ਸ਼ੀ ਜਿਨਪਿੰਗ ਰਿਕਾਰਡ ਤੀਜੀ ਵਾਰ ‘ਕਮਿਊਨਿਸਟ ਪਾਰਟੀ ਆਫ ਚਾਈਨਾ ਦੇ ਜਨਰਲ ਸਕੱਤਰ ਚੁਣੇ

ਸ਼ੀ ਜਿਨਪਿੰਗ ਰਿਕਾਰਡ ਤੀਜੀ ਵਾਰ ‘ਕਮਿਊਨਿਸਟ ਪਾਰਟੀ ਆਫ ਚਾਈਨਾ ਦੇ ਜਨਰਲ ਸਕੱਤਰ ਚੁਣੇ

ਪੇਈਚਿੰਗ-ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਅੱਜ ਰਿਕਾਰਡ ਤੀਜੀ ਵਾਰ ਕਮਿਊਨਿਸਟ ਪਾਰਟੀ ਆਫ ਚਾਇਨਾ (ਸੀਪੀਸੀ) ਦਾ ਜਨਰਲ ਸਕੱਤਰ ਚੁਣਿਆ ਗਿਆ। ਉਨ੍ਹਾਂ ਦਾ ਕਾਰਜਕਾਲ ਪੰਜ ਸਾਲਾਂ ਦਾ ਹੋਵੇਗਾ। ਪਾਰਟੀ ਦੇ ਸੰਸਥਾਪਕ ਮਾਓ ਜ਼ੇ-ਤੁੰਗ ਤੋਂ ਬਾਅਦ ਉਹ ਤੀਜੀ ਵਾਰ ਇਸ ਅਹੁਦੇ ਲਈ ਚੁਣੇ ਜਾਣ ਵਾਲੇ ਪਹਿਲੇ ਚੀਨੀ ਨੇਤਾ ਹਨ। ਜਿਨਪਿੰਗ (69) ਨੂੰ ਇੱਕ ਦਿਨ ਪਹਿਲਾਂ ਸੀਪੀਸੀ ਦੀ ਜਨਰਲ ਕਾਨਫਰੰਸ (ਕਾਂਗਰਸ) ਵਿੱਚ ਸ਼ਕਤੀਸ਼ਾਲੀ ਕੇਂਦਰੀ ਕਮੇਟੀ ਲਈ ਚੁਣਿਆ ਗਿਆ ਸੀ, ਭਾਵੇਂਕਿ ਉਹ 68 ਸਾਲ ਦੀ ਅਧਿਕਾਰਤ ਸੇਵਾਮੁਕਤੀ ਦੀ ਉਮਰ ਨੂੰ ਪਾਰ ਕਰ ਚੁੱਕੇ ਹਨ ਅਤੇ ਉਨ੍ਹਾਂ ਦਾ 10 ਸਾਲਾਂ ਦਾ ਕਾਰਜਕਾਲ ਖਤਮ ਹੋ ਗਿਆ ਹੈ। ਪਾਰਟੀ ਦੇ ਨੰਬਰ ਦੋ ਨੇਤਾ ਅਤੇ ਪ੍ਰਧਾਨ ਮੰਤਰੀ ਲੀ ਕਿੰਗ ਸਮੇਤ ਜ਼ਿਆਦਾਤਰ ਸੀਨੀਅਰ ਨੇਤਾ ਜਾਂ ਤਾਂ ਸੇਵਾਮੁਕਤ ਹੋ ਗਏ ਹਨ ਜਾਂ ਕੇਂਦਰੀ ਕਮੇਟੀ ਵਿਚ ਜਗ੍ਹਾ ਬਣਾਉਣ ਵਿਚ ਅਸਮਰੱਥ ਰਹੇ ਹਨ, ਜਿਸ ਨਾਲ ਚੀਨੀ ਰਾਜਨੀਤੀ ਅਤੇ ਸਰਕਾਰ ਵਿਚ ਵੱਡੀ ਉਥਲ-ਪੁਥਲ ਹੋਈ ਹੈ। ਪੰਜ ਸਾਲਾਂ ਵਿੱਚ ਇੱਕ ਵਾਰ ਹੋਣ ਵਾਲੀ ਜਨਰਲ ਕਾਨਫ਼ਰੰਸ ਵਿੱਚ ਅੱਜ 25 ਮੈਂਬਰੀ ‘ਪੋਲਿਟੀਕਲ ਬਿਊਰੋ’ ਦੀ ਚੋਣ ਹੋਈ, ਜਿਸ ਨੇ ਦੇਸ਼ ਦਾ ਰਾਜ ਚਲਾਉਣ ਲਈ ਸਥਾਈ ਕਮੇਟੀ ਮੈਂਬਰਾਂ ਦੀ ਚੋਣ ਕੀਤੀ। ਜਨਰਲ ਸਕੱਤਰ ਚੁਣੇ ਜਾਣ ਤੋਂ ਤੁਰੰਤ ਬਾਅਦ ਜਿਨਪਿੰਗ ਨਵੀਂ ਚੁਣੀ ਗਈ ਸਟੈਂਡਿੰਗ ਕਮੇਟੀ ਦੇ ਨਾਲ ਇੱਥੇ ਮੀਡੀਆ ਨੂੰ ਮੁਖਾਤਿਬ ਵੀ ਹੋਏ।