ਪੱਕਾ ਮੋਰਚਾ: ਪ੍ਰਸ਼ਾਸਨ ਵੱਲੋਂ ਕਿਸਾਨਾਂ ਨਾਲ ਮੀਟਿੰਗ ਦੇ ਦੋ ਗੇੜ

ਪੱਕਾ ਮੋਰਚਾ: ਪ੍ਰਸ਼ਾਸਨ ਵੱਲੋਂ ਕਿਸਾਨਾਂ ਨਾਲ ਮੀਟਿੰਗ ਦੇ ਦੋ ਗੇੜ

ਮੀਟਿੰਗਾਂ ਦੀ ਰਿਪੋਰਟ ਸਰਕਾਰ ਨੂੰ ਭੇਜੀ; ਮਸਲਾ ਜਿਉਂ ਦਾ ਤਿਉਂ ਬਰਕਰਾਰ
ਸੰਗਰੂਰ-ਦੀਵਾਲੀ ਦੇ ਤਿਉਹਾਰ ਅਤੇ ਝੋਨੇ ਦੇ ਸੀਜ਼ਨ ਦੇ ਬਾਵਜੂਦ ਕਿਸਾਨਾਂ ਵੱਲੋਂ ਮੁੱਖ ਮੰਤਰੀ ਦੀ ਰਿਹਾਇਸ਼ੀ ਕਲੋਨੀ ਦੇ ਮੁੱਖ ਗੇਟ ਦਾ ਘਿਰਾਓ ਲਗਾਤਾਰ ਜਾਰੀ ਹੈ। ਪਿਛਲੇ ਦੋ ਹਫ਼ਤਿਆਂ ਤੋਂ ਹਜ਼ਾਰਾਂ ਕਿਸਾਨ ਅਣਮਿਥੇ ਸਮੇਂ ਲਈ ਚੱਲ ਰਹੇ ਪੱਕੇ ਮੋਰਚੇ ’ਤੇ ਡਟੇ ਹੋਏ ਹਨ। ਜਾਣਕਾਰੀ ਅਨੁਸਾਰ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭਾਕਿਯੂ ਏਕਤਾ ਉਗਰਾਹਾਂ ਦੀ ਸੂਬਾਈ ਟੀਮ ਨਾਲ ਦੋ ਗੇੜ ’ਚ ਮੀਟਿੰਗ ਕੀਤੀ। ਪਹਿਲੀ ਮੀਟਿੰਗ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਹੇਠ ਪੰਜ ਮੈਂਬਰੀ ਸੂਬਾਈ ਵਫ਼ਦ ਦੀ ਮੀਟਿੰਗ ਡੀਸੀ ਜਤਿੰਦਰ ਜ਼ੋਰਵਾਲ ਤੇ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਨਾਲ ਹੋਈ। ਇਸ ਮਗਰੋਂ ਜਥੇਬੰਦੀ ਵੱਲੋਂ ਪ੍ਰਸ਼ਾਸਨ ਦਾ ਪੱਖ ਸੁਣਨ ਮਗਰੋਂ ਸੂਬਾਈ ਕਮੇਟੀ ਨਾਲ ਮੀਟਿੰਗ ਕਰਕੇ ਵਿਚਾਰ ਵਿਟਾਂਦਰਾ ਕੀਤਾ ਗਿਆ। ਬਾਅਦ ਦੁਪਹਿਰ ਫ਼ਿਰ ਜ਼ਿਲ੍ਹਾ ਪ੍ਰਸ਼ਾਸਨ ਨਾਲ ਜਥੇਬੰਦੀ ਦੀ ਮੀਟਿੰਗ ਹੋਈ। ਜਾਣਕਾਰੀ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦੋਵੇਂ ਮੀਟਿੰਗਾਂ ਦੀ ਰਿਪੋਰਟ ਪੰਜਾਬ ਸਰਕਾਰ ਨੂੰ ਭੇਜ ਦਿੱਤੀ ਗਈ ਹੈ। ਪੰਜਾਬ ਸਰਕਾਰ ਵੱਲੋਂ ਹਾਲੇ ਤੱਕ ਪੱਕੇ ਮੋਰਚੇ ਦੌਰਾਨ ਜਾਨਾਂ ਗੁਆਉਣ ਵਾਲੇ ਤੇ ਜਥੇਬੰਦੀ ਵੱਲੋਂ ਸ਼ਹੀਦ ਐਲਾਨੇ ਗਏ ਦੋਵੇਂ ਕਿਸਾਨਾਂ ਸਬੰਧੀ ਰੱਖੀਆਂ ਗਈਆਂ ਮੰਗਾਂ ਪ੍ਰਵਾਨ ਨਾਲ ਕਰਨ ਕਰਕੇ ਅੱਜ ਵੀ ਦੋਵਾਂ ਦਾ ਸਸਕਾਰ ਨਹੀਂ ਕੀਤਾ ਗਿਆ। ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਰਾਮ ਸਿੰਘ ਭੈਣੀਬਾਘਾ, ਮਹਿਲਾ ਆਗੂ ਬਿੰਦਰਪਾਲ ਕੌਰ ਬਰਨਾਲਾ, ਬਹਾਦਰ ਸਿੰਘ ਭੂਟਾਲ, ਮਲਕੀਤ ਸਿੰਘ ਗੱਗੜ ਸ੍ਰੀ ਮੁਕਤਸਰ ਸਾਹਿਬ ਅਤੇ ਮਨਪ੍ਰੀਤ ਸਿੰਘ ਬਰਨਾਲਾ ਨੇ ਕਿਹਾ ਕਿ 14 ਦਿਨਾਂ ਤੋਂ ਪੰਜਾਬ ਭਰ ਦੇ ਕਿਸਾਨ ਮੁੱਖ ਮੰਤਰੀ ਦੀ ਕੋਠੀ ਅੱਗੇ ਮੰਨੀਆਂ ਮੰਗਾਂ ਲਾਗੂ ਕਰਾਉਣ ਲਈ ਬੈਠੇ ਹਨ ਤੇ ਇਸ ਦੌਰਾਨ ਗੁਰਚਰਨ ਸਿੰਘ ਬਖੋਰਾ ਕਲਾਂ ਤੇ ਕਰਨੈਲ ਸਿੰਘ ਅਕੋਈ ਸਾਹਿਬ ਸ਼ਹੀਦ ਹੋ ਗਏ ਹਨ, ਪਰ ਹਾਲੇ ਵੀ ਸਰਕਾਰ ਨੇ ਆਪਣੀ ਚੁੱਪ ਨਹੀਂ ਤੋੜੀ ਹੈ।

ਉਨ੍ਹਾਂ ਕਿਹਾ ਕਿ ਭਾਵੇਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਅੱਜ ਦੋ ਮੀਟਿੰਗਾਂ ਹੋਈਆਂ ਹਨ, ਪਰ ਹਾਲੇ ਸਰਕਾਰ ਵੱਲੋਂ ਕੋਈ ਜਵਾਬ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮੰਗਾਂ ਦਾ ਹੱਲ ਨਹੀਂ ਹੁੰਦਾ, ਉਦੋਂ ਤੱਕ ਘਿਰਾਓ ਅਤੇ ਪੱਕਾ ਮੋਰਚਾ ਜਾਰੀ ਰਹੇਗਾ। ਅੱਜ ਮੰਚ ਤੋਂ ਸ਼ਹੀਦ ਭਗਤ ਸਿੰਘ ਕਲਾ ਮੰਚ ਚੜਿੱਕ ਦੀ ਟੀਮ ਨੇ ਇਨਕਲਾਬੀ ਨਾਟਕ ‘ਭਟਕਦੇ ਪਰਿੰਦੇ’ ਖੇਡਿਆ।