾਰ ਨਾ ਬਣਾ ਲੈਣ। ਪਰ ਇਕ ਗੱਲ ਸਪੱਸ਼ਟ ਜਾਪਦੀ ਹੈ ਕਿ ਜੇਕਰ ਬੀਬੀ ਜਗੀਰ ਕੌਰ ਪਾਰਟੀ ਦੇ ਅਧਿਕਾਰਿਤ ਉਮੀਦਵਾਰ ਵਿਰੁੱਧ ਚੋਣ ਲੜੇ ਤਾਂ ਬਹੁਤੇ ਬਾਦਲ ਵਿਰੋਧੀ ਉਨ੍ਹਾਂ ਦਾ ਸਾਥ ਦੇਣਗੇ। ਪਰ ਦੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਕਿ ਉਹ ਬਾਦਲ ਦਲ ਜਿਸ ਦਾ ਸ਼੍ਰੋਮਣੀ ਕਮੇਟੀ ਵਿਚ ਸਪੱਸ਼ਟ ਬਹੁਮਤ ਹੈ, ਵਿਚੋਂ ਕਿੰਨੇ ਕੁ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਉਹ ਆਪਣੇ ਨਾਲ ਜੋੜਨ ਵਿਚ ਕਾਮਯਾਬ ਹੁੰਦੇ ਹਨ।
ਹਿਮਾਚਲ, ਗੁਜਰਾਤ ਚੋਣਾਂ ਤੇ ‘ਆਪ’ : ਅਸੀਂ ਸਮਝਦੇ ਹਾਂ ਕਿ ਹਿਮਾਚਲ ਪ੍ਰਦੇਸ਼ ਤੇ ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਦੇਸ਼ ਦੀ ਰਾਜਨੀਤੀ ਦੀ ਦਿਸ਼ਾ ਤਹਿ ਕਰਨ ਵਿਚ ਵੱਡਾ ਰੋਲ ਅਦਾ ਕਰਨਗੇ। ਇਹ ਨਤੀਜੇ ਭਾਜਪਾ ਤੇ ਕਾਂਗਰਸ ਦੇ ਭਵਿੱਖ ਬਾਰੇ ਵੀ ਕਈ ਸੰਕੇਤ ਦੇਣਗੇ। ਪਰ ਇਹ ਨਤੀਜੇ ਆਮ ਆਦਮੀ ਪਾਰਟੀ ’ਤੇ ਸਭ ਤੋਂ ਵੱਧ ਅਸਰ-ਅੰਦਾਜ਼ ਹੋਣਗੇ। ਰਾਜਨੀਤੀ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਇਨ੍ਹਾਂ ਦੋਵਾਂ ਪ੍ਰਦੇਸ਼ਾਂ ਵਿਚ ਆਮ ਆਦਮੀ ਪਾਰਟੀ ਬਹੁਤ ਪਿੱਛੇ ਰਹੀ ਤਾਂ ਇਸ ਦਾ ਸਭ ਤੋਂ ਵੱਧ ਫ਼ਾਇਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੋਵੇਗਾ ਤੇ ਉਹ ਹਾਈ ਕਮਾਂਡ ਦੇ ਦਬਾਅ ਤੋਂ ਕਾਫ਼ੀ ਹੱਦ ਤੱਕ ਨਿਜਾਤ ਹਾਸਿਲ ਕਰ ਲੈਣਗੇ। ਅਜਿਹੀ ਹਾਲਤ ਵਿਚ ਪੰਜਾਬ ਦੇ ‘ਆਪ’ ਵਿਧਾਇਕ ਵੀ ਵੱਡੇ ਪੱਧਰ ’ਤੇ ਭਗਵੰਤ ਮਾਨ ਨਾਲ ਜੁੜਨਗੇ। ਪਰ ਜੇਕਰ ਇਨ੍ਹਾਂ ਚੋਣਾਂ ਵਿਚ ਆਮ ਆਦਮੀ ਪਾਰਟੀ ਕੋਈ ਵੱਡਾ ਕਿ੍ਰਸ਼ਮਾ ਦਿਖਾ ਸਕੀ ਤੇ ਉਹ ਉਪਰੋਕਤ ਕਿਸੇ ਵੀ ਪ੍ਰਦੇਸ਼ ਵਿਚ ਦੂਸਰੇ ਨੰਬਰ ’ਤੇ ਵੀ ਆ ਸਕੀ ਤਾਂ ਫਿਰ ਪੰਜਾਬ ਵਿਚ ਆਮ ਆਦਮੀ ਪਾਰਟੀ ਹਾਈ ਕਮਾਂਡ ਦੀ ਪਕੜ ਹੋਰ ਵੀ ਪੀਡੀ ਹੋ ਜਾਵੇਗੀ।
ਪਰ ਹੈਰਾਨੀ ਦੀ ਗੱਲ ਹੈ ਕਿ ਆਮ ਆਦਮੀ ਪਾਰਟੀ ਜੋ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਚੋਣ ਮੈਦਾਨ ਵਿਚ ਬੜੇ ਜ਼ੋਰ-ਸ਼ੋਰ ਨਾਲ ਉੱਤਰੀ ਸੀ। ਹੁਣ ਹਿਮਾਚਲ ਵਿਚ ਓਨਾ ਜ਼ੋਰ ਨਹੀਂ ਲਾ ਰਹੀ। ਸਗੋਂ ਉਸ ਦਾ ਸਾਰਾ ਜ਼ੋਰ ਗੁਜਰਾਤ ਵਿਚ ਲੱਗਾ ਹੋਇਆ ਹੈ। ਪੰਜਾਬ ਦੇ ਵਿਧਾਇਕਾਂ ਤੇ ਚੇਅਰਮੈਨਾਂ ਨੂੰ ਗੁਜਰਾਤ ਵਿਚ ਚੋਣ ਪ੍ਰਚਾਰ ਕਰਨ ਲਈ ਭੇਜਿਆ ਜਾ ਰਿਹਾ ਹੈ। ‘ਆਪ’ ਵਿਰੋਧੀ ਇਹ ਇਲਜ਼ਾਮ ਵੀ ਲਾ ਰਹੇ ਹਨ ਕਿ ਪੰਜਾਬ ਸਰਕਾਰ 8 ਤੋਂ 10 ਸੀਟਾਂ ਦਾ ਜਹਾਜ਼ ਵੀ ਭਾੜੇ ’ਤੇ ਗੁਜਰਾਤ ਚੋਣਾਂ ਵਿਚ ਵਰਤਣ ਲਈ ਹੀ ਲੈ ਰਹੀ ਹੈ। ਕੁਝ ‘ਆਪ’ ਵਿਰੋਧੀ ਇਹ ਇਲਜ਼ਾਮ ਵੀ ਲਾ ਰਹੇ ਹਨ ਕਿ ‘ਆਪ’ ਸਿਰਫ਼ ਵਿਰੋਧੀ ਵੋਟਾਂ ਵੰਡਣ ਲਈ ਅਤੇ ਭਾਜਪਾ ਨੂੰ ਫ਼ਾਇਦਾ ਪਹੁੰਚਾਉਣ ਲਈ ਹੀ ਸਾਰੀ ਰਣਨੀਤੀ ਘੜ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ‘ਆਪ’ ਨੇ ਹਿਮਾਚਲ ਦੀ ਥਾਂ ਗੁਜਰਾਤ ਵਿਚ ਚੋਣ ਪ੍ਰਚਾਰ ਇਸ ਲਈ ਜ਼ਿਆਦਾ ਤੇਜ਼ ਕੀਤਾ ਹੈ, ਕਿਉਂਕਿ ਭਾਜਪਾ ਲਈ ਗੁਜਰਾਤ, ਹਿਮਾਚਲ ਨਾਲੋਂ ਕਿਤੇ ਵੱਧ ਮਹੱਤਵ ਰੱਖਦਾ ਹੈ। ਪਰ ਆਮ ਆਦਮੀ ਪਾਰਟੀ ਦੇ ਨੇਤਾ ਇਨ੍ਹਾਂ ਇਲਜ਼ਾਮਾਂ ਨੂੰ ਬਿਲਕੁਲ ਗ਼ਲਤ ਦੱਸਦੇ ਹਨ ਤੇ ਉਹ ਤਾਂ ਇਹ ਦਾਅਵਾ ਵੀ ਕਰਦੇ ਹਨ ਕਿ ਗੁਜਰਾਤ ਦੇ ਲੋਕ ਵੀ ਪੰਜਾਬ ਵਾਂਗ ਹੁਕਮਰਾਨ ਪਾਰਟੀ ਭਾਜਪਾ ਅਤੇ ਮੁੱਖ ਵਿਰੋਧੀ ਧਿਰ ਕਾਂਗਰਸ ਦੋਵਾਂ ਤੋਂ ਪ੍ਰੇਸ਼ਾਨ ਹੋ ਚੁੱਕੇ ਹਨ ਤੇ ਇਸ ਵਾਰ ਉਹ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਨੂੰ ਮੌਕਾ ਦੇਣ ਲਈ ਤਿਆਰ ਬੈਠੇ ਹਨ। ਪਰ ਇਹ ਸਵਾਲ ਸਚਮੁੱਚ ਬਹੁਤ ਦਿਲਚਸਪ ਹੈ ਕਿ ਆਮ ਆਦਮੀ ਪਾਰਟੀ ਨੇ ਇਕਦਮ ਹਿਮਾਚਲ ਜਿਥੇ ਪੰਜਾਬ ਦਾ ਗੁਆਂਢੀ ਹੋਣ ਕਰਕੇ ਉਨ੍ਹਾਂ ਲਈ ਲੜਨਾ ਜ਼ਿਆਦਾ ਸੌਖਾ ਹੋ ਸਕਦਾ ਸੀ, ਵਿਚ ਦਿਲਚਸਪੀ ਘਟਾ ਕੇ ਉਨ੍ਹਾਂ ਨੇ ਬਹੁਤਾ ਜ਼ੋਰ ਗੁਜਰਾਤ ਵਿਚ ਲਾਉਣ ਦਾ ਫ਼ੈਸਲਾ ਕਿਉਂ ਕੀਤਾ ਹੈ?